Breaking
Mon. Sep 22nd, 2025

‘ਯੁੱਧ ਨਸ਼ਿਆਂ ਵਿਰੁੱਧ’ : ਡਿਪਟੀ ਕਮਿਸ਼ਨਰ ਵਲੋਂ ਵਿਭਾਗੀ ਅਧਿਕਾਰੀਆਂ ਨੂੰ ਨਸ਼ਾ ਛੁਡਾਊ ਸੈਂਟਰਾਂ ਦਾ ਹਫ਼ਤਾਵਾਰੀ ਦੌਰਾ ਕਰਨ ਦੀਆਂ ਹਦਾਇਤਾਂ

ਡਿਪਟੀ ਕਮਿਸ਼ਨਰ

ਬਿਹਤਰ ਵਿਭਾਗੀ ਤਾਲਮੇਲ ਤੇ ਕਾਰਵਾਈ ਨਾਲ ਸੰਵੇਦਨਸ਼ੀਲ ਇਲਾਕਿਆਂ ਨੂੰ ਮਾਡਲ ਖੇਤਰਾਂ ’ਚ ਬਦਲਣ ਦਾ ਸੱਦਾ

ਕਿਹਾ, ਨਸ਼ਿਆਂ ਖਿਲਾਫ਼ ਜੰਗ ਕੇਵਲ ਬਰਾਬਰ ਜਨਤਕ ਸਹਿਯੋਗ ਨਾਲ ਹੀ ਜਿੱਤੀ ਜਾ ਸਕਦੀ

ਜਲੰਧਰ 28 ਜੁਲਾਈ (ਜਸਵਿੰਦਰ ਸਿੰਘ ਆਜ਼ਾਦ)- ਨਸ਼ਿਆਂ ਦੀ ਲਾਹਨਤ ਨੂੰ ਖ਼ਤਮ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਵੀਰਵਾਰ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਦਾ ਦੌਰਾ ਕੀਤਾ ਜਾਵੇ ਤਾਂ ਜੋ ਇਲਾਜ ਅਧੀਨ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾ ਸਕੇ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਾਰਕੋ ਕੋਆਰਡੀਨੇਸ਼ਨ ਸੈਂਟਰ (ਨਾਰਕੋ) ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਡਿਪਟੀ ਕਮਿਸ਼ਨਰ ਡਾ.ਅਗਰਵਾਲ ਨੇ ਖੇਤੀਬਾੜੀ, ਬਾਗਬਾਨੀ, ਹੁਨਰ ਵਿਕਾਸ, ਡੇਅਰੀ ਵਿਕਸ ਅਤੇ ਰੋਜ਼ਗਾਰ ਉੱਤਪਤੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਨਿਯਮਤ ਤੌਰ ’ਤੇ ਨਸ਼ਿਆਂ ’ਤੇ ਨਿਰਭਰ ਲੋਕਾਂ ਨਾਲ ਰਾਬਤਾ ਕਾਇਮ ਕਰਦਿਆਂ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਮੁੜ ਸ਼ਾਮਿਲ ਕਰਨ ਲਈ ਪ੍ਰੇਰਿਤ ਤੇ ਜਾਗਰੂਕ ਕਰਦਿਆਂ ਸਮਾਜ ਵਿੱਚ ਮਾਨ-ਸਨਮਾਨ ਨਾਲ ਜੀਵਨ ਨਿਰਬਾਹ ਲਈ ਰੋਜ਼ਗਾਰ ਦੇ ਵੱਖ-ਵੱਖ ਮੌਕਿਆਂ ਤੋਂ ਜਾਣੂੰ ਕਰਵਾਇਆ ਜਾਵੇ।

ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਮਜ਼ਬੂਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਨੂੰ ਕਿਹਾ ਕਿ ਨਸ਼ਿਆਂ ਦੀਆਂ ਹਾਟਸਪਾਟ ਥਾਵਾਂ ਲਈ ਵਿਕਾਸ ਸਕੀਮਾਂ ਦਾ ਖਾਕਾ ਤਿਆਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹਨਾਂ ਖੇਤਰਾਂ ਨੂੰ ਮਾਡਲ ਥਾਵਾਂ ਵਿੱਚ ਜਿਵੇਂ ਕਿ ਖੇਡ ਮੈਦਾਨਾਂ, ਸਿਹਤ ਸੈਂਟਰਾਂ, ਜਿੰਮਾਂ, ਪਾਰਕਾਂ, ਰੋਜ਼ਗਾਰ ਪ੍ਰੋਗਰਾਮ ਅਤੇ ਤੰਦਰੁਸਤ ਗਤੀਵਿਧੀਆਂ ਰਾਹੀਂ ਮਾਡਲ ਖੇਤਰਾਂ ਵਿੱਚ ਬਦਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੁਨਿਆਦੀ ਸੁਧਾਰ ਵੱਡੀ ਤਬਦੀਲੀ ਲਿਆਉਣਗੇ। ਉਨ੍ਹਾਂ ਵਲੋਂ ਸੰਵੇਦਨਸ਼ੀਲ ਖੇਤਰਾਂ ਵਿੱਚ ਪੁਲਿਸ ਵਿਭਾਗ ਵਲੋਂ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਗਈ।

ਦੂਸਰੇ ਰਾਜਾਂ ਤੋਂ ਸਿੰਥੇਟਿਕ ਅਤੇ ਫਰਮਾਸਿਊਟੀਕਲ ਨਸ਼ਿਆਂ ਦੀ ਰੋਕਥਾਮ ਲਈ ਅੰਤਰ ਜ਼ਿਲ੍ਹਾ ਨਾਕਿਆਂ ’ਤੇ ਨਿਗਰਾਨੀ ਨੂੰ ਹੋਰ ਤੇਜ ਕੀਤਾ ਜਾਵੇ

ਡਾ. ਅਗਰਵਾਲ ਨੇ ਸਿਹਤ ਵਿਭਾਗ ਨੂੰ ਦਵਾਈਆਂ ਦੀ ਨਸ਼ਿਆਂ ਵਜੋਂ ਵਰਤੋਂ ਨੂੰ ਰੋਕਣ ਦੇ ਵੀ ਸ਼ਖਤ ਨਿਰਦੇਸ਼ ਦਿੰਦਿਆਂ ਕਿਹਾ ਕਿ ਇਹਨਾਂ ਦੀ ਵਰਤੋਂ ਨੂੰ ਸਿੰਥੈਟਿਕ ਨਸ਼ਿਆਂ ਦੇ ਬਰਾਬਰ ਸਮਝਿਆ ਜਾਵੇ। ਉਨ੍ਹਾਂ ਪੁਲਿਸ ਵਿਭਾਗ ਨੂੰ ਵੀ ਕਿਹਾ ਕਿ ਦੂਸਰੇ ਰਾਜਾਂ ਤੋਂ ਸਿੰਥੇਟਿਕ ਅਤੇ ਫਰਮਾਸਿਊਟੀਕਲ ਨਸ਼ਿਆਂ ਦੀ ਰੋਕਥਾਮ ਲਈ ਅੰਤਰ ਜ਼ਿਲ੍ਹਾ ਨਾਕਿਆਂ ’ਤੇ ਨਿਗਰਾਨੀ ਨੂੰ ਹੋਰ ਤੇਜ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਕੋਈ ਵੀ ਨਾਗਰਿਕ ਨਸ਼ਿਆਂ ਸਬੰਧੀ ਜਾਣਕਾਰੀ ਵਟਸਐਪ ਨੰਬਰ 9779-100-200 ’ਤੇ ਸਾਂਝੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੁੜ ਵਸੇਬਾ ਸੈਂਟਰ ਸ਼ੇਖੇ ਅਤੇ ਵੱਖ-ਵੱਖ ਕਲੀਨਿਕਾਂ ਤੋਂ ਇਲਾਵਾ ਸਿਵਲ ਹਸਪਤਾਲ ਜਲੰਧਰ ਅਤੇ ਨੂਰਮਹਿਲ ਵਿਖੇ 2 ਨਸ਼ਾ ਛੁਡਾਊ ਸੈਂਟਰ ਚੱਲ ਰਹੇ ਹਨ।

ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਵਾਸੀਆ ਨੂੰ ਜ਼ਿਲ੍ਹਾ ਨਸ਼ਾ ਛੁਡਾਊ ਹੈਲਪਲਾਈਨ ਨੰਬਰ 0181-2911969 ਦੀ ਵੀ ਨਸ਼ਿਆਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਲਾਹ-ਮਸ਼ਵਰਾ ਕਰਨ ਅਤੇ ਸਹਾਇਤਾ ਲੈਣ ਲਈ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪਹਿਲ ਕਦਮੀ ਪ੍ਰਸ਼ਾਸਨ ਦੀ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਦੀ ਵਚਨਬੱਧਤਾ ਨੂੰ ਦੁਹਾਰਾਉਂਦੀ ਹੈ।

By admin

Related Post