ਜਲੰਧਰ 16 ਮਈ (ਜਸਵਿੰਦਰ ਸਿੰਘ ਆਜ਼ਾਦ)- ਵਿੱਤੀ ਵਰ੍ਹੇ 2025-2026 ਦੀ ਚੌਥੀ ਤਿਮਾਹੀ ਦੀ ਸਮੀਖਿਆ ਕਰਨ ਲਈ ਬਲਾਕ ਪੱਧਰੀ ਬੈਂਕਰਜ਼ ਕਮੇਟੀ ਦੀਆਂ ਮੀਟਿੰਗਾਂ ਦਾ ਸਿਲਸਿਲਾ ਅੱਜ ਮੁਕੰਮਲ ਹੋ ਗਿਆ। ਐਲ.ਡੀ.ਐਮ. ਜਲੰਧਰ, ਐੱਮ. ਐੱਸ. ਮੋਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਮਈ 2026 ਨੂੰ ਲੋਹੀਆਂ ਖ਼ਾਸ ਅਤੇ ਸ਼ਾਹਕੋਟ ਦੋ ਬਲਾਕਾਂ ਵਿੱਚ ਮੀਟਿੰਗਾਂ ਨਾਲ ਇਹ ਸਿਲਸਿਲਾ ਸ਼ੁਰੂ ਹੋਇਆ ਸੀ, ਜੋ ਕਿ ਅੱਜ ਜਲੰਧਰ ਪੂਰਬੀ ਅਤੇ ਪੱਛਮੀ ਬਲਾਕਾਂ ਵਿੱਚ ਮੀਟਿੰਗ ਕਰਨ ਉਪਰੰਤ ਪੂਰਾ ਹੋ ਗਿਆ। ਜ਼ਿਲ੍ਹੇ ਦੇ ਵੱਖ-ਵੱਖ 11 ਬਲਾਕਾਂ ਵਿੱਚ ਮੀਟਿੰਗਾਂ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ ) ਦਫ਼ਤਰ ਤੋਂ ਆਜੀਵਕਾ ਮਿਸ਼ਨ ਦੇ ਨੁਮਾਇੰਦੇ, ਨਾਬਾਰਡ ਦੇ ਅਧਿਕਾਰੀ , ਰੂਡਸੈਟ ਇੰਸਟੀਚਿਊਟ ਦੇ ਨੁਮਾਇੰਦੇ , ਕਰਿਸਲ ਤੇ ਅਰੋਹ ਫਾਊਂਡੇਸ਼ਨਾਂ ਅਤੇ ਬੈਂਕ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਮੀਟਿੰਗਾਂ ਵਿੱਚ ਚੌਥੀ ਤਿਮਾਹੀ ਦੌਰਾਨ (01.01.2026 ਤੋਂ 31.03.2026 ਤੱਕ) ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਦੇ ਨਾਲ-ਨਾਲ ਪਿਛਲੇ ਆਰਥਿਕ ਵਰ੍ਹੇ ਲਈ ਮਿੱਥੇ ਗਏ ਟੀਚਿਆਂ ਅਤੇ ਨਤੀਜਿਆਂ ਬਾਰੇ ਵੀ ਵਿਚਾਰ- ਵਟਾਂਦਰਾ ਕੀਤਾ ਗਿਆ। ਇਨ੍ਹਾਂ ਮੀਟਿੰਗਾਂ ਵਿੱਚ ਐਲ.ਡੀ.ਐੱਮ. ਵੱਲੋਂ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ ਬਕਾਇਆ ਕਰਜ਼ਾ ਅਰਜ਼ੀਆਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਗਈ। ਮੀਟਿੰਗਾਂ ਵਿੱਚ ਬੈਂਕ ਅਧਿਕਾਰੀਆਂ ਵੱਲੋਂ 31 ਮਾਰਚ, 2026 ਨੂੰ ਸਮਾਪਤ ਹੋਈ ਤਿਮਾਹੀ ਦੌਰਾਨ ਆਪਣੇ-ਆਪਣੇ ਬੈਂਕ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਜ਼ਿਲ੍ਹੇ ਦੀ ਜਮ੍ਹਾ-ਕਰਜ਼ ਅਨੁਪਾਤ (ਸੀ. ਡੀ. ਰੇਸ਼ੋ) ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਬੈਂਕਾਂ ਨੂੰ ਇਸ ਵਿੱਚ ਹੋਰ ਸੁਧਾਰ ਕਰਨ ਲਈ ਵੱਧ ਤੋਂ ਵੱਧ ਕਰਜ਼ੇ ਮਨਜ਼ੂਰ ਕਰਨ ਲਈ ਕਿਹਾ ਗਿਆ।

