ਹੁਸ਼ਿਆਰਪੁਰ 11 ਮਾਰਚ (ਤਰਸੇਮ ਦੀਵਾਨਾ ) – ਮਾਂ ਬੋਲੀ ਪੰਜਾਬੀ ਸਾਡੀ ਰੂਹ ਦੀ ਖੁਰਾਕ ਅਤੇ ਸਾਡੀ ਕੌਮੀ ਪਛਾਣ ਦਾ ਸਭ ਤੋਂ ਵੱਡਾ ਮਾਣ ਹੈ। ਪੰਜਾਬੀ ਭਾਸ਼ਾ ਸਿਰਫ਼ ਬੋਲਚਾਲ ਦਾ ਸਾਧਨ ਨਹੀਂ, ਬਲਕਿ ਇਹ ਸਾਡੀ ਇਤਿਹਾਸਕ ਵਿਰਾਸਤ, ਸੱਭਿਆਚਾਰਕ ਧਰੋਹਰ ਅਤੇ ਆਧਿਆਤਮਿਕ ਪਰੰਪਰਾਵਾਂ ਦੀ ਅਮਾਨਤ ਹੈ। ਪੰਜਾਬੀ ਦੀ ਮਿਠਾਸ, ਇਸ ਦੀ ਲਹਿਜ਼ੇ ਦੀ ਖੁਸ਼ਬੂ ਅਤੇ ਇਸ ਦੇ ਸ਼ਬਦਾਂ ਦੀ ਗਹਿਰਾਈ ਮਨੁੱਖ ਦੇ ਦਿਲ ਨੂੰ ਛੂਹ ਲੈਂਦੀ ਹੈ। ਇਹ ਵਿਚਾਰ ਡੇਰਾ 108 ਸੰਤ ਬਾਬਾ ਮੇਲਾ ਰਾਮ ਭਰੋਮਜ਼ਾਰਾ ਦੇ ਮੌਜੂਦਾ ਗੱਦੀ ਨਸ਼ੀਨ ਅਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜ਼ਾਰਾ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਸਾਂਝੇ ਕੀਤੇ!
ਉਹਨਾਂ ਕਿਹਾ ਕਿ ਅੱਜ ਦੁਨੀਆ ਗਲੋਬਲ ਪੱਧਰ ‘ਤੇ ਤਕਨੀਕੀ ਤਰੱਕੀ ਕਰ ਰਹੀ ਹੈ, ਤੇ ਤਦ ਵੀ ਪੰਜਾਬੀ ਬੋਲੀ ਨੇ ਆਪਣੀ ਵਿਲੱਖਣ ਪਛਾਣ ਕਾਇਮ ਰੱਖੀ ਹੈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੇ ਆਪਣੀ ਮਾਂ ਬੋਲੀ ਨਾਲ ਮੋਹ ਬਰਕਰਾਰ ਰੱਖ ਕੇ ਇਹ ਸਾਬਤ ਕੀਤਾ ਹੈ ਕਿ ਪੰਜਾਬੀ ਭਾਸ਼ਾ ਨਾਲ ਪਿਆਰ ਕਦੇ ਵੀ ਦੂਰੀਆਂ ਨਾਲ ਘਟਦਾ ਨਹੀਂ। ਉਨ੍ਹਾਂ ਖਾਸ ਤੌਰ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਪੜ੍ਹਨ-ਲਿਖਣ ਅਤੇ ਬੋਲਣ ਅਤੇ ਪੰਜਾਬੀ ਬੋਲੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ। ਉਹਨਾਂ ਕਿਹਾ ਕਿ ਘਰਾਂ ਵਿੱਚ ਬੱਚਿਆਂ ਨਾਲ ਪੰਜਾਬੀ ਵਿੱਚ ਗੱਲਬਾਤ ਕਰਨਾ, ਪੰਜਾਬੀ ਸਾਹਿਤ ਪੜ੍ਹਨਾ ਅਤੇ ਸਮਾਜਿਕ-ਧਾਰਮਿਕ ਸਮਾਗਮਾਂ ਵਿੱਚ ਪੰਜਾਬੀ ਦੀ ਵਰਤੋਂ ਵਧਾਉਣਾ ਸਮੇਂ ਦੀ ਲੋੜ ਹੈ।
ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਸਾਡੀ ਏਕਤਾ ਦਾ ਪ੍ਰਤੀਕ ਹੈ ਅਤੇ ਇਹ ਸਾਨੂੰ ਆਪਣੇ ਪਿਛੋਂਕੜ ਨਾਲ ਜੋੜਦੀ ਹੈ। ਉਹਨਾਂ ਕਿਹਾ ਕਿ ਜੇ ਅਸੀਂ ਆਪਣੀ ਮਾਂ ਬੋਲੀ ਦੀ ਸੰਭਾਲ ਕਰਾਂਗੇ ਤਾਂ ਅਸੀਂ ਆਪਣੀ ਪਛਾਣ ਅਤੇ ਅਸਲੀਅਤ ਨੂੰ ਵੀ ਸੁਰੱਖਿਅਤ ਰੱਖਾਂਗੇ। ਉਨ੍ਹਾਂ ਨੇ ਸਭਨਾਂ ਨੂੰ ਅਪੀਲ ਕੀਤੀ ਕਿ ਆਪਾ ਇਹ ਸੰਕਲਪ ਲਈਏ ਕਿ ਪੰਜਾਬੀ ਦੀ ਮਹਾਨਤਾ, ਮਿਠਾਸ ਅਤੇ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਮਾਣ-ਸਨਮਾਨ ਨਾਲ ਪਹੁੰਚਾਇਆ ਜਾਵੇ, ਤਾਂ ਜੋ ਪੰਜਾਬੀ ਭਾਸ਼ਾ ਸਦਾ ਹੀ ਚਮਕਦੀ ਰਹੇ।

