Breaking
Sun. Jul 12th, 2026

‘ਸਤਲੁਜ’ ਫਿਲਮ ਪੰਜਾਬ ਦੇ ਖੇਤਾਂ ਵਿੱਚ ਵੀ ਰੀਲੀਜ ਹੋ ਗਈ

ਸਤਲੁਜ

‘ਸਤਲੁਜ’ ਫਿਲਮ ਬਾਰੇ

‘ਸਤਲੁਜ’ ਫਿਲਮ ਦਾ ਵਿਵਾਦ ਪੂਰੇ ਜੋਰਾਂ ਤੇ ਹੈ। ਸਾਰਾ ਪੰਜਾਬ ਅੱਜ ਇਸ ‘ਸਤਲੁਜ’ ਫਿਲਮ ਅਤੇ ਦਿਲਜੀਤ ਦੁਸਾਂਝ ਦੇ ਹੱਕ ਵਿੱਚ ਹੈ। ਇਥੋਂ ਤੱਕ ਕਿ ਹਿੰਦੂ ਧਰਮ ਨਾਲ ਸਬੰਧਤ ਬਹੁੱਤ ਸਾਰੀਆਂ ਔਰਤਾਂ, ਭੈਣਾਂ ਤੇ ਵੀਰ ਵੀ ‘ਸਤਲੁਜ’ ਫਿਲਮ ਤੇ ਬੈਨ ਹੋਣ ਦੀ ਨਿਖੇਧੀ ਕਰ ਰਹੇ ਹਨ। ਇਹ ਫਿਲਮ 1984 ਦੇ ਦੁਖਾਂਤ ਨੂੰ ਬਿਆਨ ਕਰਦੀ ਹੈ। ਇਸ ਫਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਹਨੀ ਤਰਿਹਾਨ ਹਨ। ਇਹ ਫਿਲਮ ਆਰ.ਐਸ.ਵੀ.ਪੀ. ਮੂਵੀਜ ਅਤੇ ਮੈਕ ਗਫਿਨ ਪਿਕਚਰ ਦੇ ਬੈਨਰ ਹੇਠ ਬਣੀ ਹੈ। ਮੇਨ ਰੋਲ ਦਿਲਜੀਤ ਦੋਸਾਂਝ ਦਾ ਹੈ, ਉਸ ਨੇ ਇਸ ਫਿਲਮ ਵਿੱਚ ਕੰਮ ਕਰਨ ਲਈ ਕੋਈ ਪੈਸਾ ਨਹੀਂ ਲਿਆ। ਇਹ ਫਿਲਮ ਹਿਊਮਨ ਰਾਈਟਸ ਐਕਟੀਵਿਸਟ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ‘ਤੇ ਆਧਾਰਿਤ ਹੈ।

ਸਤਲੁਜ

ਫਿਲਮ ਦਾ ਪਹਿਲਾ ਨਾਮ ‘ਘੱਲੂ-ਘਾਰਾ’ ਰੱਖਿਆ ਗਿਆ। ਫਿਰ ‘ਪੰਜਾਬ 95’ ਅਤੇ ਹੁਣ ‘ਸਤਲੁਜ’। ਸੰਨ 2022 ‘ਚ ਇਹ ਫਿਲਮ CBFC (ਪੰਜਾਬੀ ‘ਚ ਇਸ ਨੂੰ “ਕੇਂਦਰੀ ਫਿਲਮ ਪ੍ਰਮਾਣੀਕਰਨ ਬੋਰਡ” ਕਹਿੰਦੇ ਹਨ) ਕੋਲ ਗਈ। CBFC ਨੇ ਪਹਿਲਾਂ ਥੀਏਟਰ ਲਈ ਕਰੀਬ 100 ਤੋਂ 127 ਕੱਟ ਅਤੇ ਟਾਈਟਲ ਬਦਲਣ ਲਈ ਕਿਹਾ ਸੀ। ਮੇਕਰਸ ਨੇ ਉਹ ਕੱਟ ਨਹੀਂ ਲਗਾਏ, ਟਾਈਟਲ ਬਦਲ ਦਿੱਤਾ ਸੀ। ਜੇਕਰ ਇੰਨ੍ਹੇ ਕੱਟ ਲਗਾ ਦਿੱਤੇ ਜਾਂਦੇ ਤਾਂ ਫਿਲਮ ਵਿੱਚ ਕੀ ਰਹਿ ਜਾਣਾ ਸੀ, ਅਸਲੀਅਤ ਤਾਂ ਖਤਮ ਹੀ ਹੋ ਜਾਣੀ ਸੀ। ਮੇਕਰਸ ਨਹੀਂ ਮੰਨੇ, 4 ਸਾਲ ਤੱਕ ਅਟਕਣ ਤੋਂ ਬਾਅਦ 3 ਜੁਲਾਈ 2026 ਨੂੰ ਇਹ ਫਿਲਮ ਜੀ-5 ‘ਤੇ ਉਸੇ ਤਰ੍ਹਾਂ (ਬਿਨ੍ਹਾਂ ਕੱਟਾਂ ਤੋਂ) ਰਿਲੀਜ਼ ਹੋਈ, ਪਰ 48 ਘੰਟੇ ਬਾਅਦ ਹਟਾ ਦਿੱਤੀ ਗਈ। ਇਸ ਸਬੰਧ ਵਿੱਚ ਦਿਲਜੀਤ ਦੋਸਾਂਝ ਨੇ ਕਿਹਾ ਕਿ ਮੈਨੂੰ ਪਹਿਲਾਂ ਹੀ ਪਤਾ ਸੀ ਇਹ ਹੋਵੇਗਾ। ਚਲੋਂ ਕੋਈ ਗੱਲ ਨਹੀਂ ਇਹ ਫਿਲਮ ਤੁਹਾਡੇ ਕੋਲ ਪਹੁੰਚ ਗਈ, ਇਹ ਹੁਣ ਤੁਹਾਡੀ ਫਿਲਮ ਹੈ।

ਦਿਲਜੀਤ ਦੋਸਾਂਝ ਬਾਰੇ

ਦਿਲਜੀਤ ਦੋਸਾਂਝ ਦਾ ਜਨਮ 6 ਜਨਵਰੀ 1984 ਨੂੰ ਦੋਸਾਂਝ ਕਲਾਂ ਜਿਲ੍ਹਾ ਜਲੰਧਰ ਤੋਂ ਉਠ ਕੇ ਸਾਰੀ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਨ ਬਣਾਈ ਹੈ। ਉਸ ਦੀ ਗਾਇਕੀ, ਅਦਾਕਾਰੀ, ਫਿਲਮ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਹੈ। ਦਿਲਜੀਤ ਨੂੰ ਸਾਦਗੀ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਦਿਲਜੀਤ ਪੱਗ, ਦਸਤਾਰ ਅਤੇ ਪੰਜਾਬੀਅਤ ਨੂੰ ਹਮੇਸ਼ਾ ਮਾਣ ਨਾਲ ਦੁਨੀਆਂ ਸਾਹਮਣੇ ਰੱਖਦਾ ਹੈ। ‘ਸਤਲੁਜ’ ਫਿਲਮ ਬਾਰੇ ਉਸ ਦਾ ਕਹਿਣਾ ਹੈ ਕਿ ਖਾਲੜਾ ਸਾਹਿਬ ਦੀ ਸ਼ਹੀਦੀ ਅਤੇ ਮਨੁੱਖਤਾ ਲਈ ਯੋਗਦਾਨ ਕਰਕੇ ਹੀ ਉਨ੍ਹਾਂ ਨੇ ਇਹ ਫਿਲਮ ਕੀਤੀ ਹੈ। ਉਨ੍ਹਾਂ ਲਈ ਇਹ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਵਾਲਾ ਕਿਰਦਾਰ ਸੀ।

ਦਿਲਜੀਤ ਸਿਰਫ਼ ਸਟੇਜ ‘ਤੇ ਹੀ ਨਹੀਂ, ਜ਼ਮੀਨੀ ਪੱਧਰ ‘ਤੇ ਵੀ ਕੰਮ ਕਰਦਾ ਹੈ। 2020 ਵਿੱਚ ਕੋਵਿਡ ਮਹਾਂਮਾਰੀ ਦੌਰਾਨ ਪੰਜਾਬ ਦੇ ਹਸਪਤਾਲਾਂ ਲਈ ਆਕਸੀਜਨ ਕੰਸਨਟ੍ਰੇਟਰ, ਵੈਂਟੀਲੇਟਰ ਅਤੇ ਮੈਡੀਕਲ ਸਾਮਾਨ ਦਾਨ ਕੀਤਾ। ਦਿੱਲੀ ਦੇ ਸਰਹੱਦਾਂ ‘ਤੇ ਬੈਠੇ ਕਿਸਾਨਾਂ ਲਈ ਲੰਗਰ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ। ਟਿੱਕਰੀ ਅਤੇ ਸਿੰਘੂ ਬਾਰਡਰ ‘ਤੇ ਲੰਗਰ, ਦਵਾਈਆਂ, ਗਰਮ ਕੱਪੜੇ ਭੇਜੇ। ਕਿਸਾਨਾਂ ਦੀ ਆਵਾਜ਼ ਦੁਨੀਆਂ ਤੱਕ ਪਹੁੰਚਾਉਣ ਲਈ ਸੋਸ਼ਲ ਮੀਡੀਆ ‘ਤੇ ਵੀ ਬੋਲਿਆ। ਪੰਜਾਬ ‘ਚ ਹੜਾਂ ਦੌਰਾਨ ਦਿਲਜੀਤ ਨੇ ਪੰਜਾਬ ਲਈ ਵੱਡੀ ਪਹਿਲ ਕੀਤੀ। ਉਸਨੇ 10 ਪਿੰਡ ਗੋਦ ਲਏ। ਦਿਲਜੀਤ ਗੁਰਦੁਆਰਾ ਸਾਹਿਬ ‘ਚ ਅਕਸਰ ਮੱਥਾ ਟੇਕਣ ਜਾਂਦਾ ਹੈ। ਦਿਲਜੀਤ ਭਾਵੇਂ ਦੁਨੀਆਂ ਭਰ ਵਿੱਚ ਨਾਮ ਕਮਾ ਗਿਆ, ਪਰ ਉਹ ਆਪਣੀ ਜੜ੍ਹਾਂ ਨਹੀਂ ਭੁੱਲਿਆ।

‘ਸਤਲੁਜ’ ਫਿਲਮ ਤੇ ਬੈਨ ਕਿਉਂ ਲੱਗਿਆ?

ਉਸ ਸਮੇਂ ਪੰਜਾਬ ਵਿੱਚ ਕਾਂਗਰਸ ਸਰਕਾਰ ਸੀ। ਹੁਣ ਸੈਂਟਰ ਵਿੱਚ ਬੀ.ਜੇ.ਪੀ. ਸਰਕਾਰ ਹੈ। ਇਹ ਫਿਲਮ ਕਾਂਗਰਸ ਦੇ ਉੱਲਟ ਜਾਂਦੀ ਹੈ ਫਿਰ ਬੀ.ਜੇ.ਪੀ. ਸਰਕਾਰ ਵੱਲੋਂ ‘ਸਤਲੁਜ’ ਫਿਲਮ ਬੈਨ ਕਿਊਂ ਕੀਤੀ ਗਈ ਹੈ? ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੇ ਲੋਕ ਅਧਿਕਾਰਾਂ ਦੀ ਗੱਲ ਕੀਤੀ ਹੈ। ਹਿਊਮਨ ਰਾਈਟਸ ਕਾਨੂੰਨ ਦੇ ਤਹਿਤ ਆਪਣਾ ਕਾਰਜ ਕੀਤਾ ਹੈ, ਉਨ੍ਹਾਂ ਨੇ ਕੋਈ ਹਿੰਦੂ, ਸਿੱਖ, ਮੁਸਲਿਮ ਜਾਂ ਇਸਾਈ ਨਹੀਂ ਵੇਖਿਆ। ਉਨ੍ਹਾਂ ਨੇ ਸਭ ਨੂੰ ਇਨਸਾਫ ਦਿਵਾਉਣ ਲਈ ਕੰਮ ਕੀਤਾ ਹੈ। ਉਨ੍ਹਾਂ ਤੇ ਮੋਜੂਦਾ ਸਰਕਾਰ ਨੇ ਇੰਨ੍ਹਾਂ ਧੱਕਾਂ ਕੀਤਾ? ਆਪਣੇ ਹੱਕਾਂ ਲਈ ਲੜਨ ਵਾਲੇ, ਆਪਣੀ ਕੌਮ ਲਈ ਲੜਨ ਵਾਲੇ ਇਨਸਾਨ ਦੇ ਜੀਵਨ ਤੇ ਜੇਕਰ ਫਿਲਮ ਬਣੀ ਹੈ ਤੇ ਇਸ ਤੇ ਸਰਕਾਰ ਅਤੇ ਸੈਂਸਰ ਬੋਰਡ ਨੂੰ ਇੰਤਰਾਜ ਕਿਉਂ?

ਜਦੋਂ ਉਸਦੀ ਕਹਾਣੀ ਦਸਤਾਵੇਜ਼ਾਂ ਅਤੇ ਸਬੂਤਾਂ ‘ਤੇ ਆਧਾਰਿਤ ਹੈ ਤਾਂ ਫਿਰ ਉਸ ਇਨਸਾਨ ਦੇ ਜੀਵਨ ਨੂੰ ਪਰਦੇ ‘ਤੇ ਦਿਖਾਉਣ ਤੋਂ ਰੋਕ ਕਿਉਂ? ਲੋਕ ਕਹਿੰਦੇ ਹਨ ਕਿ ਜੇ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਕਰ ਸਕਾਂਗੇ, ਆਪਣੇ ਹੱਕਾਂ ਲਈ ਲੜਨ ਵਾਲਿਆਂ ਦੀ ਕਹਾਣੀ ਨਹੀਂ ਦੱਸ ਸਕਾਂਗੇ ਤਾਂ ਅਸੀਂ ਅਗਲੀ ਪੀੜ੍ਹੀ ਨੂੰ ਕੀ ਦੱਸਾਂਗੇ? ਇਸੇ ਲਈ ਅੱਜ ਸਾਰੇ ਪੰਜਾਬ ਦੇ ਲੋਕ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ, ਕਿਸੇ ਮਜਹਬ ਦੇ ਹੋਣ ਉਹ ਕਹਿ ਰਹੇ ਹਨ “ਸਤਲੁਜ ਦਾ ਬੈਨ ਹਟਾਓ”।

ਫਿਲਮ 1980-90 ਦੇ ਪੰਜਾਬ ‘ਚ ਪੁਲਿਸ ਅਤਿਆਚਾਰ, ਗੈਰ-ਕਾਨੂੰਨੀ ਕਤਲ ਅਤੇ ਦੀ ਕਹਾਣੀ ਹੈ

ਸਰਕਾਰ ਨੇ ‘ਸਤਲੁਜ’ ਫਿਲਮ ਤੇ ਬੈਨ ਲਗਾਉਣ ਦਾ ਕਾਰਨ ਦੱਸਿਆ ਕਿ ਫਿਲਮ ਨੂੰ “ਐਂਟੀ-ਇੰਡੀਆ ਤਾਕਤਾਂ” ਵਰਤ ਸਕਦੀਆਂ ਹਨ। ਇਸ ਨਾਲ “ਰਾਸ਼ਟਰੀ ਸੁਰੱਖਿਆ ਅਤੇ ਸਦਭਾਵਨਾ” ਨੂੰ ਨੁਕਸਾਨ ਹੋ ਸਕਦਾ ਹੈ। ਫਿਲਮ 1980-90 ਦੇ ਪੰਜਾਬ ‘ਚ ਪੁਲਿਸ ਅਤਿਆਚਾਰ, ਗੈਰ-ਕਾਨੂੰਨੀ ਕਤਲ ਅਤੇ ਦੀ ਕਹਾਣੀ ਹੈ। ਸਰਕਾਰ ਨੂੰ ਡਰ ਸੀ ਕਿ ਇਹ ਖਾਲਿਸਤਾਨ ਭਾਵਨਾ ਜਾਂ ਅਸ਼ਾਂਤੀ ਭੜਕਾ ਸਕਦੀ ਹੈ। ਸਰਕਾਰ ਦਾ ਮੰਨਣਾ ਆ ਕਿ ਇਹ ਮਸਲਾ ਅਜੇ ਵੀ ਬਹੁਤ ਸੰਵੇਦਨਸ਼ੀਲ ਹੈ ਅਤੇ 2027 ਦੀਆਂ ਪੰਜਾਬ ਚੋਣਾਂ ਤੋਂ ਪਹਿਲਾਂ ਪੁਰਾਣੇ ਜ਼ਖਮ ਖੋਲ੍ਹ ਸਕਦਾ ਹੈ।

ਇਹ ਵਿਵਾਦ ਹੁਣ ਸਿਰਫ਼ ਫਿਲਮ ਦਾ ਨਹੀਂ ਰਿਹਾ, ਪੂਰੇ ਪੰਜਾਬ ਦੀ ਭਾਵਨਾ ਨਾਲ ਜੁੜ ਗਿਆ ਹੈ। ਸਰਕਾਰਾਂ ਚਾਹੇ ਕੋਈ ਵੀ ਹੋਣ ਉਹ ਨਹੀਂ ਚਾਹੁੰਦੀਆਂ ਹੁੰਦੀਆਂ ਕਿ ਪੁਲਿਸ ਕਾਰਵਾਈਆਂ ‘ਤੇ ਸਵਾਲ ਉੱਠਣ ਕਿਉਂਕਿ ਇਸ ਨਾਲ ਰਾਜ ਦੀਆਂ ਸੰਸਥਾਵਾਂ ‘ਤੇ ਸਵਾਲ ਖੜੇ ਹੁੰਦੇ ਹਨ। ਇਸ ਲਈ ਆਲੋਚਕ ਕਹਿੰਦੇ ਨੇ ਕਿ ਇਹ ਬੈਨ ਕਿਸੇ ਪਾਰਟੀ ਦੇ ਖਿਲਾਫ ਨਹੀਂ, ਸਗੋਂ ਇੱਕ ਇਤਿਹਾਸ ਨੂੰ ਦਬਾਉਣ ਦੀ ਕੋਸ਼ਿਸ਼ ਹੁੰਦੀ ਹੈ। ਇਸੇ ਰੀਐਕਸ਼ਨ ਕਾਰਨ ਅੱਜ ਪੰਜਾਬ ਦੇ ਲੋਕ ਇੱਕ ਮੰਚ ‘ਤੇ ਆ ਗਏ ਹਨ। ਇਸੇ ਕਰਕੇ ਬਹੁਤ ਸਾਰੇ ਹਿੰਦੂ ਵੀਰ-ਭੈਣਾਂ ਵੀ ਇਸ ਬੈਨ ਦੀ ਨਿਖੇਧੀ ਕਰ ਰਹੇ ਨੇ ਕਿਉਂਕਿ ਉਹ ਇਸ ਨੂੰ ਸੱਚ ਦਬਾਉਣ ਵਜੋਂ ਦੇਖ ਰਹੇ ਹਨ।

ਸਰਕਾਰ ਨੂੰ ਇਹ ਵੀ ਡਰ ਹੈ

ਸ਼ਾਇਦ ਸਰਕਾਰ ਨੂੰ ਇਹ ਵੀ ਡਰ ਹੈ ਕਿ ਜੇ ਇਹ ਇਤਿਹਾਸ ਖੁੱਲ੍ਹੇਆਮ ਸਾਹਮਣੇ ਆਇਆ ਤਾਂ ਨੌਜਵਾਨ ਪੀੜ੍ਹੀ ਅਤੇ ਸਿਸਟਮ ਵਿਚਕਾਰ ਦੂਰੀ ਵਧ ਜਾਵੇਗੀ। ਪਰ ਇਸ ਦਾ ਹੱਲ ‘ਸਤਲੁਜ’ ਵਰਗੀਆਂ ਫਿਲਮਾਂ ਬੈਨ ਕਰਨਾ ਨਹੀਂ ਹੈ। ਫਿਲਮ ਬੈਨ ਕਰਨ ਨਾਲ ਨਫਰਤ ਖਤਮ ਨਹੀਂ ਹੁੰਦੀ। ਉਹ ਅੰਦਰ ਹੀ ਅੰਦਰ ਪਲਦੀ ਹੈ। ਖਾਲੜਾ ਸਾਹਿਬ ਨੇ ਨਫਰਤ ਨਹੀਂ, ਕਾਨੂੰਨ ਦਾ ਰਾਹ ਚੁਣਿਆ ਸੀ। ਉਨ੍ਹਾਂ ਕੋਲ ਬੰਦੂਕ ਨਹੀਂ ਸੀ, ਕਾਗਜ਼ ਸਨ। ਇਹ ਬਿਲਕੁਲ ਸੱਚ ਹੈ ਕਿ ਉਸ ਸਮੇਂ ਪੰਜਾਬ ‘ਚ ਹਾਲਾਤ ਬਹੁਤ ਖਰਾਬ ਸਨ। ਕਾਨੂੰਨ ਅਤੇ ਅੱਤ ਦੋਵੇਂ ਇਕੱਠੇ ਚੱਲ ਰਹੇ ਸਨ। ਜਦੋਂ ਕੋਈ ਸਿਸਟਮ ਦੇ ਖਿਲਾਫ ਉਂਗਲ ਚੁੱਕਦਾ ਹੈ ਤਾਂ ਸਿਸਟਮ ਦੇ ਲੋਕਾਂ ਨੂੰ ਉਹ ਖਟਕਦਾ ਹੈ। ਇਸੇ ਕਰਕੇ ਖਾਲੜਾ ਸਾਹਿਬ ਨੂੰ 1995 ‘ਚ ਅਗਵਾ ਕਰ ਲਿਆ ਗਿਆ। ਖਾਲੜਾ ਸਾਹਿਬ ਨੇ ਸਾਨੂੰ ਇਹ ਸਿਖਾਇਆ ਕਿ ਜ਼ੁਲਮ ਦੇ ਖਿਲਾਫ ਹਥਿਆਰ ਨਹੀਂ, ਕਲਮ ਚੁੱਕਣੀ ਹੈ ਕਾਨੂੰਨ ਅਨੁਸਾਰ। ਹੁਣ ਅਸੀਂ ਵੀ ਕਾਨੂੰਨ ਵਿੱਚ ਰਹਿ ਕੇ ਆਪਣੇ ਅਧਿਕਾਰਾਂ ਰਾਹੀ, ਵੋਟਾਂ ਰਾਹੀਂ ਗਲਤ ਸਰਕਾਰਾਂ ਦਾ ਵਿਰੋਧ ਕਰ ਸਕਦੇ ਹਾਂ।

ਸਰਦਾਰ ਜਸਵੰਤ ਸਿੰਘ ਖਾਲੜਾ ਜੀ ਕੌਣ ਸਨ?

ਸਰਦਾਰ ਜਸਵੰਤ ਸਿੰਘ ਖਾਲੜਾ ਜੀ ਵਕੀਲ ਸਨ, ਹਿਊਮਨ ਰਾਈਟਸ ਐਕਟੀਵਿਸਟ ਸਨ। ਸੰਨ 1990 ਦੇ ਦਹਾਕੇ ‘ਚ ਉਨ੍ਹਾਂ ਨੇ ਸਰਕਾਰੀ ਰਿਕਾਰਡਾਂ ‘ਚੋਂ 25,000 ਤੋਂ ਵੱਧ ਲਾਸ਼ਾਂ ਦਾ ਡਾਟਾ ਕੱਢਿਆ, ਜਿਨ੍ਹਾਂ ਦਾ ਅੰਤਿਮ ਸੰਸਕਾਰ ਅਣਪਛਾਤੇ ਕਹਿ ਕੇ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਕੋਈ ਹਥਿਆਰ ਨਹੀਂ ਚੁੱਕਿਆ, ਕੋਈ ਨਫਰਤ ਨਹੀਂ ਫੈਲਾਈ। ਉਨ੍ਹਾਂ ਨੇ ਸਿਰਫ਼ ਕਾਨੂੰਨ ਅਤੇ ਸੰਵਿਧਾਨ ਦੇ ਰਾਹ ‘ਤੇ ਚੱਲ ਕੇ ਸੱਚ ਸਾਹਮਣੇ ਲਿਆਉਣਾ ਦੀ ਕੋਸ਼ਿਸ਼ ਕੀਤੀ ਹੈ। ਪਰ ਉਸ ਸਮੇਂ ਦੀ ਮੋਜੂਦਾ ਸਰਕਾਰ ਮੁੱਖ ਮੰਤਰੀ ਬੇਅੰਤ ਸਿੰਘ ਤੇ ਪੁਲਿਸ ਮੁੱਖੀ ਕੇ.ਪੀ.ਐਸ ਗਿੱਲ ਨੇ ਉਨ੍ਹਾਂ ਨੂੰ 1995 ‘ਚ ਅਗਵਾ ਕਰਵਾ ਕੇ ਮਾਰ ਦਿੱਤਾ। ਸੱਚ ਬੋਲਣ ਵਾਲੇ ਇਨਸਾਨ ਨੁੰ ਹਮੇਸ਼ਾ ਤਸੀਹੇ ਝੱਲਣੇ ਪੈਂਦੇ ਹਨ। ਪਰ ਸੱਚ ਦੇ ਰਾਸਤੇ ਤੇ ਤੁਰਨਾ ਸਾਡਾ ਧਰਮ ਹੈ। ਜੋ ਸੱਚ ਦੇ ਰਾਸਤੇ ਤੇ ਚੱਲਦਾ ਹੈ ਉਸ ਨੂੰ ਦੁਨੀਆਂ ਯਾਦ ਕਰਦੀ ਹੈ ਤੇ ਜਾਲਮਾਂ ਨੂੰ ਹਮੇਸ਼ਾ ਲਾਹਨਤਾਂ ਹੀ ਪੈਦੀਆਂ ਹਨ।

ਸੱਚ ਕਦੇ ਲੁੱਕਦਾ ਨਹੀਂ

ਸੱਚ ਇਹ ਹੈ ਕਿ ਜਿਸ ਕਹਾਣੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹ ਕਹਾਣੀ ਹੋਰ ਜ਼ੋਰ ਨਾਲ ਸਾਹਮਣੇ ਆਉਂਦੀ ਹੈ। ਵੇਸੇ ਹੁਣ ਤਾਂ ਸਾਰੇ ਪੰਜਾਬ ਕੋਲ ‘ਸਤਲੁਜ’ ਫਿਲਮ ਪਹੁੰਚ ਗਈ ਹੈ। ਇਸ ‘ਸਤਲੁਜ’ ਫਿਲਮ ਦੇ ਨਿਰਮਾਤਾ ‘ਹਨੀ ਤਰਿਹਾਨ’ ਨੂੰ ਚਾਹੇ ਇਸ ਦਾ ਆਰਥਿਕ ਤੌਰ ਤੇ ਨੁਕਸਾਨ ਹੋਇਆ ਹੈ ਪਰ ਇਸ ਇਤਿਹਾਸਕ ਦਸਤਾਵੇਜ ਨੇ ‘ਸਤਲੁਜ’ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਹਨੀ ਤਰਿਹਾਨ ਅਤੇ ਦਿਲਜੀਤ ਦੁਸਾਂਝ ਨੂੰ ਸਾਰੇ ਪੰਜਾਬੀਆਂ ਦੇ ਦਿਲਾਂ ਵਿੱਚ ਵਸਾ ਦਿੱਤਾ ਹੈ। ਜਦੋਂ ਸਰਕਾਰ ਕਿਸੇ ਫਿਲਮ ਨੂੰ ਬੈਨ ਕਰਦੀ ਆ, ਤਾਂ ਉਹੀ ਫਿਲਮ ਹਰ ਘਰ ‘ਚ ਪਹੁੰਚ ਜਾਂਦੀ ਆ। ਲੱਖਾਂ ਲੋਕਾਂ ਨੇ ‘ਸਤਲੁਜ’ ਫਿਲਮ ਡਾਊਨਲੋਡ ਕਰ ਲਈ, ਗੁਰਦੁਆਰਿਆਂ ਅਤੇ ਸਾਂਝੀਆਂ ਜਗ੍ਹਾ ਤੇ ਪ੍ਰੋਜੈਕਟਰ ਲਾ ਕੇ ‘ਸਤਲੁਜ’ ਫਿਲਮ ਦਿਖਾਈ ਜਾ ਰਹੀ ਹੈ। ਹੁਣ ਤਾਂ ਪੰਜਾਬ ਦੇ ਖੇਤਾਂ ਵਿੱਚ ਵੀ ‘ਸਤਲੁਜ’ ਫਿਲਮ ਰੀਲੀਜ ਹੋ ਗਈ ਹੈ। “ਸੱਚ ਦਬਾਉਣ ਨਾਲ ਮਰਦਾ ਨਹੀਂ, ਹੋਰ ਉੱਚਾ ਹੁੰਦਾ ਹੈ”।

– ਭਵਨਦੀਪ ਸਿੰਘ ਪੁਰਬਾ
ਮੁੱਖ ਸੰਪਾਦਕ: ‘ਮਹਿਕ ਵਤਨ ਦੀ ਲਾਈਵ’ ਬਿਓਰੋ

By admin

Related Post