• ਹਿਮਾਚਲ ਦੀ ਸੁੱਖੂ ਸਰਕਾਰ ਹਮਲਾਵਰ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ: ਬਲਵੀਰ ਸਿੰਘ ਸੈਣੀ
• ਮੁੱਖ ਮੰਤਰੀ ਭਗਵੰਤ ਮਾਨ ਨੂੰ ਹਿਮਾਚਲ ਸਰਕਾਰ ਕੋਲ ਰੋਸ ਦਰਜ ਕਰਵਾਉਣ ਦੀ ਕੀਤੀ ਮੰਗ
ਹੁਸ਼ਿਆਰਪੁਰ, 4 ਜੂਨ ( ਤਰਸੇਮ ਦੀਵਾਨਾ ) – ਆਰ.ਟੀ.ਆਈ. ਐਕਟਿਵਿਸਟ ਫਰੰਟ ਆਫ਼ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਬਲਵੀਰ ਸਿੰਘ ਸੈਣੀ ਨੇ ਹਿਮਾਚਲ ਪ੍ਰਦੇਸ਼ ਦੇ ਕੁੱਲੂ-ਮਨਾਲੀ ਵਿੱਚ ਪੰਜਾਬੀ ਸਿੱਖ ਨੌਜਵਾਨਾਂ ਉੱਤੇ ਹੋਏ ਜਾਨਲੇਵਾ ਹਮਲੇ ਅਤੇ ਬੇਅਦਬੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹਿਮਾਚਲ ਪ੍ਰਦੇਸ਼ ਦੀ ਸੁੱਖੂ ਸਰਕਾਰ ਕੋਲੋਂ ਹਮਲਾਵਰਾਂ ਖਿਲਾਫ਼ ਕੇਸ ਦਰਜ ਕਰਕੇ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਜਿਨ੍ਹਾਂ ਨੇ ਦੋਵਾਂ ਸੂਬਿਆਂ ਦੀ ਅਮਨ ਸ਼ਾਂਤੀ ਨੂੰ ਅੱਗ ਲਾਉਣ ਵਰਗੀ ਦੇਸ਼ ਵਿਰੋਧੀ ਕਰਤੂਤ ਕੀਤੀ ਹੈ।
ਪ੍ਰੈੱਸ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਹਿਮਾਚਲ ‘ਚ 4 ਪੰਜਾਬੀ ਸਿੱਖ ਨੌਜਵਾਨ ਆਪਣੀ ਗੱਡੀ ਵਿੱਚ ਜਾ ਰਹੇ ਸਨ, ਜਿਨ੍ਹਾਂ ਨੂੰ ਕੁਝ ਸਿਰਫਿਰੇ ਅਤੇ ਹੁਲੜਬਾਜ਼ 20/25 ਹਿਮਾਚਲੀ ਨੌਜਵਾਨਾਂ ਨੇ ਘੇਰ ਕੇ ਬਹੁਤ ਹੀ ਬੇਰਹਿਮੀ ਤੇ ਅਣਮਨੁੱਖੀ ਢੰਗ ਨਾਲ ਕੁੱਟਮਾਰ ਦਾ ਸ਼ਿਕਾਰ ਬਣਾਇਆ। ਉਕਤ ਹਮਲਾਵਰ ਦੋਸ਼ੀਆਂ ਵੱਲੋਂ ਨਾ ਸਿਰਫ਼ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ, ਬਲਕਿ ਉਨ੍ਹਾਂ ਦੀਆਂ ਪਵਿੱਤਰ ਦਸਤਾਰਾਂ ਦਾ ਵੀ ਘੋਰ ਅਪਮਾਨ ਕੀਤਾ ਗਿਆ, ਜੋ ਕਿ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆਂ ਲਈ ਅਸਹਿ ਹੈ।
ਬਲਵੀਰ ਸਿੰਘ ਸੈਣੀ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਸਿੱਖ ਨੌਜਵਾਨ ਮਨਪ੍ਰੀਤ ਸਿੰਘ ਕੋਲੋਂ ਉਸ ਦਾ ਲਾਇਸੰਸੀ ਰਿਵਾਲਵਰ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ। ਪਰ ਸਿੱਖ ਨੌਜਵਾਨ ਸਰੀਰਕ ਪੱਖੋਂ ਤਕੜਾ ਹੋਣ ਕਰਕੇ ਹਮਲਾਵਰ ਆਪਣੇ ਇਸ ਖ਼ਤਰਨਾਕ ਮਨਸੂਬੇ ਵਿੱਚ ਸਫ਼ਲ ਨਹੀਂ ਹੋ ਸਕੇ, ਨਹੀਂ ਤਾਂ ਉਹ ਇਸੇ ਰਿਵਾਲਵਰ ਨਾਲ ਸਿੱਖ ਨੌਜਵਾਨਾਂ ਦਾ ਕਤਲ ਵੀ ਕਰ ਸਕਦੇ ਸਨ।
ਸਿੱਖ ਨੌਜਵਾਨਾਂ ਨੇ ਪੂਰੇ ਸੰਜਮ ਤੋਂ ਕੰਮ ਲਿਆ
ਇਸ ਖਿੱਚੋਤਾਣ ਅਤੇ ਹਮਲੇ ਦੌਰਾਨ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋਇਆ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਸਿੱਖ ਨੌਜਵਾਨਾਂ ਨੇ ਪੂਰੇ ਸੰਜਮ ਤੋਂ ਕੰਮ ਲਿਆ ਅਤੇ ਕੋਈ ਗੋਲੀ ਨਹੀਂ ਚਲਾਈ, ਪਰ ਇਸ ਦੇ ਬਾਵਜੂਦ ਕੁੱਲੂ-ਮਨਾਲੀ ਦੀ ਪੁਲਿਸ ਵੱਲੋਂ ਉਲਟਾ ਪੀੜਤ ਪੰਜਾਬੀ ਸਿੱਖ ਨੌਜਵਾਨਾਂ ‘ਤੇ ਹੀ ਤਸ਼ੱਦਦ ਢਾਹਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਹੀ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ, ਜੋ ਕਿ ਬੇਹੱਦ ਪੱਖਪਾਤੀ ਅਤੇ ਮੰਦਭਾਗੀ ਸੋਚ ਹੈ।
ਫ੍ਰੰਟ ਦੇ ਪ੍ਰਧਾਨ ਨੇ ਹਿਮਾਚਲ ਦੀ ਸੁੱਖੂ ਸਰਕਾਰ ਅਤੇ ਡੀ.ਜੀ.ਪੀ. ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੋਸ਼ੀ ਹਿਮਾਚਲੀ ਨੌਜਵਾਨਾਂ ਵਿਰੁੱਧ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਦੋਵਾਂ ਸੂਬਿਆਂ ਦੇ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਣ ਕਾਰਣ ਹਾਲਾਤ ਵਿਸਫੋਟਕ ਬਣ ਸਕਦੇ ਹਨ, ਜਿਸ ਦੀ ਪੂਰੀ ਜ਼ਿੰਮੇਵਾਰੀ ਉੱਥੋਂ ਦੇ ਪ੍ਰਸ਼ਾਸਨ ਦੀ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਹਿਮਾਚਲ ਸਰਕਾਰ ਵੱਲੋਂ ਪੰਜਾਬ ਦੇ ਵਾਹਨਾਂ ‘ਤੇ ਲਾਏ ਗਏ ਵਿਸ਼ੇਸ਼ ਟੈਕਸ ਨੂੰ ਪੂਰੀ ਤਰ੍ਹਾਂ ਗੈਰ-ਕਾਨੂੰਨੀ ਅਤੇ ਪੰਜਾਬੀਆਂ ਨਾਲ ਬਹੁਤ ਵੱਡੀ ਜ਼ਿਆਦਤੀ ਦੱਸਿਆ।
ਬਲਵੀਰ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਇਸ ਨਾਜ਼ੁਕ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਅਤੇ ਹਿਮਾਚਲ ਸਰਕਾਰ ਨਾਲ ਉੱਚ ਪੱਧਰ ‘ਤੇ ਸੰਪਰਕ ਕਰਕੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਇਨਸਾਫ਼ ਦਿਵਾਉਣ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੀ ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ‘ਤੇ ਉਸੇ ਤਰ੍ਹਾਂ ਟੈਕਸ ਲਾਉਣ ਦੀ ਕਾਰਵਾਈ ਕਰੇ। ਉਨ੍ਹਾਂ ਦੁਹਰਾਇਆ ਕਿ ਆਰ.ਟੀ.ਆਈ. ਐਕਟਿਵਿਸਟ ਫ੍ਰੰਟ ਆਫ਼ ਇੰਡੀਆ ਪੰਜਾਬੀਆਂ ਦੇ ਹੱਕਾਂ-ਹਕੂਕਾਂ ਦੀ ਰੱਖਿਆ ਲਈ ਹਮੇਸ਼ਾ ਮੋਹਰੀ ਹੋ ਕੇ ਡਟਿਆ ਰਹੇਗਾ।

