Breaking
Tue. Jul 15th, 2025

ਰਿਵਾਇਤੀ ਸੂਸਾਂ ਮੇਲੇ ‘ਤੇ ਸਟੰਟਬਾਜ਼ੀ ਤੇ ਹੁੱਲੜਬਾਜੀ ਕਰਨ ਵਾਲੇ ਨੌਜਵਾਨਾਂ ਦੀ ਆਈ ਸ਼ਾਮਤ

ਸੂਸਾਂ

ਹੁਸ਼ਿਆਰਪੁਰ ਪੁਲਿਸ ਨੇ ਟਰੈਕਟਰਾਂ ਤੇ ਸਟੰਟ ਕਰਨ ਵਾਲੇ ਨੌਜਵਾਨਾਂ ਖਿਲਾਫ਼ ਕੀਤਾ ਕੇਸ ਦਰਜ, 2 ਟਰੈਕਟਰ ਕਬਜ਼ੇ ‘ਚ ਲਏ

ਹੁਸ਼ਿਆਰਪੁਰ, 17 ਮਈ (ਤਰਸੇਮ ਦੀਵਾਨਾ)- ਪੰਜਾਬ ਦੇ ਰਿਵਾਇਤੀ ਮੇਲਿਆਂ ਵਿੱਚ ਧਾਰਮਿਕ ਆਸਥਾ ਨੂੰ ਖੁੱਡੇ ਲਾਈਨ ਲਾ ਕੇ ਮੋਟਰਸਾਈਕਲਾਂ ਅਤੇ ਟਰੈਕਟਰਾਂ ਨਾਲ ਖਤਰਨਾਕ ਸਟੰਟ ਕਰਨ ਵਾਲੇ ਨੌਜਵਾਨਾਂ ਦੀ ਸ਼ਾਮਤ ਆ ਚੁੱਕੀ ਹੈ। ਹੁਸ਼ਿਆਰਪੁਰ ਦੇ ਨਜ਼ਦੀਕ ਆਸਥਾ ਦੇ ਵੱਡੇ ਕੇਂਦਰ ਬਾਬਾ ਜਵਾਹਰ ਦਾਸ ਜੀ ਦੇ ਤਪ ਸਥਾਨ ਸੂਸਾਂ ਵਿਖੇ ਰਵਾਇਤੀ ਸਲਾਨਾ ਜੋੜ ਮੇਲੇ ਵਿੱਚ 14 ਮਈ ਨੂੰ ਮੋਟਰਸਾਈਕਲਾਂ ਅਤੇ ਟਰੈਕਟਰਾਂ ਤੇ ਖਤਰਨਾਕ ਸਟੰਟ ਕਰਨ ਵਾਲੇ ਇਨਾਂ ਹੂਲੜਬਾਜ 20-25 ਨੌਜਵਾਨਾਂ ਖਿਲਾਫ ਹੁਸ਼ਿਆਰਪੁਰ ਪੁਲਿਸ ਨੇ ਮੁਕਦਮਾ ਦਰਜ ਕਰਕੇ 2 ਟਰੈਕਟਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ | ਇਸ ਸਾਰੇ ਖਤਰਨਾਕ ਸਟੰਟ ਦੀਆਂ ਸੋਸ਼ਲ ਮੀਡੀਆ ਤੇ ਤੇਜ਼ੀ ਵਾਇਰਲ ਹੋਈਆਂ ਵੀਡੀਓਜ ਵਿੱਚ ਖਤਰਨਾਕ ਸਟੰਟ ਕਰ ਰਹੇ ਨੌਜਵਾਨਾਂ ਵੱਲੋਂ ਇੱਕ ਪੁਲਿਸ ਅਧਿਕਾਰੀ ਉੱਪਰ ਟਰੈਕਟਰ ਚਾੜਨ ਦੀ ਦਿਲ ਕੰਬਾਊ ਘਟਨਾ ਨਾਲ ਸਮਾਜਿਕ ਤੇ ਧਾਰਮਿਕ ਹਲਕਿਆਂ ਵਿੱਚ ਵੱਡਾ ਰੋਸ ਫੈਲ ਗਿਆ ਅਤੇ ਇਹਨਾਂ ਸਟੰਟਬਾਜ਼ਾਂ ਉੱਪਰ ਸਖਤ ਕਾਰਵਾਈ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ਜਿਸ ਨੂੰ ਵੇਖਦਿਆਂ ਹੁਸ਼ਿਆਰਪੁਰ ਪੁਲਿਸ ਨੇ ਵੱਡਾ ਕਦਮ ਚੁੱਕਿਆ ਹੈ।

ਸੂਸਾਂ

ਜ਼ਿਕਰਯੋਗ ਹੈ ਕਿ ਇਹ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੁਸ਼ਿਆਰਪੁਰ ਪੁਲਿਸ ਨੇ ਇੱਕ ਵੀਡੀਓ ਜਾਰੀ ਕਰਕੇ ਖਤਰਨਾਕ ਸਟੰਟ ਕਰਨ ਵਾਲੇ ਹੁਲੜਬਾਜਾਂ ਨੂੰ ਸਖਤ ਚੇਤਾਵਨੀ ਜਾਰੀ ਕਰ ਦਿੱਤੀ ਸੀ। ਪਰ ਇਸ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਟਰੈਕਟਰਾਂ ਅਤੇ ਮੋਟਰਸਾਈਕਲਾਂ ਤੇ ਸਵਾਰ ਨੌਜਵਾਨਾਂ ਨੇ ਸਟੰਟਬਾਜੀ ਦੀ ਅੱਤ ਹੀ ਕਰਵਾ ਦਿੱਤੀ |

ਥਾਣਾ ਬੁੱਲੋਵਾਲ ਪੁਲਿਸ ਨੂੰ 14 ਮਈ ਨੂੰ ਇਤਲਾਹ ਮਿਲੀ ਸੀ ਕਿ ਕੁਝ ਨੌਜਵਾਨ ਖਤਰਨਾਕ ਸਟੰਟਬਾਜੀ ਕਰ ਰਹੇ ਹਨ

ਇਨਾਂ ਸਟੰਟਬਾਜ ਅਤੇ ਹੁਲੜਬਾਜ਼ ਨੌਜਵਾਨਾਂ ਖਿਲਾਫ਼ ਕੀਤੀ ਗਈ ਇਸ ਕਾਰਵਾਈ ਸਬੰਧੀ ਹੁਸ਼ਿਆਰਪੁਰ ਪੁਲਿਸ ਦੇ ਐਸਪੀ (ਡੀ) ਡਾਕਟਰ ਮੁਕੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਬੁੱਲੋਵਾਲ ਪੁਲਿਸ ਨੂੰ 14 ਮਈ ਨੂੰ ਇਤਲਾਹ ਮਿਲੀ ਸੀ ਕਿ ਕੁਝ ਨੌਜਵਾਨ ਖਤਰਨਾਕ ਸਟੰਟਬਾਜੀ ਕਰ ਰਹੇ ਹਨ ਜਿਸ ਨੂੰ ਰੋਕਣ ਲਈ ਥਾਣਾ ਬੁੱਲੋਵਾਲ ਦੇ ਐਸਐਚਓ ਪੁਲਿਸ ਕਰਮੀਆਂ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚੇ ਅਤੇ ਤੁਰੰਤ ਕਾਰਵਾਈ ਸ਼ੁਰੂ ਕੀਤੀ।

ਜਿਸ ਦੌਰਾਨ ਇਹਨਾਂ ਹੁੱਲੜਬਾਜ ਨੌਜਵਾਨਾਂ ਨੇ ਪੁਲਿਸ ਅਧਿਕਾਰੀ ਉੱਪਰ ਟਰੈਕਟਰ ਚਾੜਨ ਦੀ ਕੋਸ਼ਿਸ਼ ਕੀਤੀ ਅਤੇ ਉਹ ਵਾਲ-ਵਾਲ ਬਚ ਗਏ | ਜਿਸ ਦੀਆਂ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਅਤੇ ਜਨਤਾ ਵੱਲੋਂ ਲਗਾਤਾਰ ਇਹਨਾਂ ਖਿਲਾਫ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਵੇਖਦਿਆਂ ਇਹਨਾਂ ਹੁੱਲੜਬਾਜ਼ 20 ਤੋਂ 25 ਦੇ ਕਰੀਬ ਅਣਪਛਾਤੇ ਹੁੱਲੜਬਾਜ ਨੌਜਵਾਨਾਂ ਅਤੇ ਟਰੈਕਟਰਾਂ ਚਾਲਕਾਂ ਖਿਲਾਫ ਥਾਣਾ ਬੁੱਲੋਵਾਲ ਵਿੱਚ ਐਫ ਆਈਆਰ ਨੰਬਰ 60, 109, 132, 221 ਅਤੇ 190 ਅਧੀਨ ਕੇਸ ਦਰਜ ਕਰਕੇ ਦੋ ਟਰੈਕਟਰਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਵੀਡੀਓ ਦੀ ਤਫਤੀਸ਼ ਕਰਕੇ ਨੌਜਵਾਨ ਹੁੱਲੜਬਾਜਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਨਾਂ ਨੂੰ ਜਲਦੀ ਹੀ ਕਾਬੂ ਕਰਕੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਦੱਸਿਆ ਗਿਆ ਹੈ ਕਿ ਇਨ੍ਹਾਂ ਹੁੱਲੜਬਾਜ਼ਾਂ ਖਿਲਾਫ ਦਰਜ ਕੀਤੀ ਗਈ ਧਾਰਾ ਵਿੱਚ ਕਤਲ ਦੀ ਕੋਸ਼ਿਸ਼ ਦੀ ਵੀ ਧਾਰਾ ਜੋੜੀ ਗਈ ਹੈ ਜਿਸ ਤੋਂ ਲੱਗਦਾ ਹੈ ਕਿ ਇਹਨਾਂ ਹੁਲੜਬਾਜਾਂ ਦੀ ਜ਼ਬਰਦਸਤ ਸ਼ਾਮਤ ਆਉਣ ਵਾਲੀ ਹੈ।

By admin

Related Post