Breaking
Fri. Feb 27th, 2026

ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰ ਕੇ ਭਾਰਤ ਵਿਚ ਵੀ ਸੁਨਿਹਰਾ ਭਵਿੱਖ ਤਿਆਰ ਕੀਤਾ ਜਾ ਸਕਦਾ ਹੈ : ਸੰਤ ਸਤਰੰਜਨ ਸਿੰਘ ਧੁੱਗਿਆ ਵਾਲੇ

ਭਾਰਤ

ਹੁਸ਼ਿਆਰਪੁਰ 26 ਫਰਵਰੀ (ਤਰਸੇਮ ਦੀਵਾਨਾ ) – ਅੱਜ ਦੇ ਸਮੇਂ ਵਿਚ ਵਿਦੇਸ਼ ਜਾਣ ਦੀ ਦੌੜ ਨੇ ਪਰਿਵਾਰਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ਤੇ ਕਮਜ਼ੋਰ ਕਰ ਦਿੱਤਾ ਹੈ। ਇਹ ਵਿਚਾਰ ਨਜ਼ਦੀਕੀ ਪਿੰਡ ਧੁੱਗਾ ਕਲਾਂ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਸਤਰੰਜਨ ਸਿੰਘ ਧੁੱਗਿਆ ਵਾਲਿਆਂ ਨੇ ਕੁਝ ਚੌਣਵੇ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਸਾਂਝੇ ਕੀਤੇ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਭਾਰਤ ਅੰਦਰ ਹੀ ਕਿਸੇ ਕੰਮ ਦੀ ਵਧੀਆ ਟ੍ਰੇਨਿੰਗ ਪ੍ਰਾਪਤ ਕਰ ਕੇ ਆਪਣਾ ਰੋਜ਼ਗਾਰ ਸ਼ੁਰੂ ਕਰਨ ਅਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ ਉਨ੍ਹਾਂ ਕਿਹਾ ਕਿ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਖਰਚ ਕਰਦੇ ਹਨ। ਕਈ ਵਾਰ ਤਾਂ ਪਰਿਵਾਰ ਆਪਣੇ ਘਰ-ਬਾਰ ਅਤੇ ਜਮੀਨਾਂ ਤੱਕ ਵੇਚ ਦਿੰਦੇ ਹਨ, ਤਾਂ ਜੋ ਬੱਚੇ ਵਿਦੇਸ਼ ਵਿਚ ਸੈਟਲ ਹੋ ਸਕਣ ਪਰ ਹਕੀਕਤ ਇਹ ਹੈ ਕਿ ਹਰ ਵਿਦੇਸ਼ ਜਾਣ ਵਾਲੇ ਨੂੰ ਮਨਚਾਹੀ ਸਫਲਤਾ ਨਹੀਂ ਮਿਲਦੀ ਅਤੇ ਕਈ ਨੌਜਵਾਨ ਉਥੇ ਜਾ ਕੇ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਦੇ ਹਨ।

ਨੌਜਵਾਨ ਸਹੀ ਦਿਸ਼ਾ ਵਿਚ ਤਿਆਰੀ ਕਰਨ ਅਤੇ ਮਿਹਨਤ ਨਾਲ ਕੰਮ ਕਰਨ

ਉਨ੍ਹਾਂ ਕਿਹਾ ਕਿ ਜੇ ਨੌਜਵਾਨ ਸਹੀ ਦਿਸ਼ਾ ਵਿਚ ਤਿਆਰੀ ਕਰਨ ਅਤੇ ਮਿਹਨਤ ਨਾਲ ਕੰਮ ਕਰਨ ਤਾਂ ਉਹ ਦੇਸ਼ ਅੰਦਰ ਰਹਿਕੇ ਕਾਮਯਾਬ ਉਦਯੋਗਪਤੀ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇ ਨੌਜਵਾਨ ਤਕਨੀਕੀ ਤਾਲੀਮ ਪ੍ਰਾਪਤ ਕਰ ਕੇ ਛੋਟੇ ਪੱਧਰ ਤੋਂ ਸ਼ੁਰੂਆਤ ਕਰਨ, ਤਾਂ ਹੌਲੀ-ਹੌਲੀ ਵੱਡੇ ਪੱਧਰ ‘ਤੇ ਪਹੁੰਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਪਣੀ ਧਰਤੀ ‘ਤੇ ਕਾਰੋਬਾਰ ਕਰਨ ਨਾਲ ਪਰਿਵਾਰਕ ਸਹਾਰਾ ਵੀ ਮਿਲਦਾ ਹੈ ਅਤੇ ਇਨਸਾਨ ਸਮਾਜ ਨਾਲ ਵੀ ਜੁੜਿਆ ਰਹਿੰਦਾ ਹੈ ।ਉਨ੍ਹਾਂ ਮਾਪਿਆਂ ਨੂੰ ਦੀ ਅਪੀਲ ਕੀਤੀ ਕਿ ਉਹ ਸਿਰਫ ਸਮਾਜਿਕ ਦਬਾਅ ਹੇਠ ਆ ਕੇ ਬੱਚਿਆਂ ਨੂੰ ਵਿਦੇਸ਼ ਨਾ ਭੇਜਣ। ਬੱਚਿਆਂ ਦੀ ਰੁਚੀ ਅਤੇ ਯੋਗਤਾ ਨੂੰ ਸਮਝ ਕੇ ਉਨ੍ਹਾਂ ਨੂੰ ਸਹੀ ਰਾਹ ਦਿਖਾਇਆ ਜਾਵੇ।

ਉਹਨਾ ਕਿਹਾ ਕੀ ਜੇ ਨੌਜਵਾਨ ਇੱਥੇ ਹੀ ਆਪਣਾ ਪੈਸਾ ਇਨਵੈਸਟ ਕਰ ਕੇ ਕਾਰੋਬਾਰ ਸ਼ੁਰੂ ਕਰਨ ਤਾ ਬਹੁਤ ਚੰਗਾ ਹੋਵੇਗਾ,ਉਹਨਾ ਕਿਹਾ ਕਿ ਨੌਜਵਾਨ ਖੁਦ ਰੁਜ਼ਗਾਰ ਪ੍ਰਾਪਤ ਕਰਨਗੇ ਸਗੋਂ ਹੋਰ ਲੋਕਾਂ ਲਈ ਵੀ ਰੋਜ਼ਗਾਰ ਦੇ ਮੌਕੇ ਪੈਦਾ ਕਰਨਗੇ ਉਨ੍ਹਾਂ ਕਿਹਾ ਕਿ ਵਿਦੇਸ਼ ਜਾਣਾ ਗਲਤ ਨਹੀਂ, ਪਰ ਬਿਨਾਂ ਜਾਣਕਾਰੀ ਵਿਦੇਸ਼ ਜਾਣਾ ਅਧੂਰਾ ਹੈ। ਉਹਨਾ ਕਿਹਾ ਕਿ ਜੇ ਨੌਜਵਾਨ ਕਿਸੇ ਇਕ ਖੇਤਰ ਵਿਚ ਮੁਹਾਰਤ ਹਾਸਲ ਕਰ ਲੈਂਦੇ ਹਨ ਤਾਂ ਉਹ ਕਿਤੇ ਵੀ ਕਾਮਯਾਬ ਹੋ ਸਕਦੇ ਹਨ। ਅੰਤ ਵਿਚ ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰ ਕੇ ਭਾਰਤ ਵਿਚ ਹੀ ਸੁਨਿਹਰਾ ਭਵਿੱਖ ਤਿਆਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਵਤਨ ਵਿਚ ਰਹਿ ਕੇ ਕਾਰੋਬਾਰ ਸ਼ੁਰੂ ਕਰਨਾ ਸਿਰਫ਼ ਨਿੱਜੀ ਤਰੱਕੀ ਹੀ ਨਹੀਂ ਬਲਕਿ ਦੇਸ਼ ਦੀ ਆਰਥਿਕ ਮਜ਼ਬੂਤੀ ਵੱਲ ਵੀ ਇਕ ਵੱਡਾ ਕਦਮ ਹੈ।

By admin

Related Post