Breaking
Mon. Dec 1st, 2025

ਯੁੱਧ ਨਸ਼ਿਆਂ ਵਿਰੁੱਧ ; ਗੰਨਾ ਪਿੰਡ ’ਚ ਨਸ਼ਾ ਤਸਕਰ ਮਹਿਲਾ ਵਲੋਂ ਪੰਚਾਇਤੀ ਜ਼ਮੀਨ ‘ਤੇ ਉਸਾਰੇ ਕਮਰੇ ਵਿੱਚ ਬਣੇਗਾ ਜਿੰਮ

ਯੁੱਧ ਨਸ਼ਿਆਂ ਵਿਰੁੱਧ

– ਜਲੰਧਰ ਦਿਹਾਤੀ ਪੁਲਿਸ ਅਤੇ ਪੰਚਾਇਤ ਵਿਭਾਗ ਨੇ ਨਸ਼ਾ ਤਸਕਰ ਮਹਿਲਾ ਵਲੋਂ ਕਮਰੇ ਦੇ ਨਾਲ ਵਾਧੂ ਥਾਂ ’ਤੇ ਕੀਤੇ ਕਬਜ਼ੇ ਨੂੰ ਹਟਾਇਆ

– ਐਸ.ਐਸ.ਪੀ. ਜਲੰਧਰ ਦਿਹਾਤੀ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਸਰਕਾਰ ਦੀ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦੀ ਵਚਨਬੱਧਤਾ ਦੁਹਰਾਈ

ਜਲੰਧਰ 31 ਮਈ (ਜਸਵਿੰਦਰ ਸਿੰਘ ਆਜ਼ਾਦ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਲੰਧਰ ਦਿਹਾਤੀ ਪੁਲਿਸ ਵਲੋਂ ਅੱਜ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਬ ਡਵੀਜ਼ਨ ਫਿਲੌਰ ਅਧੀਨ ਪੈਂਦੇ ਗੰਨਾ ਪਿੰਡ ਵਿਖੇ ਜਿੱਥੇ ਪੰਚਾਇਤੀ ਜ਼ਮੀਨ ‘ਤੇ ਉਸਾਰੇ ਕਮਰੇ ਨੂੰ ਛੁਡਵਾਇਆ ਗਿਆ, ਉੱਥੇ ਇਸ ਕਮਰੇ ਦੇ ਨਾਲ ਵਾਧੂ ਥਾਂ ਉੱਤੇ ਕੀਤੇ ਕਬਜ਼ੇ ਨੂੰ ਵੀ ਹਟਾਇਆ ਗਿਆ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਨਸ਼ਾ ਤਸਕਰ ਮਹਿਲਾ ਦੇਸ਼ੋ ਪਤਨੀ ਕੁਲਦੀਪ ਕੁਮਾਰ ਵਾਸੀ ਗੰਨਾ ਪਿੰਡ ਖਿਲਾਫ਼ ਥਾਣਾ ਫਿਲੌਰ ਵਿਖੇ ਐਨ.ਡੀ.ਪੀ.ਐਸ. ਐਕਟ ਦੇ 3 ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਇਸ ਮਹਿਲਾ ਨੂੰ ਸਜ਼ਾ ਵੀ ਹੋ ਚੁੱਕੀ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਪਿੰਡ ਦੀ ਕਰੀਬ 8 ਮਰਲੇ ਜ਼ਮੀਨ ’ਤੇ ਇਸ ਵਲੋਂ ਕਬਜ਼ਾ ਕੀਤਾ ਹੋਇਆ ਸੀ ਅਤੇ ਇਕ ਕਮਰੇ ਦੀ ਉਸਾਰੀ ਵੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਕਤ ਕਮਰਾ ਪੰਚਾਇਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਕਮਰੇ ਦੇ ਨਾਲ ਨਜਾਇਜ਼ ਕਬਜ਼ੇ ਨੂੰ ਐਸ.ਪੀ. ਹੈੱਡ ਕੁਆਰਟਰ ਪਰਮਿੰਦਰ ਸਿੰਘ ਹੀਰ ਅਤੇ ਡੀ.ਐਸ.ਪੀ. ਸਵਰਨ ਸਿੰਘ ਬੱਲ ਦੀ ਨਿਗਰਾਨੀ ਹੇਠ ਜਲੰਧਰ ਦਿਹਾਤੀ ਪੁਲਿਸ ਅਤੇ ਬੀ.ਡੀ.ਪੀ.ਓ. ਫਿਲੌਰ ਦੀ ਅਗਵਾਈ ਵਿੱਚ ਹਟਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤ ਵਿਭਾਗ ਦੀ ਸ਼ਿਕਾਇਤ ’ਤੇ ਇਹ ਕਾਰਵਾਈ ਕੀਤੀ ਗਈ ਹੈ।

ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ

ਸ਼੍ਰੀ ਵਿਰਕ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਸਰਕਾਰ ਦੀ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਨਸ਼ਿਆਂ ਨਾਲ ਸਬੰਧਤ ਕਿਸੇ ਵੀ ਗਤੀਵਿਧੀਆਂ ਦੀ ਜਾਣਕਾਰੀ ਵਟਸਐਪ ਨੰਬਰ 9779-100-200 ’ਤੇ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਐਸ.ਪੀ. ਹੈੱਡ ਕੁਆਰਟਰ ਪਰਮਿੰਦਰ ਸਿੰਘ ਹੀਰ ਨੇ ਦੱਸਿਆ ਕਿ ਗੈਰ ਕਾਨੂੰਨੀ ਤੌਰ ‘ਤੇ ਉਸਾਰੇ ਕਮਰੇ ਨੂੰ ਪੰਚਾਇਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿੱਥੇ ਵਿਭਾਗ ਵਲੋਂ ਨੌਜਵਾਨਾਂ ਲਈ ਜਿੰਮ ਬਣਾਇਆ ਜਾਵੇਗਾ।

ਪਿੰਡ ਗੰਨਾ ਦੀ ਪੰਚਾਇਤ ਨੇ ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਪਿੰਡ ਵਿੱਚ ਜਿੰਮ ਦੀ ਸਹੂਲਤ ਮਿਲਣ ਨਾਲ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਲਈ ਉਤਸ਼ਾਹਿਤ ਹੋਣਗੇ।

By admin

Related Post