Breaking
Wed. Mar 11th, 2026

‘ਯੁੱਧ ਨਸ਼ਿਆਂ ਵਿਰੁੱਧ’: ਜਮਸ਼ੇਰ ਖਾਸ ਵਿਖੇ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਉਸਾਰੀ ਢਾਹੀ

ਯੁੱਧ ਨਸ਼ਿਆਂ ਵਿਰੁੱਧ

ਸਿਵਲ ਤੇ ਪੁਲਿਸ ਅਧਿਕਾਰੀਆਂ ਵੱਲੋਂ ਸਾਂਝੀ ਕਾਰਵਾਈ

ਜਲੰਧਰ 10 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅੱਜ ਜਲੰਧਰ ਵਿੱਚ ਇੱਕ ਹੋਰ ਫੈਸਲਾਕੁੰਨ ਕਾਰਵਾਈ ਕੀਤੀ ਗਈ। ਇਸ ਕਾਰਵਾਈ ਅਧੀਨ ਪਿੰਡ ਜਮਸ਼ੇਰ ਵਿਖੇ ਇੱਕ ਬਦਨਾਮ ਨਸ਼ਾ ਤਸਕਰ ਨਾਲ ਸਬੰਧਤ ਗੈਰ-ਕਾਨੂੰਨੀ ਢੰਗ ਨਾਲ ਪੰਚਾਇਤੀ ਜ਼ਮੀਨ ’ਤੇ ਕੀਤੇ ਕਬਜ਼ੇ ਨੂੰ ਢਾਹ ਦਿੱਤਾ ਗਿਆ।

ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਵਾਈ ਗ੍ਰਾਮ ਪੰਚਾਇਤ ਜਮਸ਼ੇਰ, ਐਸ.ਡੀ.ਓ. ਜਮਸ਼ੇਰ ਅਤੇ ਕਮਿਸ਼ਨਰੇਟ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ ਹੈ। ਏ.ਡੀ.ਸੀ.ਪੀ-2 ਹਰਿੰਦਰ ਸਿੰਘ ਗਿੱਲ ਅਤੇ ਏ.ਡੀ.ਸੀ.ਪੀ ਕੈਂਟ ਸਰਵਣਜੀਤ ਸਿੰਘ ਵੱਲੋਂ ਨਿਜੀ ਤੌਰ ’ਤੇ ਕਾਰਵਾਈ ਦੀ ਨਿਗਰਾਨੀ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਇਹ ਗੈਰ-ਕਾਨੂੰਨੀ ਉਸਾਰੀ ਜੇਮਸ ਉਰਫ਼ ਸਾਬੀ ਵਾਸੀ ਪਿੰਡ ਜਮਸ਼ੇਰ ਖਾਸ ਪੱਤੀ ਗਿੱਲਾਂ ਦੀ ਸੀ, ਜੋ ਕਿ ਜਲੰਧਰ ਕਮਿਸ਼ਨਰੇਟ ਦੇ ਥਾਣਾ ਸਦਰ ਦੇ ਅਧਿਕਾਰ ਖੇਤਰ ’ਚ ਹੈ। ਜੇਮਸ ਉਰਫ਼ ਸਾਬੀ ਇੱਕ ਬਦਨਾਮ ਨਸ਼ਾ ਤਸਕਰ ਸੀ, ਜਿਸ ‘ਤੇ ਪਹਿਲਾਂ ਹੀ ਐਨ.ਡੀ.ਪੀ.ਐਸ. ਐਕਟ ਅਤੇ ਐਕਸਾਈਜ਼ ਐਕਟ ਅਧੀਨ 16 ਮਾਮਲੇ ਦਰਜ ਸਨ। ਇਹ ਕਪੂਰਥਲਾ ਜੇਲ੍ਹ ਵਿੱਚ ਬੰਦ ਸੀ ਅਤੇ ਬਿਮਾਰ ਹੋਣ ਕਰਕੇ ਇਸਦੀ ਇਲਾਜ ਦੌਰਾਨ ਅੰਮ੍ਰਿਤਸਰ ਵਿਖੇ ਹਸਪਤਾਲ ਵਿੱਚ ਮੌਤ ਹੋ ਗਈ ਸੀ, ਇਸ ਪਤੇ ’ਤੇ ਇਸਦੀ ਪਤਨੀ ਸੱਤਿਆ ਦੇਵੀ ਅਤੇ ਇਸਦਾ ਬੇਟਾ ਕਰਨ ਰਹਿ ਰਹੇ ਹਨ, ਜਿਨ੍ਹਾਂ ਖਿਲਾਫ਼ ਵੀ 1-1 ਮੁਕੱਦਮਾ ਥਾਣਾ ਸਦਰ ਕਮਿਸ਼ਨਰੇਟ ਜਲੰਧਰ ਵਿਖੇ ਦਰਜ ਹੈ।

ਉਨ੍ਹਾਂ ਦੁਹਰਾਇਆ ਕਿ ਨਸ਼ਿਆਂ ਨਾਲ ਸਬੰਧਤ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਅਜਿਹੀਆਂ ਸਖ਼ਤ ਕਾਰਵਾਈਆਂ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹਿਣਗੀਆਂ।

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਾਗਰਿਕਾਂ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਗਏ ਵਟਸਐਪ ਨੰਬਰ 9779-100-200 ਰਾਹੀਂ ਨਸ਼ਿਆਂ ਦੀ ਤਸਕਰੀ ਜਾਂ ਗੈਰ-ਕਾਨੂੰਨੀ ਨਸ਼ਿਆਂ ਸਬੰਧੀ ਗਤੀਵਿਧੀਆਂ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ। ਸੂਚਨਾ ਦੇਣ ਵਾਲਿਆਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।

By admin

Related Post