ਭਾਜਪਾ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕਰਨ ਲਈ ਰਚੀ ਸਾਜਿਸ਼ ਹੋਈ ਬੇਨਕਾਬ : ਪਵਨ ਕੁਮਾਰ ਟੀਨੂੰ
ਜਲੰਧਰ 20 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਪਵਨ ਕੁਮਾਰ ਟੀਨੂੰ ਦੀ ਅਗਵਾਈ ਵਿੱਚ ਅੱਜ ਲੋਕਾਂ ਨੂੰ ਅਲਾਵਲਪੁਰ ਵਿਖੇ ਪ੍ਰਸਿੱਧ ਯੂਟਿਊਬਰ ਧਰੁਵ ਰਾਠੀ ਵੱਲੋਂ ਦਿੱਲੀ ਦੇ ਫਰ਼ਜੀ ਸ਼ਰਾਬ ਘੁਟਾਲੇ ਬਾਬਤ ਬਣਾਈ ਗਈ ਦਸਤਾਵੇਜ਼ੀ ‘ਇੰਡੀਆਜ਼ ਬਿਗਸਟ ਕਾਂਸਪੇਰੈਂਸੀ, ਰਿਆਲਟੀ ਆਫ਼ ਦਿੱਲੀ ਲੀਕਰ ਸਕੈਮ’ ਦਿਖਾਈ।

ਇਸ ਦੌਰਾਨ ਚੇਅਰਮੈਨ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਇਸ ਫਿਲਮ ਰਾਹੀਂ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਹੋਰ ਸੀਨੀਅਰ ‘ਆਪ’ ਆਗੂਆਂ ਨੂੰ ਬਦਨਾਮ ਕਰਨ ਲਈ ਘੜੀ ਗਈ ਕੋਝੀ ਸਾਜ਼ਿਸ਼ ਬੇਨਕਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦਸਤਾਵੇਜ਼ੀ ਫਿਲਮ ਜ਼ਰੀਏ ਭਾਜਪਾ ਦੇ ਝੂਠ ਦੀ ਪੋਲ ਖੁੱਲ੍ਹ ਗਈ ਹੈ।
ਉਨ੍ਹਾਂ ਕਿਹਾ ਕਿ ਸੱਚ ਨੂੰ ਕਦੇ ਵੀ ਲੁਕਾ ਕੇ ਨਹੀਂ ਰੱਖਿਆ ਜਾ ਸਕਦਾ ਅਤੇ ਇਸ ਫਿਲਮ ਨੂੰ ਹਰੇਕ ਪਿੰਡ ਵਿੱਚ ਦਿਖਾਇਆ ਜਾਵੇਗਾ ਅਤੇ ਸੱਚ ਦੇ ਰੂ-ਬਰੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦਸਤਾਵੇਜ਼ੀ ਫਿਲਮ ਰਾਹੀਂ ਇਕ ਮੁੱਖ ਮੰਤਰੀ ਨੂੰ ਜਿਹੜਾ ਘੁਟਾਲਾ ਹੋਇਆ ਹੀ ਨਹੀਂ, ਉਸ ਫਰਜ਼ੀ ਘੁਟਾਲੇ ਦੇ ਦੋਸ਼ ਵਿੱਚ ਜੇਲ ਵਿੱਚ ਭੇਜਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਨੇ ਇਸ ਝੂਠ ਨੂੰ ਫੈਲਾਉਣ ਲਈ ਕੋਈ ਕਸਰ ਨਹੀਂ ਛੱਡੀ ਪਰ ਅਖੀਰ ਵਿੱਚ ਸੱਚ ਦੀ ਜਿੱਤ ਹੋਈ ਹੈ ਅਤੇ ਦਿੱਲੀ ਦੀ ਅਦਾਲਤ ਨੇ ਇਸ ਕੇਸ ਨੂੰ ਬੇਬੁਨਿਆਦ ਦੱਸਦੇ ਹੋਏ ਅਰਵਿੰਦ ਕੇਜਰੀਵਾਲ ਸਮੇਤ ਹੋਰ ਆਗੂਆਂ ਨੂੰ ਬਰੀ ਕਰ ਦਿੱਤਾ।

