Breaking
Mon. Jan 12th, 2026

ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ’ਚ 6ਵੀਂ ਜਮਾਤ ਦੇ ਦਾਖ਼ਲੇ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ

ਜਵਾਹਰ ਨਵੋਦਿਆ ਵਿਦਿਆਲਿਆ

29 ਜੁਲਾਈ ਤੱਕ ਕੀਤਾ ਜਾ ਸਕਦੈ ਅਪਲਾਈ, 13 ਦਸੰਬਰ ਨੂੰ ਹੋਵੇਗੀ ਪ੍ਰੀਖਿਆ

ਜਲੰਧਰ 17 ਜੁਲਾਈ (ਨਤਾਸ਼ਾ)- ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ਵਿੱਚ 6ਵੀਂ ਜਮਾਤ ਲਈ ਸਾਲ 2026-27 ਦੀ ਚੋਣ ਪ੍ਰੀਖਿਆ 13 ਦਸੰਬਰ 2025 ਨੂੰ ਜ਼ਿਲ੍ਹੇ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਹੋਣੀ ਹੈ, ਜਿਸ ਦੇ ਲਈ ਚਾਹਵਾਨ ਅਤੇ ਯੋਗ ਉਮੀਦਵਾਰਾਂ ਤੋਂ ਬਿਨੈ-ਪੱਤਰ ਆਨਲਾਈਨ ਮੰਗੇ ਗਏ ਹਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਨੈ ਕਰਨ ਦੀ ਆਖ਼ਰੀ ਮਿਤੀ 29 ਜੁਲਾਈ 2025 ਹੈ ਅਤੇ ਪ੍ਰਾਸਪੈਕਟ ਵਿਦਿਆਲਿਆ ਦੀ ਵੈੱਬਸਾਈਟ https://navodaya.gov.in/nvs/nvsschool/JALANDHAR/en/home ’ਤੇ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਵਿਦਿਆਰਥੀ ਆਪਣੀ ਮੁਫ਼ਤ ਰਜਿਸਟ੍ਰੇਸ਼ਨ ਪੋਰਟਲ https://navodaya.gov.in ਅਤੇ https://cbseitms.rcil.gov.in/nvs ’ਤੇ ਕਰ ਸਕਦੇ ਹਨ।

ਡਾ. ਅਗਰਵਾਲ ਨੇ ਦੱਸਿਆ ਕਿ ਪ੍ਰੀਖਿਆ ਲਈ ਕੇਵਲ ਓਹੀ ਵਿਦਿਆਰਥੀ ਯੋਗ ਹੋਣਗੇ, ਜੋ ਜ਼ਿਲ੍ਹਾ ਜਲੰਧਰ ਦੇ ਸਥਾਈ ਨਿਵਾਸੀ ਹਨ। ਵਿਦਿਆਰਥੀ ਨੂੰ ਆਪਣੇ ਨਵੇਂ ਫੋਟੋ, ਹਸਤਾਖ਼ਰ, ਮਾਤਾ/ਪਿਤਾ ਦੇ ਹਸਤਾਖ਼ਰ ਅਤੇ ਆਧਾਰ ਕਾਰਡ ਦਾ ਵੇਰਵਾ/ਰਿਹਾਇਸ਼ੀ ਪ੍ਰਮਾਣ ਪੱਤਰ ਜੇ.ਪੀ.ਜੀ. ਫਾਰਮੈਟ, ਜਿਸ ਦਾ ਆਕਾਰ 10 ਤੋਂ 100 ਕੇ.ਬੀ. ਤੋਂ ਵੱਧ ਨਾ ਹੋਵੇ, ਤਿਆਰ ਕਰਕੇ ਪੋਰਟਲ ’ਤੇ ਅਪਲੋਡ ਕਰਨਾ ਹੋਵੇਗਾ।

ਜਿਸ ਵਿਦਿਆਰਥੀ ਨੇ ਪਹਿਲਾਂ ਇਹ ਪ੍ਰੀਖਿਆ ਦਿੱਤੀ ਹੈ, ਉਹ ਪ੍ਰੀਖਿਆ ਵਿੱਚ ਦੂਜੀ ਵਾਰੀ ਬੈਠਣਯੋਗ ਨਹੀਂ ਹੋਵੇਗਾ

ਉਨ੍ਹਾਂ ਦੱਸਿਆ ਕਿ ਵਿਦਿਆਰਥੀ ਮੌਜੂਦਾ ਸਮੇਂ (2025-26) ਵਿੱਚ 5ਵੀਂ ਕਲਾਸ ਵਿੱਚ ਜ਼ਿਲ੍ਹਾ ਜਲੰਧਰ ਵਿੱਚ ਪੜ੍ਹ ਰਿਹਾ ਹੋਵੇ ਅਤੇ ਜ਼ਿਲ੍ਹੇ ਦਾ ਸਥਾਈ ਨਿਵਾਸੀ ਹੋਵੇ। ਉਸਨੇ ਪਿਛਲੇ ਸਾਲਾਂ ਵਿੱਚ ਤੀਜੀ ਕਲਾਸ (2023-24) ਅਤੇ ਚੌਥੀ (2024-25) ਨਿਯਮਿਤ ਤੇ ਨਿਰਵਿਘਨ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲ/ਨੈਸ਼ਨਲ ਓਪਨ ਸਕੂਲਿੰਗ ਜਾਂ ਸਰਵ ਸਿੱਖਿਆ ਅਭਿਆਨ ਤਹਿਤ ਪਾਸ ਕੀਤੀ ਹੋਵੇ। ਉਨ੍ਹਾਂ ਦੱਸਿਆ ਕਿ ਜਿਸ ਵਿਦਿਆਰਥੀ ਨੇ ਪਹਿਲਾਂ ਇਹ ਪ੍ਰੀਖਿਆ ਦਿੱਤੀ ਹੈ, ਉਹ ਪ੍ਰੀਖਿਆ ਵਿੱਚ ਦੂਜੀ ਵਾਰੀ ਬੈਠਣਯੋਗ ਨਹੀਂ ਹੋਵੇਗਾ। ਵਿਦਿਆਰਥੀ ਦਾ ਜਨਮ 01.05.2014 ਤੋਂ 31.07.2016 (ਦੋਵੇਂ ਮਿਤੀਆਂ ਸ਼ਾਮਲ) ਦਰਮਿਆਨ ਹੋਇਆ ਹੋਵੇ। ਜੇਕਰ ਕਿਸੇ ਬਿਨੇਕਾਰ ਨੂੰ ਦਾਖ਼ਲਾ ਫਾਰਮ ਭਰਨ ’ਚ ਮੁਸ਼ਕਲ ਆਉਂਦੀ ਹੈ ਤਾਂ ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ (ਜਲੰਧਰ) ਨਾਲ ਟੈਲੀਫੋਨ ਨੰਬਰ 79739-04878, 74048-16420, 88472-61859 ’ਤੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕਿਸੇ ਵੀ ਕੰਮ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ, ਕਿਉਂਕਿ ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ਜਿੱਥੇ ਆਧੁਨਿਕ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ, ਉੱਥੇ ਇਥੇ ਹੋਸਟਲ ਦੀ ਸਹੂਲਤ ਉਪਲਬਧ ਹੈ।

By admin

Related Post