Breaking
Tue. Mar 10th, 2026

ਹੁਸ਼ਿਆਰਪੁਰ ਵਿਚ 22 ਡੈਲੀਗੇਟਾਂ ਸਮੇਤ ਸਮੁੱਚਾ ’ਚੁੱਲ੍ਹਾ ਦਲ’ ਅਕਾਲੀ ਦਲ ਵਿਚ ਹੋਇਆ ਸ਼ਾਮਲ

ਚੁੱਲ੍ਹਾ ਦਲ

ਸੁਖਬੀਰ ਬਾਦਲ ਨੇ ਕੰਢੀ ਇਲਾਕੇ ਦੇ ਵਿਕਾਸ ਵਾਸਤੇ ਪੇਸ਼ ਕੀਤੀ ਯੋਜਨਾ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਸਤਵਿੰਦਰਪਾਲ ਸਿੰਘ ਢੱਟ ਦਾ ਅਕਾਲੀ ਦਲ ਵਿਚ ਵਾਪਸੀ ’ਤੇ ਕੀਤਾ ਸਵਾਗਤ

ਹੁਸ਼ਿਆਰਪੁਰ / ਸੈਲਾ ਖੁਰਦ 9 ਮਾਰਚ ( ਤਰਸੇਮ ਦੀਵਾਨਾ ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਕੰਢੀ ਇਲਾਕੇ ਦੇ ਵਿਕਾਸ ਵਾਸਤੇ ਵਿਆਪਕ ਯੋਜਨਾ ਲਾਗੂ ਕੀਤੀ ਜਾਵੇਗੀ ਅਤੇ ਹਾਈਵੇ ਉਸਾਰੇ ਜਾਣਗੇ ਤੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਾਬਕਾ ਵਿਧਾਇਕ ਸਰਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ 22 ਡੈਲੀਗੇਟਾਂ ਤੇ ਹੋਰ ਸਾਥੀਆਂ ਸਮੇਤ ਹੁਸ਼ਿਆਰਪੁਰ ਦੀ ਸਮੁੱਚੀ ਇਕਾਈ ਦੀ ਪਾਰਟੀ ਵਿਚ ਵਾਪਸੀ ’ਤੇ ਸਵਾਗਤ ਕੀਤਾ। ਇਥੇ ਸੈਲਾ ਖੁਰਦ ਅਨਾਜ ਮੰਡੀ ਵਿਚ ਇਕ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦੁਆਬੇ ਵਿਚ ਅਕਾਲੀ ਦਲ ਦਾ ਮੁੜ ਉਭਾਰ ਹੋ ਰਿਹਾ ਹੈ ਤੇ ਅਕਾਲੀ ਦਲ ਦੇ ਆਗੂਆਂ ਦੀ ਘਰ ਵਾਪਸੀ ਦੀ ਲਹਿਰ ਚਲ ਰਹੀ ਹੈ ਤੇ ’ਚੁੱਲ੍ਹਾ ਦਲ’ ਜਿਸਨੂੰ ਪੁਨਰ ਸੁਰਜੀਤ ਦਲ ਵੀ ਆਖਿਆ ਜਾਂਦਾ ਹੈ, ਦਾ ਪੰਜਾਬ ਵਿਚ ਸਫਾਇਆ ਹੋ ਰਿਹਾ ਹੈ ਤੇ ਇਸਦੇ ਆਗੂ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਨੂੰ ਕੇਂਦਰੀ ਏਜੰਸੀਆਂ ਦੇ ਇਸ਼ਾਰੇ ’ਤੇ ਆਪਣੀ ਮਾਂ ਪਾਰਟੀ ਨੂੰ ਕਮਜ਼ੋਰ ਕਰਨ ਦੀ ਥਾਂ ਮਾਂ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਤਸੱਲੀ ਵਾਲੀ ਗੱਲ ਹੈ ਕਿ ਚੁੱਲ੍ਹਾ ਦਲ ਦੀ ਹੁਸ਼ਿਆਰਪੁਰ ਇਕਾਈ ਸਮੁੱਚੇ ਤਰ ’ਤੇ ਅਕਾਲੀ ਦਲ ਵਿਚ ਮੁੜ ਵਾਪਸ ਸ਼ਾਮਲ ਹੋ ਗਈ ਹੈ। ਉਹਨਾਂ ਨੇ ਭੁੱਲੇਵਾਲ ਰਾਠਾਂ ਨੂੰ ਇਸ ਮੌਕੇ ਇਸ ਹਲਕੇ ਦਾ ਹਲਕਾ ਇੰਚਾਰਜ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ।

ਬਾਦਲ ਨੇ ਚੁੱਲ੍ਹਾ ਦਲ ਦੇ ਸੀਨੀਅਰ ਆਗੂਆਂ ਜਿਹਨਾਂ ਵਿਚ ਹੁਸ਼ਿਆਰਪੁਰ ਦੇ ਪ੍ਰਧਾਨ ਸਤਵਿੰਦਰਪਾਲ ਸਿੰਘ ਢੱਟ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ . ਜੰਗ ਬਹਾਦਰ ਸਿੰਘ ਵੀ ਸ਼ਾਮਲ ਸਨ, ਦਾ ਮੁੜ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ।

2027 ਵਿਚ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਅਸੀਂ ਇਸ ਪੱਟੀ ਵਾਸਤੇ ਵਿਸ਼ੇਸ਼ ਉਦਯੋਗਿਕ ਵਿਕਾਸ ਪੈਕੇਜ ਦਾ ਐਲਾਨ ਕਰਾਂਗੇ

ਕੰਢੀ ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਕ ਵਾਰ 2027 ਵਿਚ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਅਸੀਂ ਇਸ ਪੱਟੀ ਵਾਸਤੇ ਵਿਸ਼ੇਸ਼ ਉਦਯੋਗਿਕ ਵਿਕਾਸ ਪੈਕੇਜ ਦਾ ਐਲਾਨ ਕਰਾਂਗੇ ਜਿਸ ਵਿਚ ਬਿਜਲੀ ਤੇ ਟੈਕਸ ਰਿਆਇਤਾਂ ਵੀ ਸ਼ਾਮਲ ਹੋਣਗੀਆਂ ਤੇ ਇਸ ਵਿਚ ਪਠਾਨਕੋਟ ਤੋਂ ਚੰਡੀਗੜ੍ਹ ਤੇ ਅੰਮ੍ਰਿਤਸਰ ਤੋਂ ਸ੍ਰੀ ਆਨੰਦੁਰ ਸਾਹਿਬ ਤੱਕ ਹਾਈਵੇ ਦੀ ਉਸਾਰੀ ਵੀ ਸ਼ਾਮਲ ਹੋਵੇਗੀ। ਉਹਨਾਂ ਕਿਹਾ ਕਿ ਅਕਾਲੀ ਦਲ ਕੰਢੀ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਵੀ ਸਮਝਦਾ ਹੈ ਖਾਸ ਤੌਰ ’ਤੇ ਪਾਣੀ ਦੀ ਘਾਟ ਬਾਰੇ ਜਾਣਕਾਰੀ ਰੱਖਦਾ ਹੈ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਵਾਸਤੇ ਸਰਕਾਰੀ ਟਿਊਬਵੈਲ ਲਗਾਵਾਂਗੇ ਅਤੇ ਤੁਪਕਾ ਸਿੰਜਾਈ ਪ੍ਰਣਾਲੀ ਸ਼ੁਰੂ ਕਰਾਂਗੇ ਤਾਂ ਜੋ ਕਿਸਾਨਾਂ ਨੂੰ ਖੇਤਾਂ ਦੀ ਸਿੰਜਾਈ ਵਾਸਤੇ ਲਾਭ ਮਿਲ ਸਕੇ।

ਇਕ ਹੋਰ ਅਹਿਮ ਐਲਾਨ ਕਰਦਿਆਂ ਬਾਦਲ ਨੇ ਕਿਹਾ ਕਿ ਅਕਾਲੀ ਦਲ ਮਹਿਲਪੁਰ ਵਿਖੇ ਸੈਂਟਰ ਫਾਰ ਐਕਸੀਲੈਂਸ ਸਥਾਪਿਤ ਕਰੇਗਾ ਜਿਸਦਾ ਫੁੱਟਬਾਲ ਖੇਡ ਵਾਸਤੇ ਬਹੁਤ ਲਾਭ ਮਿਲੇਗਾ। ਉਹਨਾਂ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਇਸ ਕੇਂਦਰ ਵਿਚ ਹਾਕੀ ਵਾਸਤੇ 17 ਐਸਟਰੋ ਫਾਰਮ ਸਥਾਪਿਤ ਹੋਣਗੇ ਜੋ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਇਸ ਕੇਂਦਰ ਨੂੰ ਕੌਮਾਂਤਰੀ ਕੇਂਦਰ ਵਜੋਂ ਵਿਕਸਤ ਕਰਨ ਵਾਸਤੇ ਬਣਾਏ ਸਨ।

ਮੁੱਖ ਮੰਤਰੀ ਭਗਵੰਤ ਮਾਨ ’ਤੇ ਆਸਟਰੇਲੀਆ ਵਿਚ ਭ੍ਰਿਸ਼ਟ ਸਾਧਨਾਂ ਰਾਹੀਂ 2500 ਏਕੜ ਜ਼ਮੀਨ ਬਣਾਉਣ ਦਾ ਦੋਸ਼ ਲਾਉਂਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਪ ਸਰਕਾਰ ਕੋਲ ਬੁਢਾਪਾ ਪੈਨਸ਼ਨ, ਸ਼ਗੀਨ ਸਕੀਮ ਜਾਂ ਫਿਰ ਸੜਕਾਂ ਤੇ ਸੀਵਰੇਜ ਦੇ ਕੰਮਾਂ ਵਾਸਤੇ ਪੈਸਾ ਨਹੀਂ ਹੈ ਪਰ ਉਸਨੇ ਪਿਛਲੇ ਚਾਰ ਸਾਲਾਂ ਵਿਚ ਇਸ਼ਤਿਹਾਰਬਾਜ਼ੀ ’ਤੇ 4400 ਕਰੋੜ ਰੁਪਏ ਦਾ ਖਰਚਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹਿਸੇ ਤਰੀਕੇ ਸਰਕਾਰ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਿਆ ਦੇਣ ਵਿਚ ਨਾਕਾਮ ਸਾਬਤ ਹੋਈ ਹੈ ਪਰ ਇਸਨੇ ਇਸੇ ਸਾਲ 52000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ ਤੇ ਸਰਕਾਰੀ ਜਾਇਦਾਦਾਂ ਵੇਚ ਰਹੀ ਹੈ। ਉਹਨਾਂ ਕਿਹਾ ਕਿ ਇਹ ਕੁਝ ਮਹੀਨਿਆਂ ਵਾਸਤੇ ਨਗਦ ਅਦਾਇਗੀ ਰਾਹੀਂ ਵੋਟਾਂ ਖਰੀਦਣ ਦੀ ਕੋਸ਼ਿਸ਼ ਹੈ।

ਅਗਲੀ ਅਕਾਲੀ ਦਲ ਦੀ ਸਰਕਾਰ ਸੂਬੇ ਵਿਚੋਂ ਗੈਂਗਸਟਰਵਾਦ ਅਤੇ ਨਸ਼ਾ ਮਾਫੀਆ ਖ਼ਤਮ ਕਰੇਗੀ

ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸੂਬੇ ਵਿਚੋਂ ਗੈਂਗਸਟਰਵਾਦ ਅਤੇ ਨਸ਼ਾ ਮਾਫੀਆ ਖ਼ਤਮ ਕਰੇਗੀ। ਉਹਨਾਂ ਕਿਹਾ ਕਿ ਅਸੀਂ ਕਾਨੂੰਨ ਲੈ ਕੇ ਆਵਾਂਗੇ ਕਿ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਜ਼ਮਾਨਤਾਂ ਨਾ ਮਿਲਣ ਤੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਹੋਣ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸਤਲੁਜ ਤੇ ਬਿਆਸ ਦਰਿਆਵਾਂ ਵਿਚ ਪ੍ਰਦੂਸ਼ਤ ਪਾਣੀ ਦਾ ਇਕ ਤੁਪਕਾ ਵੀ ਨਹੀਂ ਦੇਵੇਗੀ। ਉਹਨਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਹਨਾਂ ਕਿਹਾ ਕਿ ਮਾਲਵਾ ਪੱਟੀ ਵਿਚ ਕੈਂਸਰ ਦੇ ਟਾਕਰੇ ਵਾਸਤੇ ਅਜਿਹਾ ਕਰਨਾ ਲਾਜ਼ਮੀ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਸੱਤਾ ਵਿਚ ਆਉਣ ’ਤੇ ਰਾਜਸਥਾਨ ਨਹਿਰ ਰਾਹੀਂ ਇਕ ਬੂੰਦ ਵੀ ਪਾਣੀ ਨਹੀਂ ਜਾਣ ਦੇਵੇਗਾ। ਉਹਨਾਂ ਕਿਹਾ ਕਿ ਕਾਂਗਰਸ ਪੰਜਾਬ ਦੇ ਪਾਣੀ ਰਾਜਸਥਾਨ ਨੂੰ ਦੇਣ ਵਾਸਤੇ ਜ਼ਿੰਮੇਵਾਰ ਹੈ ਅਤੇ ਉਹ ਇਹ ਯਕੀਨੀ ਬਣਾਉਣਗੇ ਕਿ ਇਸ ਇਤਿਹਾਸਕ ਅਨਿਆਂ ਨੂੰ ਦਰੁੱਸਤ ਕੀਤਾ ਜਾਵੇ। ਉਹਨਾਂ ਕਿਹਾ ਕਿ ਰਾਜਸਥਾਨ ਨਹਿਰ ਰਾਹੀਂ ਜਾਂਦਾ ਸਾਰਾ ਪਾਣੀ ਪੰਜਾਬ ਦੇ ਖੇਤਾਂ ਵਾਸਤੇ ਦਿੱਤਾ ਜਾਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪਿਛਲੀ ਅਕਾਲੀ ਸਰਕਾਰ ਵੱਲੋਂ ਵਪਾਰੀਆਂ ਵਾਸਤੇ ਸ਼ੁਰੂ ਕੀਤੀ ਗਈ ’ਰਾਹਤ’ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ ਜੋ ਕਿ ਕਾਂਗਰਸ ਤੇ ਆਪ ਸਰਕਾਰ ਦੇ ਰਾਜ ਵਿਚ ਬੰਦ ਕੀਤੀ ਗਈ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਤੇ ਇੰਜੀਨੀਅਰਿੰਗ ਕਾਲਜਾਂ ਵਿਚ 50 ਫੀਸਦੀ ਸੀਟਾਂ ਪੰਜਾਬੀਆਂ ਵਾਸਤੇ ਰਾਖਵੀਂਆਂ ਕੀਤੀਆਂ ਜਾਣਗੀਆਂ ਤੇ ਪੰਜਾਬੀਆਂ ਨੂੰ ਪ੍ਰੋਫੈਸ਼ਨਲ ਸਿੱਖਿਆ ਮੁਫਤ ਪ੍ਰਦਾਨ ਕੀਤੀ ਜਾਵੇਗੀ।

ਇਸ ਮੌਕੇ ਰੈਲੀ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਾਬਕਾ ਮੰਤਰੀ ਸੋਹਣ ਸਿੰਘ ਠੰਢਲ, ਲਖਵਿੰਦਰ ਸਿੰਘ ਲੱਖੀ ਟਾਡਾ, ਜਤਿੰਦਰ ਸਿੰਘ ਲਾਲੀ ਬਾਜਵਾ, ਵਰਿੰਦਰ ਬਾਜਵਾ, ਵਿਨਰਜੀਤ ਸਿੰਘ ਗੋਲਡੀ, ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਰਵਿੰਦਰ ਸਿੰਘ ਚੱਕ ਤੇ ਬਿਕਰਮ ਸਿੰਘ ਅੱਲ੍ਹਾਬਖਸ਼ ਨੇ ਵੀ ਸੰਬੋਧਨ ਕੀਤਾ।

By admin

Related Post