ਸਾਫ਼ ਹਵਾ ਲਈ ਇਕਜੁੱਟ ਤੇ ਸਾਂਝੇ ਯਤਨਾਂ ਦੀ ਲੋੜ : ਵਧੀਕ ਡਿਪਟੀ ਕਮਿਸ਼ਨਰ
ਜਲੰਧਰ 20 ਮਈ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਵਿੱਚ ਹਵਾ ਪ੍ਰਦੂਸ਼ਣ ਅਤੇ ਜਨਤਕ ਸਿਹਤ ਸਬੰਧੀ ਸਥਾਨਕ ਪੱਧਰ ਦੀਆਂ ਕਾਰਵਾਈਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਵੱਲ ਇੱਕ ਅਹਿਮ ਕਦਮ ਚੁੱਕਦਿਆਂ ਜਲੰਧਰ ਪ੍ਰਸ਼ਾਸਨ ਵੱਲੋਂ ਲੰਗ ਕੇਅਰ ਫਾਊਂਡੇਸ਼ਨ ਦੇ ਸਹਿਯੋਗ ਨਾਲ ‘ਸਾਂਝੀ ਹਵਾ ਤੇ ਸਿਹਤ’ ਸਿਰਲੇਖ ਹੇਠ ਇੱਕ ਵਿਸ਼ੇਸ਼ ਸਮਰੱਥਾ ਨਿਰਮਾਣ ਸੈਸ਼ਨ ਕਰਵਾਇਆ ਗਿਆ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਹ ਸੈਸ਼ਨ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂ.ਐਨ.ਈ.ਪੀ.) ਦੇ ਸਹਿਯੋਗ ਨਾਲ ਚੱਲ ਰਹੇ ਯਤਨਾਂ ਤਹਿਤ ਕਰਵਾਇਆ ਗਿਆ, ਜਿਸਦਾ ਉਦੇਸ਼ ਜ਼ਿਲ੍ਹਾ ਅਧਿਕਾਰੀਆਂ, ਜਨਤਕ ਸਿਹਤ ਮਾਹਰਾਂ, ਵਾਤਾਵਰਣ ਪ੍ਰੇਮੀਆਂ, ਖੋਜਕਰਤਾਵਾਂ ਅਤੇ ਭਾਈਚਾਰਕ ਭਾਈਵਾਲਾਂ ਨੂੰ ਇੱਕ ਮੰਚ ‘ਤੇ ਇਕੱਠਾ ਕਰਨਾ ਸੀ, ਤਾਂ ਜੋ ਹਵਾ ਪ੍ਰਦੂਸ਼ਣ ਕਾਰਨ ਵੱਧ ਰਹੇ ਸਿਹਤ ਵਿਗਾੜ ਬਾਰੇ ਚਰਚਾ ਕੀਤੀ ਜਾ ਸਕੇ ਅਤੇ ਸਮੂਹਿਕ ਤੌਰ ’ਤੇ ਟਿਕਾਊ ਹੱਲ ਤਿਆਰ ਕੀਤੇ ਜਾ ਸਕਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਹਵਾ ਪ੍ਰਦੂਸ਼ਣ ਦੀ ਰੋਕਥਾਮ ਲਈ ਵਚਨਬੱਧ ਹੈ, ਜਿਸ ਤਹਿਤ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਫ਼ ਹਵਾ ਸਿਰਫ਼ ਇਕ ਵਾਤਾਵਰਣ ਨਾਲ ਜੁੜੀ ਚਿੰਤਾ ਨਹੀਂ ਸਗੋਂ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ, ਜਿਸ ਦੇ ਲਈ ਇਕਜੁੱਟ ਹੋ ਕੇ ਸਾਂਝੇ ਯਤਨ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ-ਸੁਥਰੀ ਹਵਾ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਜ਼ਮੀਨੀ ਪੱਧਰ ’ਤੇ ਸਹਿਯੋਗੀ ਕਾਰਵਾਈ ਦੀ ਅਹਿਮੀਅਤ ’ਤੇ ਵੀ ਜ਼ੋਰ ਦਿੱਤਾ।
ਸਾਨੂੰ ਸਭ ਨੂੰ ਸਾਫ਼-ਸੁਥਰੀ ਹਵਾ ਅਤੇ ਸਿਹਤਮੰਦ ਜੀਵਨ ਯਕੀਨੀ ਬਣਾਉਣ ਲਈ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ
ਵਧੀਕ ਡਿਪਟੀ ਕਮਿਸ਼ਨਰ ਨੇ ਲੰਗ ਕੇਅਰ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਸਾਫ਼-ਸੁਥਰੀ ਹਵਾ ਅਤੇ ਸਿਹਤਮੰਦ ਜੀਵਨ ਯਕੀਨੀ ਬਣਾਉਣ ਲਈ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਸੈਸ਼ਨ ਦੌਰਾਨ ਹਵਾ ਪ੍ਰਦੂਸ਼ਣ ਦੇ ਸਿਹਤ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਸਮਝਣਾ, ਵਾਤਾਵਰਣ ਦੇ ਵਿਗਾੜ ਨੂੰ ਜਨਤਕ ਸਿਹਤ ਚੁਣੌਤੀਆਂ ਨਾਲ ਜੋੜਨਾ, ਜਲੰਧਰ ਦੇ ਪਿੰਡਾਂ ਤੋਂ ਸਰਵੇਖਣ ਦੇ ਨਤੀਜਿਆਂ ਦੀ ਪੇਸ਼ਕਾਰੀ, ਅੰਮ੍ਰਿਤਸਰ ਵਿੱਚ ਜਾਗਰੂਕਤਾ ਅਤੇ ਸਮਰੱਥਾ-ਨਿਰਮਾਣ ਦੇ ਯਤਨਾਂ ਤੋਂ ਮਿਲੀਆਂ ਸਿੱਖਿਆਵਾਂ, ਭਾਈਚਾਰਕ ਸ਼ਮੂਲੀਅਤ ਅਤੇ ਜ਼ਮੀਨੀ ਪੱਧਰ ‘ਤੇ ਹੱਲ ਤਿਆਰ ਕਰਨਾ ਆਦਿ ਵਿਸ਼ਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਤੋਂ ਪਹਿਲਾਂ ਆਨਰੇਰੀ ਪ੍ਰਧਾਨ, ਪੰਜਾਬ (ਡੀ.ਐਫ.ਸੀ.ਏ.) ਡਾ.ਪੀ.ਐਸ. ਬਖਸ਼ੀ ਤੇ ਸੰਸਥਾਪਕ ਟਰੱਸਟੀ, ਲੰਗ ਕੇਅਰ ਫਾਊਂਡੇਸ਼ਨ ਡਾ. ਰਾਜੀਵ ਖੁਰਾਣਾ ਨੇ ਫਾਊਂਡੇਸ਼ਨ ਵੱਲੋਂ ਸਿਹਤਮੰਦ ਹਵਾ ਅਤੇ ਸਿਹਤਮੰਦ ਜੀਵਨ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ’ਤੇ ਚਾਨਣਾ ਪਾਇਆ। ਇਸ ਮੌਕੇ ਅੰਸ਼ਿਕਾ ਕਾਂਸਲ, ਰਿਤਵਿਕਾ ਮਾਮਾਨੀਆ ਅਤੇ ਡਾ. ਸੋਨਾਲੀ ਵੋਹਰਾ ਵੱਲੋਂ ਵਿਚਾਰ ਸਾਂਝੇ ਕੀਤੇ ਗਏ।
ਇਸ ਦੌਰਾਨ ਪਿੰਡਾਂ ਵਿੱਚ ਕਰਵਾਈਆਂ ਗਈਆਂ ਫੀਲਡ ਸਰਵੇਖਣ ਗਤੀਵਿਧੀਆਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਨੌਜਵਾਨ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਐਸ.ਡੀ.ਐਮ. ਸ਼ੁਭੀ ਆਂਗਰਾ, ਸਹਾਇਕ ਕਮਿਸ਼ਨਰ (ਜ) ਬਾਦਲਦੀਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।

