Breaking
Sun. Sep 21st, 2025

ਇਸ ਸਾਲ ਦਿਵਾਲੀ ਮੌਕੇ ਚਾਰਾ ਮੰਡੀ ਲੰਬਾ ਪਿੰਡ ਤੇ ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗਰਾਊਂਡ ’ਚ ਲੱਗੇਗੀ ਆਰਜ਼ੀ ਪਟਾਕਾ ਮਾਰਕੀਟ

ਦਿਵਾਲੀ

ਡਿਪਟੀ ਕਮਿਸ਼ਨਰ ਵੱਲੋਂ ਪੁਲਿਸ, ਨਗਰ ਨਿਗਮ ਤੇ ਫਾਇਰ ਵਿਭਾਗ ਨੂੰ ਸੁਰੱਖਿਆ ਸਮੇਤ ਹੋਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼

ਜਲੰਧਰ 21 ਸਤੰਬਰ (ਜਸਵਿੰਦਰ ਸਿੰਘ ਆਜ਼ਾਦ)- ਜ਼ਿਲ੍ਹਾ ਮੈਜਿਸਟ੍ਰੇਟ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਇਸ ਸਾਲ ਦਿਵਾਲੀ ਦੇ ਤਿਉਹਾਰ ਮੌਕੇ ਆਰਜ਼ੀ ਪਟਾਕਾ ਮਾਰਕੀਟ ਲਈ ਦੋ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਚਾਰਾ ਮੰਡੀ ਲੰਬਾ ਪਿੰਡ, ਜਲੰਧਰ ਅਤੇ ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗਰਾਊਂਡ ਨਕੋਦਰ ਰੋਡ, ਜਲੰਧਰ ਸ਼ਾਮਲ ਹਨ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹਰ ਸਾਲ ਦੀਵਾਲੀ ਦੇ ਤਿਉਹਾਰ ਮੌਕੇ ਪਟਾਖਾ ਮਾਰਕੀਟ ਬਰਲਟਨ ਪਾਰਕ ਵਿਖੇ ਲਗਾਈ ਜਾਂਦੀ ਹੈ ਪਰ ਇਸ ਸਾਲ ਬਰਲਟਨ ਪਾਰਕ ਵਿੱਚ ਉਸਾਰੀ ਅਤੇ ਨਵੀਨੀਕਰਨ ਦੇ ਕੰਮ ਚੱਲਦੇ ਹੋਣ ਕਰਕੇ ਉਕਤ ਸਥਾਨ ’ਤੇ ਪਟਾਖਾ ਮਾਰਕੀਟ ਨਹੀਂ ਲਗਾਈ ਜਾ ਸਕਦੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਮਿਸ਼ਨਰ ਨਗਰ ਨਿਗਮ, ਜਲੰਧਰ ਵੱਲੋਂ ਢੁੱਕਵੀਆਂ ਥਾਵਾਂ ਦੀ ਫਿਜ਼ੀਬਿਲਟੀ/ਮੌਕਾ ਦੇਖਣ ਉਪਰੰਤ ਰਿਪੋਰਟ ਪੇਸ਼ ਕੀਤੀ ਗਈ, ਜਿਸ ਨੂੰ ਮੁੱਖ ਰੱਖਦੇ ਹੋਏ ਆਰਜ਼ੀ ਪਟਾਕਾ ਮਾਰਕੀਟ ਲਈ ਚਾਰਾ ਮੰਡੀ ਲੰਬਾ ਪਿੰਡ ਅਤੇ ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗਰਾਊਂਡ ਨਕੋਦਰ ਰੋਡ ਨਿਰਧਾਰਤ ਕੀਤੇ ਗਏ ਹਨ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਸਬੰਧਤ ਅਥਾਰਟੀਆਂ ਨੂੰ ਪਟਾਕਾ ਮਾਰਕੀਟ ਲਈ ਨਿਰਧਾਰਿਤ ਇਨ੍ਹਾਂ ਥਾਵਾਂ ’ਤੇ ਐਕਸਪਲੋਸਿਵ ਰੂਲਜ਼, 2008 ਤਹਿਤ ਗਾਈਡਲਾਈਨਜ਼ ਦੀ ਪਾਲਣਾ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਪੁਲਿਸ ਕਮਿਸ਼ਨਰ ਜਲੰਧਰ, ਕਮਿਸ਼ਨਰ ਨਗਰ ਨਿਗਮ, ਜਲੰਧਰ ਅਤੇ ਫਾਇਰ ਅਫ਼ਸਰ, ਜਲੰਧਰ ਨੂੰ ਇਨ੍ਹਾਂ ਸਥਾਨਾਂ ’ਤੇ ਸੁਰੱਖਿਆ ਪੱਖੋਂ ਅਤੇ ਹੋਰ ਲੋੜੀਂਦੇ ਇੰਤਜ਼ਾਮ ਉਦਯੋਗ ਅਤੇ ਕਾਮਰਸ ਵਿਭਾਗ ਦੇ ਪੱਤਰ ਰਾਹੀਂ ਜਾਰੀ ਹਦਾਇਤਾਂ ਅਨੁਸਾਰ ਕਰਨਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

By admin

Related Post