ਜਲੰਧਰ ’ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ 103 ਦਿਨ, 577 ਤਸਕਰ ਨਸ਼ੀਲੇ ਪਦਾਰਥਾਂ ਸਮੇਤ ਕਾਬੂ

ਯੁੱਧ ਨਸ਼ਿਆਂ ਵਿਰੁੱਧ

10 ਗੈਰ-ਕਾਨੂੰਨੀ ਜਾਇਦਾਦਾਂ ਢਾਹੀਆਂ, 258 ਪ੍ਰਭਾਵਿਤ ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰ ’ਚ ਭੇਜਿਆ : ਪੁਲਿਸ ਕਮਿਸ਼ਨਰ

ਜਲੰਧਰ ਪੁਲਿਸ ਕਮਿਸ਼ਨਰੇਟ ਦੀ ਸਮਾਜ ’ਚੋਂ ਨਸ਼ਿਆਂ ਦੇ ਖਾਤਮੇ ਦੀ ਵਚਨਬੱਧਤਾ ਦੁਹਰਾਈ

ਜਲੰਧਰ 12 ਜੂਨ (ਜਸਵਿੰਦਰ ਸਿੰਘ ਆਜ਼ਾਦ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਅੱਜ 103 ਦਿਨ ਪੂਰੇ ਹੋ ਗਏ ਹਨ।

ਇਸ ਵਿਲੱਖਣ ਪਹਿਲਕਦਮੀ ਤਹਿਤ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ 410 ਮਾਮਲਿਆਂ ਵਿੱਚ 577 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ ਕੀਤੀ ਗਈ ਹੈ। ਇਨ੍ਹਾਂ ਬਰਾਮਦਗੀਆਂ ਵਿੱਚ 50.150 ਕਿਲੋਗ੍ਰਾਮ ਭੁੱਕੀ, 24.935 ਕਿਲੋਗ੍ਰਾਮ ਹੈਰੋਇਨ, 1.161 ਕਿਲੋਗ੍ਰਾਮ ਚਰਸ, 3.720 ਕਿਲੋਗ੍ਰਾਮ ਗਾਂਜਾ, 9,668 ਕੈਪਸੂਲ/ਗੋਲੀਆਂ, 3,30,700 ਰੁਪਏ ਡਰੱਗ ਮਨੀ, ਛੇ ਪਿਸਤੌਲ ਅਤੇ 14 ਕਾਰਤੂਸ ਸ਼ਾਮਲ ਹਨ।

ਸ਼ਹਿਰ ਭਰ ਵਿੱਚ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਭਰ ਵਿੱਚ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ, ਜਿਸ ਤਹਿਤ ਵੱਡੇ ਪੱਧਰ ‘ਤੇ ਬਰਾਮਦਗੀਆਂ ਅਤੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਯਤਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਕੀਤੇ ਜਾ ਰਹੇ ਹਨ। ਉਨ੍ਹਾਂ ਜਲੰਧਰ ਪੁਲਿਸ ਕਮਿਸ਼ਨਰੇਟ ਦੀ ਸ਼ਹਿਰ ਵਿੱਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਦ੍ਰਿੜ ਵਚਨਬੱਧਤਾ ਵੀ ਦੁਹਰਾਈ।

ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਨਸ਼ਾ ਤਸਕਰਾਂ ਦੇ ਵਿੱਤੀ ਨੈੱਟਵਰਕ ਨੂੰ ਖ਼ਤਮ ਕਰਨ ਲਈ ਪੁਲਿਸ ਅਧਿਕਾਰੀਆਂ ਵੱਲੋਂ ਨਸ਼ਾ ਤਸਕਰਾਂ ਵੱਲੋਂ ਖਾਸ ਕਰ ਡਰੱਗ ਮਨੀ ਨਾਲ ਉਸਾਰੇ ਗੈਰ-ਕਾਨੂੰਨੀ ਢਾਂਚੇ/ਕਬਜ਼ਿਆਂ ਨੂੰ ਢਾਹੁਣ ਵਿੱਚ ਸਿਵਲ ਪ੍ਰਸ਼ਾਸਨ ਦੀ ਮਦਦ ਕੀਤੀ ਗਈ ਹੈ। ਸਿਵਲ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਦਸ ਤੋਂ ਵੱਧ ਅਜਿਹੇ ਢਾਂਚੇ ਢਾਹੇ ਗਏ ਹਨ। ਇਸੇ ਤਰ੍ਹਾਂ ਇਸ ਮੁਹਿੰਮ ਤਹਿਤ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਲਗਭਗ 11 ਭਗੌੜੇ ਅਪਰਾਧੀਆਂ ਨੂੰ ਸਫ਼ਲਤਾਪੂਰਵਕ ਕਾਬੂ ਕੀਤਾ ਗਿਆ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ ਪੱਖੀ ਨੀਤੀ ਇਨਫੋਰਸਮੈਂਟ, ਨਸ਼ਾ ਮੁਕਤੀ ਅਤੇ ਰੋਕਥਾਮ ਲਾਗੂ ਕੀਤੀ ਜਾ ਰਹੀ ਹੈ ਅਤੇ ਕਮਿਸ਼ਨਰੇਟ ਪੁਲਿਸ ਵੱਲੋਂ ‘ਨਸ਼ਾ ਮੁਕਤੀ’ ਯਤਨਾਂ ਤਹਿਤ 1 ਮਾਰਚ, 2025 ਅਤੇ 11 ਜੂਨ, 2025 ਦਰਮਿਆਨ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ 258 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਸਬੰਧੀ ਇਲਾਜ ਲਈ ਰਾਜ਼ੀ ਕੀਤਾ ਗਿਆ ਹੈ।

By admin

Related Post