– ਮਹਿਲਾ ਸਸ਼ਕਤੀਕਰਨ ਲਈ ਭਵਿੱਖ ‘ਚ ਵੀ ਚੁੱਕੇ ਜਾਣਗੇ ਅਜਿਹੇ ਕਦਮ : ਡਾ. ਅਗਰਵਾਲ
ਜਲੰਧਰ 2 ਅਕਤੂਬਰ (ਜਸਵਿੰਦਰ ਸਿੰਘ ਆਜ਼ਾਦ)- ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਾਂਝੇ ਉਪਰਾਲੇ ਤਹਿਤ ਕੇਅਰਗਿਵਰ-ਜੱਚਾ-ਬੱਚਾ (ਨਾਨ-ਕਲੀਨਿਕਲ) ਕੋਰਸ ਮੁਕੰਮਲ ਕਰਨ ਵਾਲੀਆਂ 30 ਸਿਖਿਆਰਥਣਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਲੋਹੀਆਂ ਦੇ ਪਿੰਡ ਗਿੱਦੜਪਿੰਡੀ ਦੀਆਂ ਸੈਲਫ਼ ਹੈਲਪ ਗਰੁੱਪ ਦੀਆਂ 30 ਮੈਂਬਰਾਂ ਨੂੰ ਇਹ ਸਿਖ਼ਲਾਈ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿਖਿਆਰਥਣਾਂ ਨੂੰ ਟ੍ਰੇਨਿੰਗ ਪਾਰਟਨਰ ਰਾਹੀਂ ਸਿਖ਼ਲਾਈ ਮੁਹੱਈਆ ਕਰਵਾਉਣ ਉਪਰੰਤ ਸੀ.ਐਚ.ਸੀ. ਲੋਹੀਆਂ ਵਿਖੇ ਆਨ ਜਾਬ ਟ੍ਰੇਨਿੰਗ ਵੀ ਦਿੱਤੀ ਗਈ ਹੈ।
ਪੰਜਾਬ ਸਰਕਾਰ ਵਲੋਂ ਮਹਿਲਾ ਸਸ਼ਕਤੀਕਰਨ ਲਈ ਵਚਨਬੱਧਤਾ ਦੁਹਰਾਉਂਦਿਆਂ ਡਾ. ਅਗਰਵਾਲ ਨੇ ਕਿਹਾ ਕਿ ਇਹ ਉਪਰਾਲਾ ਜ਼ਿਲ੍ਹੇ ਭਰ ਵਿੱਚ ਮਹਿਲਾ ਸਸ਼ਕਤੀਕਰਨ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਵਿਸ਼ੇਸ਼ ਕਦਮ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਅਜਿਹੇ ਯਤਨ ਭਵਿੱਖ ਵਿੱਚ ਵੀ ਜਾਰੀ ਰਹਿਣਗੇ, ਤਾਂ ਜੋ ਮਹਿਲਾਵਾਂ ਰੋਜ਼ਗਾਰ ਮੁਖੀ ਸਿਖ਼ਲਾਈ ਹਾਸਲ ਕਰਕੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਵਦੀਪ ਕੌਰ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕੋਰਸ ਮੁਕੰਮਲ ਕਰਨ ਵਾਲੀਆਂ ਸਿਖਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਿਖਿਆਰਥਣਾਂ ਆਪਣੇ ਗਿਆਨ ਨੂੰ ਰੋਜ਼ਗਾਰ ਤੇ ਸੇਵਾ ਨਾਲ ਜੋੜ ਕੇ ਹੋਰਨਾਂ ਮਹਿਲਾਵਾਂ ਲਈ ਵੀ ਪ੍ਰੇਰਨਾ ਸਰੋਤ ਬਣਨਗੀਆਂ।
ਸਿਖਿਆਰਥਣਾਂ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਸ ਟ੍ਰੇਨਿੰਗ ਸਦਕਾ ਜਿਥੇ ਉਨ੍ਹਾਂ ਦਾ ਆਤਮ ਵਿਸ਼ਵਾਸ ਵਧਿਆ ਹੈ, ਉਥੇ ਰੋਜ਼ਗਾਰ ਲਈ ਰਾਹ ਪੱਧਰਾ ਹੋਇਆ ਹੈ।
ਇਸ ਮੌਕੇ ਸਵਾਮੀ ਪ੍ਰਗਿਆਨੰਦ ਸੁਸਾਇਟੀ, ਨਕੋਰਦ ਦੇ ਚੇਅਰਮੈਨ ਵਿਪਨ ਸ਼ਰਮਾ, ਜ਼ਿਲ੍ਹਾ ਮੈਨੇਜਰ ਪੰਜਾਬ ਹੁਨਰ ਵਿਕਾਸ ਮਿਸ਼ਨ ਸੂਰਜ ਕਲੇਰ ਤੇ ਬੀ.ਟੀ.ਐਮ.ਮਨਦੀਪ ਕੌਰ, ਡੀ.ਐਫ.ਐਮ., ਪੀ.ਐਸ.ਆਰ.ਐਲ.ਐਮ ਕੋਮਲ ਕਸ਼ਯਪ ਅਤੇ ਅਕਾਊਂਟੈਂਟ ਵਿਕਾਸ ਬਖ਼ਸ਼ੀ ਵੀ ਮੌਜੂਦ ਸਨ।