ਹੁਸ਼ਿਆਰਪੁਰ 25 ਨਵੰਬਰ ( ਤਰਸੇਮ ਦੀਵਾਨਾ ) – ਸੰਗੀਤ ਅਤੇ ਗੁਰਮਤਿ ਪੜਾਈ ਲਈ ਸੰਤ ਸਰਵਣ ਦਾਸ ਜੀ ਸਲੇਮਟਾਬਰੀ (ਲੁਧਿਆਣਾ) ਵਲੋੰ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਪਿੰਡ ਮਾਧੋਪੁਰ ਨੇੜੇ ਭੋਗਪੁਰ ਵਿਖੇ ਮਨਮੌਜੀ ਸੰਗੀਤ ਅਕੈਡਮੀ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਲੈਕਚਰਾਰ ਕਿਰਤੀ ਸਿੰਘ , ਰਿਟਾਇਰਡ ਵੀ ਪੀ ਈ ਓ ਸੁੂਰਤੀ ਲਾਲ, ਰਿਟਾਇਰਡ ਵੀ ਪੀ ਈ ਓ ਰਾਜਕੁਮਾਰ, ਵੀ ਪੀ ਈ ਓ ਜਸਵਿੰਦਰ ਬਾਂਸਲ, ਸਨੰਦਨ ਕੁਮਾਰ ਮਿਊਜ਼ਿਕ ਟੀਚਰ, ਮਾਸਟਰ ਪ੍ਰਭਜੀਤ ਬਾਂਸਲ, ਹਰਜਾਪ, ਮਾਸਟਰ ਰਾਜ ਕੁਮਾਰ ਅਤੇ ਇਲਾਕੇ ਦੀਆਂ ਸੰਗਤਾਂ ਹਾਜਰ ਸਨ।
ਇਸ ਮੌਕੇ ਸੰਤ ਸਰਵਣ ਦਾਸ ਜੀ ਨੇ ਦੱਸਿਆ ਕਿ ਸਕੂਲਾਂ, ਕਾਲਿਜਾਂ ਦੀ ਉਚੇਰੀ ਚੰਗੀ ਸਿੱਖਿਆ ਦੇ ਨਾਲ ਨਾਲ ਬੱਚਿਆਂ, ਵਿਦਿਆਰਥੀਆਂ ਨੂੰ ਸੰਗੀਤ ਅਤੇ ਗੁਰਮਤਿ ਸਿੱਖਿਆ ਦੇਣਾ ਬਹੁਤ ਜਰੂਰੀ ਹੈ । ਓਨਾਂ ਕਿਹਾ ਮਨਮੌਜੀ ਸੰਗੀਤ ਅਕੈਡਮੀ ਵਲੋੰ ਸੰਗੀਤ ਦੇ ਮਾਹਿਰ ਪ੍ਰੋਫੈਸਰ, ਮਾਸਟਰ ਵਿਦਿਆਰਥੀਆਂ ਨੂੰ ਸੰਗੀਤ ਨਾਲ ਜੋੜਨਗੇ ਅਤੇ ਗੁਰਮਤਿ ਦੀ ਪੜਾਈ ਵੀ ਕਰਵਾਉਣਗੇ।
ਸੰਤ ਸਰਵਣ ਦਾਸ ਨੇ ਕਿਹਾ ਕਿ ਬੱਚਿਆਂ ਦਾ ਧਿਆਨ ਨਸ਼ਿਆਂ ਅਤੇ ਭੈੜੀ ਸੰਗਤ ਤੋਂ ਹਟਾਕੇ ਕੇ ਸੰਗੀਤ ਵੱਲ ਲੈ ਕੇ ਜਾਣਾ ਅਜੋਕੇ ਸਮੇਂ ਦੀ ਵੱਡੀ ਲੋੜ ਹੈ। ਉਨਾਂ ਕਿਹਾ ਕਿ ਇਸ ਇਲਾਕੇ ਵਿੱਚ ਸੰਗੀਤ, ਗੁਰਮਤਿ ਅਕੈਡਮੀ ਖੋਹਲਣ ਦੀ ਸੰਗਤਾਂ ਦੀ ਕਈ ਸਮੇਂ ਤੋਂ ਮੰਗ ਸੀ ਜੋ ਕਿ ਅੱਜ ਸੰਗਤਾਂ ਦੇ ਹੀ ਵੱਡੇ ਉਪਰਾਲਿਆਂ ਨਾਲ ਪੂਰੀ ਹੋਈ ਹੈ। ਉਨਾਂ ਵਿਦਿਆਰਥੀਆਂ ਨੂੰ ਤਗੀਦ ਕੀਤੀ ਕਿ ਉਹ ਸੰਗੀਤ ਅਤੇ ਗੁਰਮਤਿ ਦੀ ਪੜਾਈ ਮਨ ਲਗਾਕੇ ਕਰਨ ਅਤੇ ਸੰਗੀਤ ਜਗਤ ਵਿੱਚ ਚੰਗਾ ਨਾਮ ਕਮਾਉਣ।

