ਹੁਸ਼ਿਆਰਪੁਰ /ਸ਼੍ਰੀ ਖੁਰਾਲਗੜ੍ਹ ਸਾਹਿਬ 16 ਜਨਵਰੀ (ਤਰਸੇਮ ਦੀਵਾਨਾ)- ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਸ੍ਰੀ ਖੁਰਾਲਗੜ ਸਾਹਿਬ ਦੀ ਜਮੀਨ ਜੋ ਕਿ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਵਲੋਂ ਸੰਤ ਸਰਵਣ ਦਾਸ ਜੀ ਬੋਹਣ ਚੇਅਰਮੈਨ ਦੀ ਅਗਵਾਈ ਹੇਠ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕੌਮ ਦੇ ਭਲੇ ਲਈ ਖ੍ਰੀਦੀ ਹੈ। ਇਥੇ ਖ਼ਰੀਦ ਕੀਤੀ 36 ਏਕੜ ਜ਼ਮੀਨ ਦੀ ਕਈ ਬਾਰ ਨਿਸ਼ਾਨਦੇਹੀ ਹੋਣ ਦੇ ਬਾਵਜੂਦ ਵੀ ਸੁਸਾਇਟੀ ਦੀ ਜਮੀਨ ਪੁਰੀ ਨਹੀਂ ਹੈ , ਕੁੱਝ ਸ਼ਰਾਰਤੀ ਲੋਕਾਂ ਵਲੋੰ ਧੱਕੇ ਨਾਲ ਕਬਜਾ ਕੀਤਾ ਹੋਇਆ ਹੈ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਸੰਤਾਂ ਮਹਾਂਪੁਰਸ਼ਾਂ ਵਲੋੰ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸੁਸਾਇਟੀ ਦੇ ਨਾਮ ਬੋਲਦੀ ਜਮੀਨ ਖਾਲੀ ਕਰਵਾਕੇ ਸੁਸਾਇਟੀ ਦੇ ਹਵਾਲੇ ਕੀਤੀ ਜਾਵੇ। ਇਨਾਂ ਸੰਤਾਂ ਮਹਾਂਪੁਰਸ਼ਾਂ ਨੇ ਕਿਹਾ ਕਿ ਜੇਕਰ ਸਰਕਾਰ ਸਹਿਯੋਗ ਕਰੇ ਤਾਂ ਬਹੁਤ ਜਲਦ ਹੀ ਸੁਸਾਇਟੀ ਵਲੋੰ ਸ੍ਰੀ ਖੁਰਾਲਗੜ ਸਾਹਿਬ ਵਿਖੇ ਸਕੂਲ , ਕਾਲਿਜ,ਹਸਪਤਾਲ ਉਸਾਰੀ ਕਰਕੇ ਕੌਮ ਨੂੰ ਸਮਰਪਿਤ ਕੀਤੇ ਜਾਣਗੇ।
ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਪ੍ਰਧਾਨ ਸੰਤ ਨਿਰਮਲ ਦਾਸ ਬਾਬੇਜੌੜੇ, ਸੰਤ ਸਰਵਣ ਦਾਸ ਸਲੇਮਟਾਵਰੀ ਸੀਨੀ.ਮੀਤ ਪ੍ਰਧਾਨ, ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ,ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ, ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ ,ਸੰਤ ਮਨਜੀਤ ਦਾਸ ਵਿਛੋਹੀ, ਸੰਤ ਜਗੀਰ ਸਿੰਘ ਸਰਬੱਤ ਭਲਾ ਆਸ਼ਰਮ ਨੰਦਾਚੌਰ, ਵੱਡੀ ਗਿਣਤੀ ਵਿੱਚ ਸੰਗਤਾਂ ਵੀ ਹਾਜਰ ਸਨ।

