ਮਾਤਾ-ਪਿਤਾ ਦੀ ਸੇਵਾ ਅਤੇ ਸਤਿਕਾਰ ਤੋਂ ਵੱਡੀ ਦੁਨੀਆ ਵਿੱਚ ਕੋਈ ਦੌਲਤ ਨਹੀਂ : ਡਾ. ਆਸ਼ੀਸ਼ ਸਰੀਨ

ਮਾਤਾ-ਪਿਤਾ

ਪਦਾਰਥਵਾਦੀ ਦੌੜ ਵਿੱਚ ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਨਾ ਭੁੱਲਣ ਲੋਕ, ਮਾਪਿਆਂ ਦਾ ਪਿਆਰ ਹੀ ਜੀਵਨ ਦੀ ਅਸਲ ਪੂੰਜੀ

ਹੁਸ਼ਿਆਰਪੁਰ, 11 ਅਕਤੂਬਰ (ਤਰਸੇਮ ਦੀਵਾਨਾ) — ਅਜੋਕੇ ਤੇਜ਼ ਰਫ਼ਤਾਰ ਅਤੇ ਪਦਾਰਥਵਾਦੀ ਯੁੱਗ ਵਿੱਚ ਮਨੁੱਖ ਜਿੱਥੇ ਧੰਨ -ਦੌਲਤ, ਰੁਤਬੇ ਅਤੇ ਕਾਮਯਾਬੀ ਦੀ ਦੌੜ ਵਿੱਚ ਉਲਝ ਕੇ ਆਪਣੇ ਪਰਿਵਾਰਕ ਰਿਸ਼ਤਿਆਂ ਤੋਂ ਦੂਰ ਹੁੰਦਾ ਜਾ ਰਿਹਾ ਹੈ, ਉੱਥੇ ਮਾਤਾ-ਪਿਤਾ ਦੀ ਅਹਿਮੀਅਤ ਨੂੰ ਸਮਝਣਾ ਅਤੇ ਉਨ੍ਹਾਂ ਪ੍ਰਤੀ ਆਪਣੇ ਫ਼ਰਜ਼ ਨਿਭਾਉਣਾ ਸਮੇਂ ਦੀ ਵੱਡੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ‘ਹਿਜ਼ ਐਕਸੀਲੈਂਟ ਐਡ ਇੰਸਟੀਚਿਊਟ’ ਅਤੇ ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੱਗਰਾਂ (ਹੁਸ਼ਿਆਰਪੁਰ) ਦੇ ਐਮ.ਡੀ. ਅਤੇ ਪ੍ਰਸਿੱਧ ਸਮਾਜ ਸੇਵਕ ਡਾ. ਆਸ਼ੀਸ਼ ਸਰੀਨ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈੱਸ ਵਾਰਤਾ ਦੌਰਾਨ ਕੀਤਾ ਉਹਨਾਂ ਕਿਹਾ ਕਿ ਮਾਤਾ-ਪਿਤਾ ਦਾ ਪਿਆਰ, ਤਿਆਗ ਅਤੇ ਸਮਰਪਣ ਮਨੁੱਖੀ ਜੀਵਨ ਦੀ ਉਹ ਅਨਮੋਲ ਪੂੰਜੀ ਹੈ, ਜਿਸ ਦੀ ਤੁਲਨਾ ਦੁਨੀਆਂ ਦੀ ਕਿਸੇ ਵੀ ਦੌਲਤ ਨਾਲ ਨਹੀਂ ਕੀਤੀ ਜਾ ਸਕਦੀ।

ਡਾ. ਆਸ਼ੀਸ਼ ਸਰੀਨ ਨੇ ਕਿਹਾ ਕਿ ਮਾਂ ਦੀ ਮਮਤਾ ਅਤੇ ਪਿਤਾ ਦੀ ਕੁਰਬਾਨੀ ਬੱਚਿਆਂ ਦੇ ਜੀਵਨ ਦੀ ਮਜ਼ਬੂਤ ਨੀਂਹ ਹੁੰਦੀ ਹੈ। ਮਾਂ ਆਪਣੇ ਬੱਚਿਆਂ ਨੂੰ ਪਿਆਰ, ਸੰਸਕਾਰ ਅਤੇ ਹੌਸਲਾ ਦਿੰਦੀ ਹੈ, ਜਦਕਿ ਪਿਤਾ ਆਪਣੀ ਮਿਹਨਤ, ਜ਼ਿੰਮੇਵਾਰੀ ਅਤੇ ਅਣਗਿਣਤ ਤਿਆਗਾਂ ਨਾਲ ਪਰਿਵਾਰ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਹਰ ਸੰਭਵ ਯਤਨ ਕਰਦਾ ਹੈ। ਮਾਪੇ ਆਪਣੀਆਂ ਲੋੜਾਂ ਨੂੰ ਪਿੱਛੇ ਰੱਖ ਕੇ ਬੱਚਿਆਂ ਦੀਆਂ ਖ਼ੁਸ਼ੀਆਂ, ਪੜ੍ਹਾਈ ਅਤੇ ਤਰੱਕੀ ਨੂੰ ਪਹਿਲ ਦਿੰਦੇ ਹਨ, ਪਰ ਅਕਸਰ ਵੱਡੇ ਹੋਣ ਤੋਂ ਬਾਅਦ ਬੱਚੇ ਉਨ੍ਹਾਂ ਦੇ ਇਸ ਅਥਾਹ ਯੋਗਦਾਨ ਨੂੰ ਅਣਗੌਲਿਆਂ ਕਰ ਦਿੰਦੇ ਹਨ।

ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਦੀ ਸੇਵਾ ਅਤੇ ਸਤਿਕਾਰ ਸਿਰਫ਼ ਇੱਕ ਸਮਾਜਿਕ ਜ਼ਿੰਮੇਵਾਰੀ ਹੀ ਨਹੀਂ, ਸਗੋਂ ਮਨੁੱਖੀ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਅਹਿਮ ਹਿੱਸਾ ਹੈ। ਬੱਚੇ ਭਾਵੇਂ ਜੀਵਨ ਵਿੱਚ ਕਿੰਨੀ ਵੀ ਵੱਡੀ ਸਫ਼ਲਤਾ ਹਾਸਲ ਕਰ ਲੈਣ, ਪਰ ਮਾਪਿਆਂ ਵੱਲੋਂ ਕੀਤੇ ਤਿਆਗਾਂ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁੱਲ ਕਦੇ ਨਹੀਂ ਮੋੜ ਸਕਦੇ। ਮਾਪਿਆਂ ਲਈ ਬੱਚਿਆਂ ਦੀ ਕਾਮਯਾਬੀ ਦੇ ਨਾਲ-ਨਾਲ ਉਨ੍ਹਾਂ ਦਾ ਪਿਆਰ, ਸਤਿਕਾਰ ਅਤੇ ਸਾਥ ਵੀ ਬੇਹੱਦ ਮਾਇਨੇ ਰੱਖਦਾ ਹੈ।

ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਪਰਿਵਾਰਕ ਮੈਂਬਰਾਂ ਕੋਲ ਇੱਕ-ਦੂਜੇ ਨਾਲ ਬੈਠ ਕੇ ਗੱਲਬਾਤ ਕਰਨ ਲਈ ਵੀ ਸਮਾਂ ਘੱਟ ਰਹਿ ਗਿਆ ਹੈ

ਡਾ. ਆਸ਼ੀਸ਼ ਸਰੀਨ ਨੇ ਕਿਹਾ ਕਿ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਪਰਿਵਾਰਕ ਮੈਂਬਰਾਂ ਕੋਲ ਇੱਕ-ਦੂਜੇ ਨਾਲ ਬੈਠ ਕੇ ਗੱਲਬਾਤ ਕਰਨ ਲਈ ਵੀ ਸਮਾਂ ਘੱਟ ਰਹਿ ਗਿਆ ਹੈ। ਮੋਬਾਈਲ ਫ਼ੋਨਾਂ, ਕੰਮਕਾਜ ਅਤੇ ਨਿੱਜੀ ਰੁਝੇਵਿਆਂ ਵਿੱਚ ਰੁੱਝੇ ਰਹਿਣ ਕਾਰਨ ਬਜ਼ੁਰਗ ਮਾਪੇ ਕਈ ਵਾਰ ਇਕੱਲੇਪਣ ਦਾ ਸਾਹਮਣਾ ਕਰਦੇ ਹਨ। ਅਜਿਹੇ ਵਿੱਚ ਉਨ੍ਹਾਂ ਕੋਲ ਬੈਠਣਾ, ਉਨ੍ਹਾਂ ਦੀਆਂ ਗੱਲਾਂ ਸੁਣਨਾ, ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣਾ ਅਤੇ ਉਨ੍ਹਾਂ ਨੂੰ ਆਪਣਾਪਣ ਮਹਿਸੂਸ ਕਰਵਾਉਣਾ ਬੱਚਿਆਂ ਦਾ ਮੁੱਢਲਾ ਫ਼ਰਜ਼ ਹੈ। ਉਹਨਾਂ ਕਿਹਾ ਕਿ ਕਈ ਵਾਰ ਪਿਆਰ ਨਾਲ ਬੋਲੇ ਦੋ ਸ਼ਬਦ ਅਤੇ ਇਕੱਠੇ ਬਿਤਾਏ ਕੁਝ ਪਲ ਮਾਪਿਆਂ ਲਈ ਮਹਿੰਗੇ ਤੋਹਫ਼ਿਆਂ ਨਾਲੋਂ ਕਿਤੇ ਵੱਧ ਕੀਮਤੀ ਹੁੰਦੇ ਹਨ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਤਾ-ਪਿਤਾ ਦੀ ਮੌਜੂਦਗੀ ਦੀ ਕਦਰ ਕਰਨ ਅਤੇ ਉਨ੍ਹਾਂ ਦੇ ਜੀਵਨ ਦੌਰਾਨ ਹੀ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇਣ। ਉਹਨਾ ਕਿਹਾ ਕਿ ਮਾਪਿਆਂ ਦੀਆਂ ਭਾਵਨਾਵਾਂ ਨੂੰ ਸਮਝਣਾ, ਉਨ੍ਹਾਂ ਦੀਆਂ ਲੋੜਾਂ ਦਾ ਧਿਆਨ ਰੱਖਣਾ ਅਤੇ ਔਖੇ ਸਮੇਂ ਉਨ੍ਹਾਂ ਦੇ ਨਾਲ ਖੜ੍ਹਨਾ ਹੀ ਸੱਚੇ ਪਿਆਰ ਦੀ ਪਹਿਚਾਣ ਹੈ। ਉਹਨਾ ਕਿਹਾ ਕਿ ਪਰਿਵਾਰਕ ਰਿਸ਼ਤਿਆਂ ਦੀ ਮਜ਼ਬੂਤੀ ਨਾਲ ਹੀ ਸਮਾਜ ਵਿੱਚ ਆਪਸੀ ਸਤਿਕਾਰ, ਸਹਿਯੋਗ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਿਆ ਜਾ ਸਕਦਾ ਹੈ।

ਅੰਤ ਵਿੱਚ ਡਾ. ਆਸ਼ੀਸ਼ ਸਰੀਨ ਨੇ ਕਿਹਾ ਕਿ ਜੀਵਨ ਦੀ ਅਸਲ ਸਫ਼ਲਤਾ ਸਿਰਫ਼ ਉੱਚੇ ਅਹੁਦੇ, ਵੱਡੀ ਕਮਾਈ ਜਾਂ ਸਮਾਜਿਕ ਰੁਤਬੇ ਵਿੱਚ ਨਹੀਂ, ਸਗੋਂ ਆਪਣੇ ਮਾਤਾ-ਪਿਤਾ ਨੂੰ ਖ਼ੁਸ਼ ਰੱਖਣ ਅਤੇ ਉਨ੍ਹਾਂ ਦੀਆਂ ਦੁਆਵਾਂ ਹਾਸਲ ਕਰਨ ਵਿੱਚ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਮਾਪਿਆਂ ਲਈ ਸਮਾਂ ਜ਼ਰੂਰ ਕੱਢਣ, ਕਿਉਂਕਿ ਮਾਪਿਆਂ ਦਾ ਪਿਆਰ ਅਤੇ ਅਸ਼ੀਰਵਾਦ ਅਜਿਹੀ ਦੌਲਤ ਹੈ, ਜੋ ਜੀਵਨ ਦੇ ਹਰ ਔਖੇ ਮੋੜ ’ਤੇ ਮਨੁੱਖ ਨੂੰ ਹੌਸਲਾ ਅਤੇ ਸਹੀ ਦਿਸ਼ਾ ਪ੍ਰਦਾਨ ਕਰਦੀ ਹੈ।

By admin

Related Post