Breaking
Thu. Mar 19th, 2026

ਵਿਸ਼ੇਸ਼ ਰੋਜ਼ਗਾਰ ਮੇਲਾ ਤੇ ਸਵੈ ਰੋਜ਼ਗਾਰ ਕੈਂਪ 20 ਮਾਰਚ ਨੂੰ ਨਕੋਦਰ ਵਿਖੇ

ਰੋਜ਼ਗਾਰ ਮੇਲਾ

ਜਲੰਧਰ 18 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ 20 ਮਾਰਚ 2026 ਨੂੰ ਸਵੇਰੇ 9 ਵਜੇ ਤੋਂ ਗੁਰੂ ਨਾਨਕ ਨੈਸ਼ਨਲ ਕਾਲਜ (ਲੜਕੀਆਂ), ਨਕੋਦਰ ਵਿਖੇ ਇੱਕ ਵਿਸ਼ੇਸ਼ ਰੋਜ਼ਗਾਰ ਮੇਲਾ ਅਤੇ ਸਵੈ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ।

ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਬਿਊਰੋ ਨੀਲਮ ਮਹੇ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਰੋਜ਼ਗਾਰ ਮੇਲਾ ਕੇਵਲ ਲੜਕੀਆਂ/ਮਹਿਲਾਵਾਂ ਲਈ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਅਨਪੜ੍ਹ ਤੋਂ ਲੈ ਕੇ ਅੱਠਵੀਂ, ਦਸਵੀਂ, ਬਾਰਵੀਂ, ਗ੍ਰੈਜੂਏਟ ਵਿੱਦਿਅਕ ਯੋਗਤਾ ਰੱਖਣ ਵਾਲੀਆਂ ਲੜਕੀਆਂ/ਮਹਿਲਾਵਾਂ ਹਿੱਸਾ ਲੈ ਸਕਦੀਆਂ ਹਨ ਅਤੇ ਆਪਣੀ ਯੋਗਤਾ ਅਨੁਸਾਰ ਮਨਪਸੰਦ ਦੀ ਨੌਕਰੀ ਪ੍ਰਾਪਤ ਕਰ ਸਕਦੀਆਂ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਜਿਹੜੀਆਂ ਲੜਕੀਆਂ/ਮਹਿਲਾ ਉਮੀਦਵਾਰ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਮੌਕੇ ’ਤੇ ਵੱਖ-ਵੱਖ ਸਰਕਾਰੀ ਅਦਾਰਿਆਂ ਵੱਲੋਂ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ ਉੱਚੀਆਂ ਸਬਸਿਡੀ ਦਰਾਂ ’ਤੇ ਕਰਜ਼ੇ ਵੀ ਅਪਲਾਈ ਕਰਵਾਏ ਜਾਣਗੇ। ਇਸ ਤੋਂ ਇਲਾਵਾ ਕੈਂਪ ਵਾਲੇ ਦਿਨ ਸਿਹਤ ਸੰਭਾਲ ਅਤੇ ਸਾਫ-ਸਫਾਈ ਦੀ ਮਹੱਤਤਾ ਸਬੰਧੀ ਸੈਮੀਨਾਰ ਵੀ ਕਰਵਾਇਆ ਜਾਵੇਗਾ।

ਨੀਲਮ ਮਹੇ ਨੇ ਲੜਕੀਆਂ ਨੂੰ ਰੋਜ਼ਗਾਰ ਮੇਲੇ ਵਿੱਚ ਵਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ । ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਹੈਲਪਲਾਈਨ ਨੰਬਰ 9056920100 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

By admin

Related Post