Breaking
Mon. Jul 13th, 2026

ਫ਼ਿਲਮ ‘ਸਤਲੁਜ’ ‘ਤੇ ਪਾਬੰਦੀ ਲਗਾ ਕੇ ਸੱਚ ਦਬਾਉਣ ਦੀ ਕੋਸ਼ਿਸ਼ ਇੱਕ ਘਿਨਾਉਣੀ ਹਰਕਤ : ਬਲਜਿੰਦਰ ਸਿੰਘ ਖ਼ਾਲਸਾ

ਸਤਲੁਜ

ਇਤਿਹਾਸ ਦੇ ਪੰਨਿਆਂ ਨੂੰ ਮਿਟਾਇਆ ਨਹੀਂ ਜਾ ਸਕਦਾ

ਹੁਸ਼ਿਆਰਪੁਰ, 12 ਜੁਲਾਈ (ਤਰਸੇਮ ਦੀਵਾਨਾ) – ਪੰਜਾਬ ਦੇ ਕਾਲੇ ਦੌਰ ਦੌਰਾਨ ਹੋਏ ਸਰਕਾਰੀ ਜ਼ੁਲਮਾਂ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਸੱਚਾਈ ਬਿਆਨ ਕਰਦੀ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ ‘ਤੇ ਆਧਾਰਿਤ ਫ਼ਿਲਮ ‘ਸਤਲੁਜ’ ਨੂੰ ‘ਜੀ ਨੈੱਟਵਰਕ’ ਤੋਂ ਮਨਮਾਨੇ ਢੰਗ ਨਾਲ ਹਟਾਏ ਜਾਣ ਅਤੇ ਇਸ ‘ਤੇ ਪਾਬੰਦੀ ਲਗਾਉਣ ਦੀ ਦਲ ਖ਼ਾਲਸਾ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖ਼ਾਲਸਾ ਦੇ ਜ਼ਿਲ੍ਹਾ ਪ੍ਰਧਾਨ ਭਾਈ ਬਲਜਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਅਜਿਹੇ ਤਾਨਾਸ਼ਾਹੀ ਕਦਮ ਸੱਚਾਈ ਸਾਹਮਣੇ ਲਿਆਉਣ ਵਾਲੀਆਂ ਆਵਾਜ਼ਾਂ ਨੂੰ ਜ਼ਬਰਦਸਤੀ ਚੁੱਪ ਕਰਾਉਣ ਦੀ ਨਾਕਾਮ ਕੋਸ਼ਿਸ਼ ਅਤੇ ਇੱਕ ਬੇਹੱਦ ਘਿਨਾਉਣੀ ਹਰਕਤ ਹੈ।

ਭਾਈ ਬਲਜਿੰਦਰ ਸਿੰਘ ਖ਼ਾਲਸਾ ਨੇ ਇਤਿਹਾਸ ਦੇ ਪੰਨੇ ਫਰੋਲਦਿਆਂ ਕਿਹਾ ਕਿ 1984 ਤੋਂ ਬਾਅਦ ਪੰਜਾਬ ਦੀ ਧਰਤੀ ‘ਤੇ ਪੁਲਿਸ ਨੇ ਹਜ਼ਾਰਾਂ ਬੇਗੁਨਾਹ ਸਿੱਖ ਨੌਜੁਆਨਾਂ ਨੂੰ ਅੰਨ੍ਹੇ ਤਸ਼ੱਦਦ ਦਾ ਸ਼ਿਕਾਰ ਬਣਾ ਕੇ ਸ਼ਹੀਦ ਕੀਤਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ‘ਲਾਵਾਰਿਸ’ ਕਰਾਰ ਦੇ ਕੇ ਸ਼ਮਸ਼ਾਨਘਾਟਾਂ ਵਿੱਚ ਸਾੜ ਦਿੱਤਾ। ਇਸ ਭਿਆਨਕ ਅਤੇ ਦਰਦਨਾਕ ਦੌਰ ਦੇ ਸੱਚ ਨੂੰ ਦੁਨੀਆਂ ਦੇ ਨਕਸ਼ੇ ‘ਤੇ ਲਿਆਉਣ ਲਈ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣਾ ਸਾਰਾ ਜੀਵਨ ਅਤੇ ਪ੍ਰਾਣ ਨਿਛਾਵਰ ਕਰ ਦਿੱਤੇ। ਉਨ੍ਹਾਂ ਦੇ ਇਸ ਅਦੁੱਤੀ ਕਾਰਜ ਸਦਕਾ ਹੀ ਹਜ਼ਾਰਾਂ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੀ ਆਸ ਬੱਝੀ ਸੀ, ਜਿਸ ਨੂੰ ਅੱਜ ਫ਼ਿਲਮੀ ਪਰਦੇ ਰਾਹੀਂ ਸੰਗਤਾਂ ਸਾਹਮਣੇ ਲਿਆਂਦਾ ਜਾ ਰਿਹਾ ਸੀ।

ਸਿੱਖਾਂ ‘ਤੇ ਹੋਏ ਸਰਕਾਰੀ ਅੱਤਿਆਚਾਰ ਨੂੰ ਲੁਕਾਉਣ ਦੇ ਯਤਨ ਕਦੇ ਵੀ ਸਫ਼ਲ ਨਹੀਂ ਹੋ ਸਕਦੇ

ਉਨ੍ਹਾਂ ਸਰਕਾਰਾਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਿੱਖਾਂ ‘ਤੇ ਹੋਏ ਸਰਕਾਰੀ ਅੱਤਿਆਚਾਰ ਨੂੰ ਲੁਕਾਉਣ ਦੇ ਯਤਨ ਕਦੇ ਵੀ ਸਫ਼ਲ ਨਹੀਂ ਹੋ ਸਕਦੇ। ਜਿਨ੍ਹਾਂ ਨੌਜੁਆਨਾਂ ਨੂੰ ਲਾਵਾਰਿਸ ਕਹਿ ਕੇ ਸਾੜਿਆ ਗਿਆ ਸੀ, ਉਨ੍ਹਾਂ ਕੇਸਾਂ ਵਿੱਚ ਅੱਜ ਮਾਨਯੋਗ ਅਦਾਲਤਾਂ ਵੱਲੋਂ ਉਸ ਵੇਲੇ ਦੇ ਕਈ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਅਤੇ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ। ਜਦੋਂ ਦੇਸ਼ ਦੀਆਂ ਅਦਾਲਤਾਂ ਖ਼ੁਦ ਇਸ ਜ਼ੁਲਮ ਨੂੰ ਸੱਚ ਮੰਨ ਕੇ ਫੈਸਲੇ ਸੁਣਾ ਰਹੀਆਂ ਹਨ, ਤਾਂ ਫਿਰ ਕੋਈ ਇਸ ਇਤਿਹਾਸਕ ਸੱਚਾਈ ਤੋਂ ਕਿਵੇਂ ਮੂੰਹ ਮੋੜ ਸਕਦਾ ਹੈ? ਕਿਸੇ ਵੀ ਪਾਬੰਦੀ ਰਾਹੀਂ ਇਸ ਸੱਚ ਨੂੰ ਹੁਣ ਦਬਾਇਆ ਨਹੀਂ ਜਾ ਸਕਦਾ। ਦਲ ਖ਼ਾਲਸਾ ਦੇ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਣੇ ਦੁਨੀਆਂ ਭਰ ਦੇ ਇਨਸਾਫ਼ ਪਸੰਦ ਲੋਕਾਂ ਨੂੰ ਆਪਣੇ ਇਤਿਹਾਸ ਨੂੰ ਜਾਣਨ, ਸਮਝਣ ਤੇ ਉਸ ਤੋਂ ਸਿੱਖਣ ਦਾ ਪੂਰਾ ਅਧਿਕਾਰ ਹੈ।

ਇੱਕ ਪਾਸੇ ਦੇਸ਼ ਵਿੱਚ ਲੋਕਤੰਤਰ ਅਤੇ ਵਿਚਾਰਾਂ ਦੀ ਆਜ਼ਾਦੀ ਦਾ ਢੰਡੋਰਾ ਪਿੱਟਿਆ ਜਾਂਦਾ ਹੈ, ਪਰ ਦੂਜੇ ਪਾਸੇ ਇਤਿਹਾਸਕ ਤੱਥਾਂ ਅਤੇ ਸਮਾਜਿਕ ਸੱਚਾਈ ਨੂੰ ਸਾਹਮਣੇ ਰੱਖਣ ਵਾਲੀਆਂ ਰਚਨਾਵਾਂ ‘ਤੇ ਅਣਐਲਾਨੀ ਸੈਂਸਰਸ਼ਿਪ ਲਗਾ ਦਿੱਤੀ ਜਾਂਦੀ ਹੈ। ​ਅਖੀਰ ਵਿੱਚ ਭਾਈ ਬਲਜਿੰਦਰ ਸਿੰਘ ਖ਼ਾਲਸਾ ਨੇ ਪੁਰਜ਼ੋਰ ਮੰਗ ਕੀਤੀ ਕਿ ਫ਼ਿਲਮ ‘ਸਤਲੁਜ’ ਤੋਂ ਤੁਰੰਤ ਪਾਬੰਦੀ ਹਟਾਈ ਜਾਵੇ, ਕਿਉਂਕਿ ਭਾਈ ਖਾਲੜਾ ਦੀ ਕੁਰਬਾਨੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸਦਾ ਪ੍ਰੇਰਨਾ ਸਰੋਤ ਰਹੇਗੀ। ਇਸ ਇਤਿਹਾਸਕ ਦਸਤਾਵੇਜ਼ ਨੂੰ ਸੰਸਾਰ ਭਰ ਵਿੱਚ ਖੁੱਲ੍ਹੇ ਮਨ ਨਾਲ ਦੇਖਣ ਅਤੇ ਵਿਚਾਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ, ਕਿਉਂਕਿ ਸੱਚ ਨੂੰ ਦਬਾਉਣ ਵਾਲੇ ਹਮੇਸ਼ਾ ਇਤਿਹਾਸ ਦੀ ਕੂੜੇਦਾਨੀ ਵਿੱਚ ਗੁਆਚ ਜਾਂਦੇ ਹਨ।

By admin

Related Post