ਤਿੰਨ ਮਹੀਨੇ ਪਹਿਲਾਂ ਭਰਤੀ ਹੋਇਆ ਸਰਬਜੀਤ ਮਾਪਿਆਂ ਦਾ ਇੱਕਲੌਤਾ ਪੁੱਤਰ
ਹੁਸ਼ਿਆਰਪੁਰ /ਤਲਵਾਡ਼ਾ 5 ਅਪ੍ਰੈਲ ( ਤਰਸੇਮ ਦੀਵਾਨਾ ) – ਨੇਡ਼ਲੇ ਪਿੰਡ ਧਾਰ ਵਿਖੇ ਡਿਊਟੀ ਦੌਰਾਨ ਬਿਜਲੀ ਦਾ ਕਰੰਟ ਲੱਗਣ ਨਾਲ ਨਵਨਿਯੁਕਤ ਸਹਾਇਕ ਲਾਈਨਮੈਨ (ਏਐਲਐਮ) ਦੀ ਮੌਤ ਹੋ ਗਈ ਹੈ। ਘਟਨਾਂ ਬੀਤੇ ਕੱਲ੍ਹ ਦੇਰ ਸ਼ਾਮ ਦੀ ਹੈ। ਮ੍ਰਿਤਕ ਮੁਲਾਜ਼ਮ ਦੀ ਪਛਾਣ ਸਰਬਜੀਤ ਸਿੰਘ (22) ਵਾਸੀ ਪਿੰਡ ਭੰਬੋਤਾਡ਼ ਵਜੋਂ ਹੋਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਸਬ-ਡਵੀਜ਼ਨ ਤਲਵਾਡ਼ਾ ਅਧੀਨ ਸਰਬਜੀਤ ਸਿੰਘ ਨੇ ਕਰੀਬ 3 ਮਹੀਨੇ ਪਹਿਲਾਂ ਹੀ ਬਤੌਰ ਏਐਲਐਮ ਨੌਕਰੀ ਜੁਆਇੰਨ ਕੀਤੀ ਸੀ। ਉਹ ਲੰਘੇ ਕੱਲ੍ਹ ਦੇਰ ਸ਼ਾਮ ਪਿੰਡ ਧਾਰ ਵਿਖੇ ਬੰਦ ਬਿਜਲੀ ਸਪਲਾਈ ਠੀਕ ਕਰਨ ਆਪਣੇ ਸਾਥੀ ਮੁਲਾਜ਼ਮ ਨਾਲ ਗਿਆ ਸੀ, ਤਾਂ ਹਾਈਵੋਲਟੇਜ਼ ਤਾਰਾਂ ਦੇ ਸੰਪਰਕ ’ਚ ਆ ਗਿਆ। ਜਿਸ ਨੂੰ ਬੀਬੀਐਮਬੀ ਹਸਪਤਾਲ ਲੈ ਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਸਰਬਜੀਤ ਸਿੰਘ ਆਪਣੇ ਬਜ਼ੁਰਗ ਮਾਪਿਆਂ ਦਾ ਇਕਲੌਤਾ ਪੁੱਤਰ ਸੀ
ਸਰਬਜੀਤ ਸਿੰਘ ਆਪਣੇ ਬਜ਼ੁਰਗ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਉਸ ਦੀ ਛੋਟੀ ਭੈਣ ਮਾਸਟਰ ਡਿਗਰੀ ਕਰ ਰਹੀ ਹੈ। ਪਿਤਾ ਸਰਵਨ ਸਿੰਘ ਦਿੱਲੀ ’ਚ ਪ੍ਰਾਈਵੇਟ ਕੰਮ ਕਰਦਾ ਹੈ। ਜਦ ਕਿ ਮਾਤਾ ਤਲਵਾਡ਼ਾ ਸਥਿਤ ਨਿੱਜੀ ਹਪਸਤਾਲ ’ਚ ਕੰਮ ਕਰਦੀ ਹੈ। ਜਵਾਨ ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰਕ ਮੈਂਬਰ ਸਦਮੇ ’ਚ ਹਨ, ਪਿੰਡ ਵਿਚ ਸੋਗ ਦੀ ਲਹਿਰ ਹੈ। ਘਟਨਾਂ ਦੀ ਸੂਚਨਾ ਮਿਲਣ ਉਪਰੰਤ ਸਥਾਨਕ ਪੁਲੀਸ ਮੌਕੇ ’ਤੇ ਪੁੱਜੀ। ਉਨ੍ਹਾਂ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਵਾਰਸਾਂ ਦੇ ਸਪੁਰਦ ਕਰ ਦਿੱਤੀ।
ਭੰਬੋਤਾਡ਼ ਦੇ ਸਰਪੰਚ ਕਮਲ ਕਿਸ਼ੋਰ ਨੇ ਦਸਿਆ ਕਿ ਅੱਜ ਬਾਅਦ ਦੁਪਹਿਰ ਪਿੰਡ ਦੇ ਸ਼ਮਸ਼ਾਨ ਘਾਟ ’ਚ ਸਰਬਜੀਤ ਸਿੰਘ ਦਾ ਅਤਿੰਮ ਸਸਕਾਰ ਕਰ ਦਿੱਤਾ ਹੈ। ਅਤਿੰਮ ਸਸਕਾਰ ’ਚ ਵਿਭਾਗ ਦੇ ਐਕਸਿਅਨ ਗੁਰਪ੍ਰਤਾਪ ਸਿੰਘ, ਵਿਧਾਇਕ ਐਡ ਕਰਮਬੀਰ ਘੁੰਮਣ ਤੋਂ ਇਲਾਵਾ ਖ਼ੇਤਰ ਦੇ ਵੱਖ ਵੱਖ ਧਾਰਮਿਕ, ਸਮਾਜਿਕ ਸੰਗਠਨਾਂ ਤੇ ਸਿਆਸੀ ਧਿਰਾਂ ਦੇ ਨੁੰਮਾਇੰਦੇ ਸ਼ਾਮਲ ਹੋਏ। ਹਾਦਸੇ ਨੇ ਪੰਜਾਬ ਪਾਵਰਕਾਮ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਉੁੱਠਾਏ ਹਨ। ਵਿਭਾਗ ’ਚ ਵੱਡੇ ਪੱਧਰ ’ਤੇ ਮੁਲਾਜ਼ਮਾਂ ਤੇ ਸੰਸਾਧਨਾ ਦੀ ਘਾਟ ਅਤੇ ਕੰਮ ਦਾ ਬੋਝ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਮ੍ਰਿਤਕ ਦੇ ਮਾਪਿਆਂ ਅਤੇ ਪਿੰਡ ਦੇ ਮੋਹਤਬਰਾਂ ਨੇ ਹਾਦਸੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

