Breaking
Sat. Oct 11th, 2025

ਨਿਵੇਕਲੀ ਪਹਿਲ: ‘ਚੇਤਨਾ ਵਿੱਦਿਅਕ ਟੂਰ’ ਤਹਿਤ 150 ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਦਫ਼ਤਰਾਂ ਦਾ ਦੌਰਾ

ਨਿਵੇਕਲੀ ਪਹਿਲ

ਸਕੂਲੀ ਬੱਚਿਆਂ ਨੂੰ ਸਰਕਾਰੀ ਦਫ਼ਤਰਾਂ ਦੀ ਕਾਰਜਸ਼ੈਲੀ ਤੇ ਸੇਵਾਵਾਂ ਬਾਰੇ ਦਿੱਤੀ ਜਾਣਕਾਰੀ : ਡਿਪਟੀ ਕਮਿਸ਼ਨਰ

ਵਿਦਿਆਰਥੀਆਂ ਨੂੰ ‘ਚੇਤਨਾ’ ਪ੍ਰਾਜੈਕਟ ਤਹਿਤ ਲਾਈਫ਼ ਸੇਵਿੰਗ ਸਕਿੱਲ ਦੀ ਸਿਖ਼ਲਾਈ ਵੀ ਕੀਤੀ ਜਾਵੇਗੀ ਪ੍ਰਦਾਨ

ਜਲੰਧਰ 22 ਅਗਸਤ (ਨਤਾਸ਼ਾ)- ਸਕੂਲੀ ਵਿਦਿਆਰਥੀਆਂ ਨੂੰ ਸਰਕਾਰੀ ਵਿਭਾਗਾਂ ਦੀ ਕਾਰਜਸ਼ੈਲੀ ਤੋਂ ਜਾਣੂ ਕਰਵਾਉਣ ਦੀ ਨਿਵੇਕਲੀ ਪਹਿਲ ਕਦਮੀ ‘ਚੇਤਨਾ ਵਿੱਦਿਅਕ ਟੂਰ’ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਨੂੰ 6 ਸਰਕਾਰੀ ਸਕੂਲਾਂ ਦੇ 150 ਵਿਦਿਆਰਥੀਆਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਦਫ਼ਤਰਾਂ ਦਾ ਦੌਰਾ ਕਰਵਾਇਆ ਗਿਆ।

ਟੂਰ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇਸ ਵਿੱਦਿਅਕ ਟੂਰ ਦੇ ਜ਼ਰੀਏ ਵੱਖ-ਵੱਖ ਵਿਭਾਗਾਂ ਦੇ ਕੰਮਕਾਜ ਅਤੇ ਸੇਵਾਵਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨ ਲਈ ਕਿਹਾ, ਤਾਂ ਜੋ ਭਵਿੱਖ ਵਿੱਚ ਜਦੋਂ ਵੀ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਕੰਮਾਂ ਲਈ ਕਿਸੇ ਦਫ਼ਤਰ ਵਿੱਚ ਜਾਣਾ ਪੈਂਦਾ ਹੈ, ਤਾਂ ਉਨ੍ਹਾਂ ਨੂੰ ਪ੍ਰਕਿਰਿਆ ਬਾਰੇ ਪੂਰਾ ਗਿਆਨ ਹੋਵੇ ਅਤੇ ਉਹ ਆਪਣਾ ਕੰਮ ਬਿਨਾਂ ਕਿਸੇ ਰੁਕਾਵਟ ਦੇ ਕਰਵਾ ਸਕਣ।

ਡਾ. ਅਗਰਵਾਲ ਨੇ ਵਿਦਿਆਰਥੀਆਂ ਨੂੰ ਚੇਤਨਾ ਵਿੱਦਿਅਕ ਟੂਰ ਦੌਰਾਨ ਹਾਸਲ ਕੀਤਾ ਤਜ਼ੁਰਬਾ ਆਪਣੇ ਸਹਿਪਾਠੀਆਂ ਅਤੇ ਮਾਪਿਆਂ ਨਾਲ ਸਾਂਝਾ ਕਰਨ ਦੇ ਨਾਲ-ਨਾਲ ਇਸ ਸਬੰਧੀ ਪ੍ਰਸ਼ਾਸਨ ਨੂੰ ਵੀ ਫੀਡਬੈਕ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਦਿੱਤੇ ਸੁਝਾਵਾਂ ਨੂੰ ਵਿੱਦਿਅਕ ਟੂਰ ਨੂੰ ਸਕੂਲੀ ਬੱਚਿਆਂ ਲਈ ਹੋਰ ਲਾਹੇਵੰਦ ਅਤੇ ਵਿਭਾਗੀ ਕਾਰਜਸ਼ੈਲੀ ਨੂੰ ਹੋਰ ਬਿਹਤਰ ਬਣਾਉਣ ਵਿੱਚ ਸ਼ਾਮਲ ਕੀਤਾ ਜਾਵੇਗਾ।

ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਸਾਰੂ ਮੌਕੇ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਉਪਰਾਲਾ, ਜਿਸ ਰਾਹੀਂ ਵਿਦਿਆਰਥੀਆਂ ਨੂੰ ਕਿਤਾਬਾਂ ਤੋਂ ਬਿਨਾਂ ਅਤੇ ਸਕੂਲਾਂ ਤੋਂ ਬਾਹਰ ਵੀ ਸਿੱਖਣ ਦਾ ਮੌਕਾ ਦਿੱਤਾ ਜਾ ਰਿਹਾ ਹੈ, ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗਾ।

ਸਰਕਾਰੀ ਦਫ਼ਤਰਾਂ ਦੇ ਕੰਮਕਾਜ, ਸੇਵਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ

ਉਨ੍ਹਾਂ ਕਿਹਾ ਕਿ ਅੱਜ 6 ਵੱਖ-ਵੱਖ ਸਰਕਾਰੀ ਸਕੂਲਾਂ ਦੇ 150 ਵਿਦਿਆਰਥੀਆਂ ਨੂੰ 25-25 ਦੇ ਬੈਚਾਂ ਵਿੱਚ ਡੀ.ਸੀ. ਦਫ਼ਤਰ, ਐਸ.ਡੀ.ਐਮ. ਦਫ਼ਤਰ ਜਲੰਧਰ-1, ਆਰ.ਟੀ.ਓ. ਦਫ਼ਤਰ, ਰੋਜ਼ਗਾਰ ਵਿਭਾਗ, ਕੋਰਟ ਕੰਪਲੈਕਸ, ਐਸ.ਬੀ.ਆਈ. ਬੈਂਕ, ਸੀ.ਪੀ. ਦਫ਼ਤਰ, ਐਸ.ਐਸ.ਪੀ. ਦਫ਼ਤਰ, ਸੇਵਾ ਕੇਂਦਰ, ਸਬ ਰਜਿਸਟਰਾਰ ਦਫ਼ਤਰ ਸਮੇਤ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿੱਚ ਲਿਜਾਇਆ ਗਿਆ, ਜਿਥੇ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਦੇ ਕੰਮਕਾਜ, ਸੇਵਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 14 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੂੰ ‘ਚੇਤਨਾ’ ਪ੍ਰਾਜੈਕਟ ਤਹਿਤ ਲਾਈਫ਼ ਸੇਵਿੰਗ ਸਕਿੱਲ ਦੀ ਸਿਖ਼ਲਾਈ ਵੀ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।

ਜ਼ਿਕਰਯੋਗ ਹੈ ਕਿ ਅੱਜ ਜਿਨ੍ਹਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ‘ਚੇਤਨਾ ਵਿੱਦਿਅਕ ਟੂਰ’ ਕਰਵਾਇਆ ਗਿਆ ਹੈ, ਉਨ੍ਹਾਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ,ਲਾਡੋਵਾਲੀ ਰੋਡ, ਸਰਕਾਰੀ ਮਾਡਲ ਸੈਕੰਡਰੀ ਸਿੱਖਿਆ ਲਾਡੋਵਾਲੀ ਰੋਡ, ਸਕੂਲ ਆਫ਼ ਐਮੀਨੈਂਸ ਲਾਡੋਵਾਲੀ ਰੋਡ, ਸਕੂਲ ਆਫ਼ ਐਮੀਨੈਂਡ ਮਾਡਲ ਟਾਊਨ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਆਬਾਦਪੁਰਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਸ਼ਾਮਲ ਹਨ।

ਵਿਦਿਆਰਥੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਟੂਰ ਰਾਹੀਂ ਸਰਕਾਰੀ ਦਫ਼ਤਰੀ ਪ੍ਰਕਿਰਿਆ ਬਾਰੇ ਕਾਫੀ ਜਾਨਣ ਦਾ ਮੌਕਾ ਮਿਲਿਆ ਹੈ, ਜਿਸ ਨੂੰ ਉਹ ਆਪਣੇ ਸਾਥੀਆਂ ਤੇ ਪਰਿਵਾਰਕ ਮੈਂਬਰਾਂ ਨਾਲ ਵੀ ਸਾਂਝਾ ਕਰਨਗੇ।

ਇਸ ਮੌਕੇ ਸਕੱਤਰ ਰੈੱਡ ਕਰਾਸ ਸੁਸਾਇਟੀ ਸੁਰਜੀਤ ਲਾਲ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਮੌਜੂਦ ਸਨ।

By admin

Related Post