Breaking
Thu. May 21st, 2026

ਨਗਰ ਨਿਗਮ ਦੀਆਂ ਚੋਣਾਂ ਦਾ ਪੰਜਾਬ ਦੀ ਸਿਆਸਤ ਤੇ ਪਵੇਗਾ ਗਹਿਰਾ ਅਸਰ

ਨਗਰ ਨਿਗਮ ਦੀਆਂ ਚੋਣਾਂ

ਵੋਟਾਂ ਪਾਓ, ਆਪਣੀ ਮਰਜੀ ਨਾਲ ਪਾਓ! ਪਰ ਆਪਣੀ ਭਾਈਚਾਰਕ ਸਾਂਝ ਕਾਇਮ ਰੱਖਿਓ

ਨਗਰ ਨਿਗਮ ਦੀਆਂ ਚੋਣਾਂ ਦਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੇ ਗਹਿਰਾ ਅਸਰ ਪਵੇਗਾ। ਇਨ੍ਹਾਂ ਵੋਟਾ ਵਿੱਚ ਜਿੱਤ ਕਿਸ ਦੀ ਹੋਵੇਗੀ ਇਸ ਗੱਲ ਦਾ ਅੰਦਾਜਾ ਤਾਂ ਸਾਰਿਆਂ ਨੂੰ ਪਹਿਲਾ ਹੀ ਹੋ ਗਿਆ ਹੈ। ਮੋਜੂਦਾ ਸਰਕਾਰ ਦਾ ਪ੍ਰਸ਼ਾਸਨ ਵਿੱਚ ਵੀ ਬੋਲ-ਬਾਲਾ ਹੁੰਦਾ ਹੈ ਤੇ ਲੋਕ ਵੀ ਇਹ ਮੰਨਦੇ ਹਨ ਕਿ ਜਿਸ ਪਾਰਟੀ ਦੀ ਸਰਕਾਰ ਹੈ ਉਹ ਦੇ ਕੋਂਸਲਰ ਜਿਤਣਗੇ ਤਾਂ ਹੀ ਮੁਹੱਲੇ ਦਾ ਤੇ ਵਾਰਡ ਦਾ ਕੰਮ ਹੋਵੇਗਾ। ਪਰ ਇਸ ਦੇ ਉਲਟ ਜਿਹੜੇ ਲੋਕ ਮੋਜੂਦਾ ਸਰਕਾਰ ਦੀਆਂ ਨੀਤੀਆਂ ਜਾ ਕੰਮਾਂ ਤੋਂ ਖੁਸ਼ ਨਹੀਂ ਹੁੰਦੇ ਉਹ ਆਪਣਾ ਗੁੱਸਾ ਵੀ ਉਲਟ ਵੋਟਾਂ ਪਾ ਕੇ ਹੀ ਕੱਢਦੇ ਹਨ। ਇਹ ਵੀ ਗੱਲ ਮੰਨਣ ਵਾਲੀ ਹੈ ਕਿ ਕੋਂਸਲਰ ਦੀਆਂ ਵੋਟਾਂ ਵਿੱਚ ਉਮੀਦਵਾਰ ਦਾ ਆਪਣਾ ਅਸਲ ਰਸੂਕ ਜਿਆਦਾ ਪ੍ਰਭਾਵ ਛੱਡਦਾ ਹੈ। ਇਨ੍ਹਾਂ ਵੋਟਾਂ ਵਿੱਚ ਲੋਕ ਪਾਰਟੀ ਦੀ ਬਜਾਏ ਉਮੀਦਵਾਰ ਨੂੰ ਵੇਖਦੇ ਹਨ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਵੋਟਾ ਦਾ ਪੰਜਾਬ ਦੀ ਸਿਆਸਤ ਤੇ ਡੂੰਘਾ ਅਸਰ ਵੇਖਣ ਨੂੰ ਮਿਲੇਗਾ। ਇਹ ਵੋਟਾ ਜਿੱਥੇ ‘ਆਮ ਆਦਮੀ ਪਾਰਟੀ’ ਦੀ ਇੱਜਤ ਦਾ ਸਵਾਲ ਹੈ ਉਥੇ ਬਾਕੀ ਪਾਰਟੀਆਂ ਨੇ ਵੀ ਇਨ੍ਹਾਂ ਵੋਟਾਂ ਨਾਲ ਆਪਣੇ ਪੈਰ ਮਜਬੂਤ ਕਰਨੇ ਹਨ। ਕਾਂਗਰਸ ਨੇ ਇਨ੍ਹਾਂ ਵੋਟਾਂ ਵਿੱਚ ਆਪਣੇ ਉਮੀਦਵਾਰ ਜਿੱਤਾ ਕੇ ਆਪਣੇ ਆਪ ਨੂੰ ਮੁਕਾਬਲੇ ਵਿੱਚ ਖੜੇ੍ਹ ਹੋਣ ਦਾ ਸਬੂਤ ਦੇਣਾ ਹੈ। ਅਕਾਲੀ ਦਲ ਬਾਦਲ ਨੇ ਆਪਣੇ ਖਤਮ ਹੋਏ ਵਿਕਾਰ ਨੂੰ ਦੁਬਾਰਾ ਜਿੱਤ ਵੱਲ ਜਾਂਦੇ ਵਿਖਾਉਣਾ ਹੈ। ਭਾਜਪਾ ਨੇ ਸਾਰੇ ਭਾਰਤ ਤੇ ਕਬਜਾ ਕਰਨ ਦੇ ਇਰਾਦੇ ਨਾਲ ਪੰਜਾਬ ਵਿੱਚ ਵੀ ਆਪਣੇ ਪੈਰ ਲਗਾਉਣੇ ਹਨ। ਇਨ੍ਹਾਂ ਸਾਰੀਆਂ ਪਾਰਟੀਆਂ ਤੋਂ ਖਫਾ ਹੋਏ ਵੋਟਰਾਂ ਨੇ ਵੀ ਨਵੀਂ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਸਮਰਥਨ ਦੇਣਾ ਹੈ। ਬਿਨ੍ਹਾਂ ਸ਼ੱਕ ਕਾਰਪੋਰੇਸ਼ਨ ਦੀਆਂ ਵੋਟਾਂ ਦੀ ਜਿੱਤ ਹਾਰ ਦਾ ਪੰਜਾਬ ਦੀ ਸਿਆਸਤ ਤੇ ਗਹਿਰਾ ਅਸਰ ਪਵੇਗਾ।

ਪੰਜਾਬ ਵਿੱਚ ਹੋ ਰਹੀਆਂ ਨਗਰ ਨਿਗਮ ਦੀਆਂ ਚੌਣਾ ਲਈ ਐਮ.ਸੀ. ਬਨਣ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਪੂਰੇ ਕਮਰ ਕੱਸੇ ਕਸੇ ਗਏ ਹਨ

ਜਿਕਰ ਯੋਗ ਹੈ ਕਿ ਪੰਜਾਬ ਵਿੱਚ ਹੋ ਰਹੀਆਂ ਨਗਰ ਨਿਗਮ ਦੀਆਂ ਚੌਣਾ ਲਈ ਐਮ.ਸੀ. ਬਨਣ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਪੂਰੇ ਕਮਰ ਕੱਸੇ ਕਸੇ ਗਏ ਹਨ। ਕਈ ਮੌਕਾ ਪ੍ਰਸਤ ਲੋਕ ਆਪਣੀਆਂ ਪਾਰਟੀਆ ਬਦਲ ਕੇ ਦੂਸਰੀਆਂ ਪਾਰਟੀਆਂ ਵਿੱਚ ਰਲ ਗਏ ਹਨ। ਸਮੇਂ ਦੀ ਮੰਗ ਵੀ ਹੈ ਕਿ ਜੇਕਰ ਵੱਡੇ-ਵੱਡੇ ਲੀਡਰ ਆਪਣੇ ਨਿੱਜੀ ਫਾਇਦਿਆਂ ਲਈ ਪਾਰਟੀ ਬਦਲ ਸਕਦੇ ਹਨ ਤਾਂ ਜਮੀਨੀ ਪੱਧਰ ਤੇ ਕੰਮ ਕਰਨ ਵਾਲੇ ਵਲੰਟੀਅਰਜ ਦਾ ਜੇਕਰ ਹੱਕ ਮਾਰਿਆ ਜਾਂਦਾ ਹੈ ਤਾਂ ਉਹ ਆਪਣੇ ਹੱਕਾਂ ਲਈ ਕਿਸੇ ਹੋਰ ਦਾ ਹੱਥ ਕਿਉ ਨਾ ਫੜਨ । ਪਾਰਟੀ ਕੋਈ ਵੀ ਮਾੜੀ ਨਹੀਂ ਹੁੰਦੀਂ! ਹਰੇਕ ਪਾਰਟੀ ਵਿੱਚ ਚੰਗੇ ਮਾੜੇ ਹਰ ਤਰ੍ਹਾਂ ਦੇ ਲੀਡਰ ਹੁੰਦੇ ਹਨ। ਇਹ ਅਸੀਂ ਵੇਖਣਾ ਹੈ ਕਿ ਕਿਹੜਾ ਉਮੀਦਵਾਰ ਕਿਸ ਸੋਚ ਦਾ ਹੈ ਤੇ ਉਸ ਦੀਆਂ ਕੀ ਪਾਲਸੀਆਂ ਹਨ। ਇਨ੍ਹਾਂ ਦਿਨ੍ਹਾਂ ਵਿੱਚ ਲੀਡਰਾਂ ਨੇ ਹਰ ਹੱਥ ਕੰਡਾ ਵਰਤਨਾ ਹੈ। ਬੀਬੀਆਂ ਨੂੰ ਸੂਟ ਵੀ ਵੰਡਣਗੇ, ਸ਼ਰਾਬ ਦੀਆਂ ਬੋਤਲਾਂ ਵੀ ਦੇਣਗੇ। ਪੈਸੇ ਵੀ ਵੰਡਣਗੇ। ਇਨ੍ਹਾਂ ਦਿਨ੍ਹਾਂ ਵਿੱਚ ਤਾਂ ਹਰ ਕੰਮ ਕਰਵਾਉਣਗੇ।

ਵੋਟ ਤਾਂ ਵੀਰੋ ਤੁਸੀਂ ਆਪਣੀ ਮਰਜੀ ਨਾਲ ਪਾਉਣੀ ਹੈ। ਪਰ ਯਾਦ ਰੱਖਿਓ! ਇਹ ਵੋਟਾਂ ਕਿਸੇ ਦੇ ਹੱਕ ਵਿੱਚ ਗਵਾਹੀ ਹਨ

ਵੋਟ ਤਾਂ ਵੀਰੋ ਤੁਸੀਂ ਆਪਣੀ ਮਰਜੀ ਨਾਲ ਪਾਉਣੀ ਹੈ। ਪਰ ਯਾਦ ਰੱਖਿਓ! ਇਹ ਵੋਟਾਂ ਕਿਸੇ ਦੇ ਹੱਕ ਵਿੱਚ ਗਵਾਹੀ ਹਨ। ਜਿਸ ਦੇ ਹੱਕ ਵਿੱਚ ਤੁਸੀਂ ਅੱਜ ਭੁਗਤਨਾਂ ਹੈ, ਪੰਜ ਸਾਲ ਉਸ ਤੋਂ ਆਪਣੇ ਹੱਕ ਨਾਲ ਕੰਮ ਕਰਵਾ ਸਕਦੇ ਹੋ। ਕਿਤੇ ਦੋ-ਚਾਰ ਬੋਤਲਾਂ ਤੇ ਨਾ ਵਿੱਕ ਜਾਇਓ, ਪੰਜ ਸਾਲ ਨੀਵੀ ਨਹੀਂ ਚੁੱਕਣ ਜੋਗੇ ਰਹਿਣਾ। ਹੁਣ ਕਿੰਨੇ ਕੁ ਪੈਸੇ ਲੈ ਲਵੋਗੇ, ਇੱਕ ਹਜਾਰ, ਦੋ ਹਜਾਰ ਹੱਦ ਤੋਂ ਵੱਧ ਪੰਜ ਹਜਾਰ। ਕਿਨ੍ਹੀ ਕੁ ਸ਼ਰਾਬ ਪੀ ਲਵੋਗੇ? ਦੋ ਬੋਤਲਾਂ ?, ਚਾਰ ਬੋਤਲਾਂ ਹੱਦੋ ਵੱਧ 10 ਬੋਤਲਾਂ ? ਕਿੰਨੀ ਕੁ ਕੀਮਤ ਹੋਵੇਗੀ ਇਨ੍ਹਾਂ ਦੀ? ਜਿਨੇ੍ਹ ਪੈਸਿਆਂ ਵਿੱਚ ਕਈ ਲੋਕ ਵਿੱਕ ਜਾਂਦੇ ਹਨ ਉਸ ਤੋਂ ਜਿਆਦਾ ਕੀਮਤ ਤਾਂ ਭੇਡਾ, ਬੱਕਰੀਆਂ, ਮੱਝਾਂ, ਗਾਵਾਂ ਦੀ ਹੈ। ਤੁਸੀ ਉਨ੍ਹਾਂ ਤੋਂ ਵੀ ਮਾੜੇ ਹੋ ਗਏ। ਦੂਸਰੀ ਗੱਲ ਇਹ ਕਿ ਵੋਟਾ ਦੇ ਕਾਰਨ ਆਪਣੀ ਭਾਈਚਾਰਕ ਸਾਂਝ ਵੀ ਖਰਾਬ ਨਾ ਕਰ ਬੈਠਿਓ।

ਭਰਾਂ-ਭਰਾਂ ਇੱਕ ਦੂਜੇ ਦੇ ਸਿਰ ਪਾੜਣ ਤੱਕ ਨਾ ਜਾਇਓ। ਆਖਿਰ ਨੂੰ ਕੰਮ ਆਪਣਿਆ ਨੇ ਹੀ ਆਉਣਾ ਹੈ। ਇਹ ਮੁਹੱਲੇ ਜਾਂ ਵਾਰਡ ਦੀਆਂ ਵੋਟਾਂ ਹਨ। ਸਾਰੇ ਹੀ ਉਮੀਦਵਾਰ ਵੀ ਓਹੀ ਹਨ ਜਿਹੜੇ ਸ਼ੁਰੂ ਤੋਂ ਸਾਡੇ ਨਾਲ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਵੀ ਇਕੱਠੇ ਹੀ ਰਹਿਣਾ ਹੈ। ਵੋਟਾ ਪਾਓ, ਆਪਣੀ ਮਰਜੀ ਨਾਲ ਪਾਓ! ਜਿਸ ਨਾਲ ਮਰਜੀ ਤੁਰੋ। ਪਰ ਆਪਣੀ ਭਾਈਚਾਰਕ ਸਾਂਝ ਕਾਇਮ ਰੱਖਿਓ। ਉਮੀਦਵਾਰ ਵੀ ਇਸ ਗੱਲ ਨੂੰ ਯਾਦ ਰੱਖਣ ਕਿ ਜਿੱਤਾ ਹਾਰਾਂ ਤਾਂ ਹੁੰਦੀਆਂ ਰਹਿੰਦੀਆਂ ਹਨ ਪਰ ਕਿਤੇ ਸਿਆਸਤ ਦਾ ਨਸ਼ਾ ਆਪਣੇ ਤੇ ਭਾਰੀ ਨਾ ਪੈ ਜਾਵੇ। ਪ੍ਰਮਾਤਮਾਂ ਸਭ ਨੂੰ ਸੁਮੱਤ ਬਖਸ਼ੇ। ਸਾਰੇ ਉਮੀਦਵਾਰਾਂ ਨੂੰ ਆਉਣ ਵਾਲੇ ਸਮੇਂ ਲਈ ਹਾਰਦਿਕ ਸ਼ੁਭਕਾਮਨਾਵਾਂ।

By admin

Related Post