ਸਾਡੇ ਬਜੁਰਗ ਲੋਹੜੀ ਦੇ ਦਿਨਾਂ ‘ਚ ਬੱਚਿਆਂ ਨੂੰ ਮੂੰਗਫਲੀ ਅਤੇ ਗੁੜ ਦੇਣਾ ਵੀ ਸ਼ਗਨ ਸਮਝਦੇ ਸਨ
ਸਾਡੇ ਪੰਜਾਬੀ ਵਿਰਸੇ ਦੇ ਅਨੇਕਾਂ ਤਿਉਹਾਰ ਹਨ। ਹਰੇਕ ਤਿਉਹਾਰ ਦੀ ਆਪਣੀ ਆਪਣੀ ਖਾਸ਼ੀਅਤ ਹੈ। ਮੋਜੂਦਾ ਸਮੇਂ ਚੱਲ ਰਹੇ ਕੈਲੰਡਰ ਅਨੁਸਾਰ ਨਵੇਂ ਸਾਲ ਦਾ ਸਭ ਤੋਂ ਪਹਿਲਾ ਵਿਰਾਸਤੀ ਤਿਉਹਾਰ ਲੋਹੜੀ ਤੇ ਮਾਘੀ ਹੈ। ਆਮ ਬੋਲ-ਚਾਲ ਵਿੱਚ ਅਸੀਂ ਲੋਹੜੀ-ਮਾਘੀ ਇਕੱਠਾ ਬੋਲਦੇ ਹਾਂ ਪਰ ਲੋਹੜੀ ਅਤੇ ਮਾਘੀ ਅਲੱਗ-ਅਲੱਗ ਤਿਉਹਾਰ ਹਨ। ਲੋਹੜੀ ਅਤੇ ਮਾਘੀ ਵਿੱਚ ਸਬੰਧ ਇਹੀ ਹੈ ਕਿ ਹਮੇਸ਼ਾ ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਤਿਉਹਾਰ ਹੁੰਦਾ ਹੈ। ਨਵੇਂ ਕੈਲੰਡਰਾ ਅਨੁਸਾਰ ਬਹੁੱਤ ਸਾਰੇ ਦਿਨ ਤਿਉਹਾਰ ਬਦਲ ਗਏ ਹਨ ਪਰ ਲੋਹੜੀ ਜਿਆਦਾਤਰ 13 ਜਨਵਰੀ ਦੀ ਅਤੇ ਮਾਘੀ ਜਿਆਦਾਤਰ 14 ਜਨਵਰੀ ਦੀ ਹੀ ਹੁੰਦੀ ਹੈ।
ਲੋਹੜੀ ਦਾ ਤਿਉਹਾਰ ਖੁਸ਼ੀਆਂ ਅਤੇ ਚਾਵਾਂ ਦਾ ਤਿਉਹਾਰ ਹੈ। ਕੜਾਕੇ ਦੀ ਠੰਡ ਦੇ ਬਾਵਜੂਦ ਵੀ ਇਸ ਤਿਉਹਾਰ ਲਈ ਸਭ ਦੇ ਮਨ ਵਿੱਚ ਖਾਸ ਚਾਅ, ਉਤਸਾਹ ਅਤੇ ਉਮੰਗ ਹੁੰਦੀ ਹੈ। ਲੋਹੜੀ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਈ ਜਾਂਦੀ ਹੈ। ਇਹ ਤਿਉਹਾਰ ਆਪਸੀ ਮੇਲ-ਮਿਲਾਪ ਅਤੇ ਭਾਈਚਾਰਕ ਸਾਂਝ ਪੈਦਾ ਕਰਦਾ ਹੈ। ਜਿਸ ਘਰ ਕੋਈ ਖੁਸ਼ੀ ਆਈ ਹੋਵੇ ਉਸ ਦੇ ਬੂਹੇ ਅੱਗੇ ਧੂਣੀ ਲਾਈ ਜਾਦੀ ਹੈ। ਜਿਸ ਤੇ ਰਿਸ਼ਤੇਦਾਰ ਅਤੇ ਆਢ-ਗੁਆਢ ਦੇ ਲੋਕ ਇਕੱਠੇ ਹੋ ਕੇ ਬੈਠਦੇ ਹਨ ਅਤੇ ਖੁਸ਼ੀ ਸ਼ਾਝੀ ਕਰਦੇ ਹਨ। ਪਹਿਲਾ ਲੋਕ ਧੂਣੀ ਲਗਾਉਣ ਲਈ ਸਾਰੇ ਆਸ-ਪਾਸ ਦੇ ਘਰਾਂ ‘ਚੋਂ ਪਾਥੀਆਂ ਅਤੇ ਲੱਕੜਾਂ ਇਕੱਠੀਆਂ ਕਰਕੇ ਕਿਸੇ ਇੱਕ ਜਗ੍ਹਾ ਤੇ ਬਾਲਣ ਇਕੱਠਾ ਕਰਕੇ ਸਾਂਝੀ ਧੂਣੀ ਲਗਾ ਕੇ ਲੋਹੜੀ ਮਨਾਉਂਦੇ ਸਨ। ਧੂਣੀ ਤੇ ਬੈਠ ਕੇ ਨਾਲੇ ਠੰਢ ਤੋਂ ਰਾਹਤ ਮਿਲਦੀ ਸੀ ਤੇ ਬਿਨ੍ਹਾ ਸ਼ੋਰ-ਸਰਾਬੇ ਤੋਂ ਇਕੱਠੇ ਬੈਠ ਕੇ ਦੁੱਖ-ਸੁੱਖ ਸਾਂਝੇ ਕੀਤੇ ਜਾਂਦੇ ਸਨ। ਲੋਹੜੀ ਦੀ ਧੂਣੀ ਵਿੱਚ ਤਿੱਲ ਸੁਟੇ ਜਾਂਦੇ ਸੀ ਤੇ ਗੁਣ ਗੁਣਾਇਆ ਜਾਂਦਾ ਸੀ:
ਈਸ਼ਰ ਆ, ਦਲਿੱਦਰ ਜਾ।
ਦਲਿੱਦਰ ਦੀ ਜੜ੍ਹ ਚੁੱਲੇ ਪਾ।
ਧੂਣੀ ਉਪਰ ਦੀ ਗੰਨੇ ਵਾਰ ਕੇ ਚੁੱਪੇ ਜਾਂਦੇ ਸਨ। ਕਈ ਲੋਕ ਇਸ ਰਾਤ ਨੂੰ ਸਰੋਂ ਦਾ ਸਾਗ ਬਣਾਉਂਦੇ ਸਨ। ਇਸ ਰਾਤ ਸਾਗ ਤੌੜੀ ਵਿੱੱਚ ਧਰਦੇ ਸਨ, ਸਾਰੀ ਰਾਤ ਸਾਗ ਰਿਝਦਾ ਸੀ ਅਤੇ ਅਗਲੀ ਸਵੇਰ ਮਾਘੀ ਦੀ ਸੰਗਰਾਂਦ ਨੂੰ ਖਾਂਦੇ ਸਨ। ਕਿਹਾ ਜਾਂਦਾ ਸੀ:
‘ਪੋਹ ਰਿੰਨੀ, ਮਾਘ ਖਾਧੀ।’
ਪਹਿਲੇ ਸਮਿਆਂ ਵਿੱਚ ਲੋਹੜੀ ਮਨਾਉਣ ਦਾ ਵੱਖਰਾਂ ਢੰਗ ਸੀ। ਬੱਚੇ ਇਕੱਠੇ ਹੋ ਕੇ ਗਲੀਆਂ ਮੁਹੱਲਿਆਂ ਵਿੱਚ ਲੋਹੜੀ ਮੰਗਦੇ ਸਨ। ਲੋਹੜੀ ਮੰਗਣ ਲੱਗੇ ਆਵਾਜ ਲਗਾਉਦੇ ਸੀ:
ਦੇ ਨੀ ਮਾਈ ਲੋਹੜੀ, ਤੇਰਾ ਪੁੱਤ ਚੜੇਗਾ ਘੋੜੀ।
ਜਾਂ
ਸਾਨੂੰ ਦੇ ਲੋਹੜੀ, ਤੇਰੇ ਜੀਵੇ ਜੋੜੀ।
ਜੇਕਰ ਲੋਹੜੀ ਦਿੰਦੇ ਸਮੇਂ ਥੋੜੀ ਦੇਰ ਹੋ ਜਾਣੀ ਤਾਂ ਬੱਚਿਆਂ ਨੇ ਆਖਣਾ:
ਸਾਡੇ ਪੈਰਾਂ ਹੇਠਾ ਰੋੜ,
ਸਾਨੂੰ ਛੇਤੀ-ਛੇਤੀ ਤੌਰ।
ਪੁਰਾਤਨ ਕਿੱਸਿਆਂ ਅਨੁਸਾਰ ਲੋਹੜੀ ਦਾ ਸਾਡੇ ਲੋਕ ਨਾਇਕ ਦੁੱਲਾ ਭੱਟੀ ਨਾਲ ਗਹਿਰਾ ਸਬੰਧ ਹੈ। ਇਸ ਕਰਕੇ ਲੋਹੜੀ ਮੰਗਦੇ ਬੱਚੇ ਇਹ ਸਤਰਾਂ ਗਾਉਦੇ ਸਨ:
ਸੁੰਦਰ ਮੁੰਦਰੀਏ …ਹੋ!
ਤੇਰਾ ਕੌਣ ਵਿਚਾਰ …ਹੋ!
ਦੁੱਲਾ ਭੱਟੀ ਵਾਲਾ …ਹੋ!
ਦੁੱਲੇ ਧੀ ਵਿਆਹੀ …ਹੋ!
ਸੇਰ ਸੱਕਰ ਪਾਈ …ਹੋ!
ਕੁੜੀ ਦਾ ਸਾਲੂ ਪਾਟਾ …ਹੋ!
ਸਾਲੂ ਕੌਣ ਸਮੇਟੇ …ਹੋ!
ਚਾਚਾ ਗਾਲ਼ੀ ਦੇਸੇ …ਹੋ!
ਚਾਚੇ ਚੂਰੀ ਕੁੱਟੀ …ਹੋ!
ਜ਼ਿੰਮੀਦਾਰਾਂ ਲੱੱਟੀ …ਹੋ!
ਜ਼ਿੰਮੀਦਾਰ ਸੁਧਾਏ …ਹੋ!
ਗਿਣ ਗਿਣ ਪੌਲੇ ਲਾਏ …ਹੋ!
ਸਾਨੂੰ ਦੇ ਦੇ ਲੋਹੜੀ,
‘ਤੇ ਤੇਰੀ ਜੀਵੇ ਜੋੜੀ…!
ਸਾਡੇ ਬਜੁਰਗ ਲੋਹੜੀ ਦੇ ਦਿਨਾ ‘ਚ ਬੱਚਿਆਂ ਨੂੰ ਮੂੰਗਫਲੀ ਅਤੇ ਗੁੜ ਦੇਣਾ ਵੀ ਸ਼ਗਨ ਸਮਝਦੇ ਸਨ। ਲੋਹੜੀ ਤੇ ਬੱਚਿਆਂ ਨੂੰ ਮੂੰਗਫਲੀ ਅਤੇ ਗੁੜ ਸਾਰੇ ਦਿੰਦੇ ਸਨ ਪਰ ਘਰ ਵਿੱਚ ਲੋਹੜੀ ਜਿਆਦਾਤਰ ਮੁੰਡੇ ਦੇ ਜਨਮ ਹੋਣ ਤੇ ਜਾਂ ਮੁੰਡੇ ਦਾ ਵਿਆਹ ਹੋਣ ਤੇ ਮਨਾਈ ਜਾਦੀ ਸੀ। ਅੱਜ ਕੱਲ੍ਹ ਲੋਕ ਪੜ੍ਹ-ਲਿਖ ਕੇ ਚੰਗੀ ਸੋਚ ਰੱਖਦੇ ਹੋਏ ਧੀਆਂ ਦੀ ਲੋਹੜੀ ਵੀ ਮਨਾਉਣ ਲੱਗੇ ਹਨ। ਘਰ ਵਿੱਚ ਆਇਆ ਹਰ ਨਵਾਂ ਬੱਚਾ ਸਾਡੇ ਵਿਹੜੇ ਦੀ ਰੋਣਕ ਹੈ। ਮੁੰਡੇ ਕੁੜੀ ਦੇ ਫਰਕ ਨੂੰ ਮਿਟਾ ਕੇ ਪੁੱਤਾਂ ਵਾਂਗ ਧੀਆਂ ਦੀ ਲੋਹੜੀ ਮਨਾਉਣਾ ਸਲਾਂਘਾਯੋਗ ਕਾਰਜ ਹੈ।
ਪਹਿਲਾਂ ਜਿਸ ਘਰ ਮੁੰਡੇ ਦਾ ਜਨਮ ਹੁੰਦਾ ਸੀ ਜਾਂ ਜਿਸ ਘਰ ਮੁੰਡੇ ਦਾ ਵਿਆਹ ਹੁੰਦਾ ਸੀ ਉਸ ਘਰ ਵਾਲੇ ਆਪਣੇ ਰਿਸ਼ਤੇਦਾਰ ਅਤੇ ਆਢ-ਗੁਆਢ ਦੀਆਂ ਔਰਤਾਂ ਨਾਲ ਆਪਣੇ ਗਲੀ, ਮੁਹੱਲੇ, ਅਗਵਾੜ ਜਾਂ ਸਰਦੇ-ਪੁੱਜਦੇ ਘਰ ਸਾਰੇ ਪਿੰਡ ਵਿੱਚ ਘਰ-ਘਰ ਜਾ ਕੇ ਮੂੰਗਫਲੀ, ਰਿਉੜਿਆਂ ਜਾਂ ਗੁੱੜ ਵੰਡਦੇ ਸਨ। ਅੱਜ-ਕੱਲ੍ਹ ਲੋਕਾਂ ਵਿੱਚ ਮੋਹ ਪਿਆਰ ਘੱਟ ਗਿਆ ਹੈ। ਲੋਕਾਂ ਕੋਲ ਸਮਾਂ ਹੀ ਨਹੀਂ ਹੈ ਕਿ ਉਹ ਆਪਣੇ ਰਿਸਤੇਦਾਰਾਂ ਜਾਂ ਸਕੇ ਸਬੰਧੀਆਂ ਦੇ ਜਾ ਕੇ ਉਨ੍ਹਾਂ ਨਾਲ ਲੋਹੜੀਆਂ ਵੰਡਾਉਣ। ਨਾ ਹੀ ਕੋਈ ਲੋਹੜੀ ਵੰਡਣ ਲਈ ਕਿਸੇ ਨੂੰ ਬੁਲਾ ਕੇ ਰਾਜੀ ਹੈ ਬੱਸ ਲੋਹੜੀ ਵਾਲੀ ਰਾਤ ਡੀ.ਜੀ. ਵਗੈਰਾ ਲਗਾ ਕੇ ਪਾਰਟੀ ਤੇ ਸੱਦਾ ਦੇ ਦਿੱਤਾ ਜਾਂਦਾ ਹੈ। ਇਹ ਡੂਪਲੀਕੇਟ ਵਿਖਾਵਾ ਮਨ ਨੂੰ ਖੁਸ਼ੀ ਤੇ ਸਕੂਨ ਨਹੀਂ ਦਿੰਦਾ ਸਗੋਂ ਸਿਰਫ ਲੋਕ-ਲੱਜਾ ਲਈ ਕੀਤੀਆਂ ਫਾਰਮੈਲਟੀਆਂ ਹੀ ਹਨ।
ਕੁਦਰਤ ਦਾ ਅਸੂਲ ਹੈ ਕਦੇ ਵੀ ਕਿਸੇ ਚੀਜ ਦਾ ਬੀਜ ਨਾਸ਼ ਨਹੀਂ ਹੁੰਦਾ। ਅਜੇ ਵੀ ਬਹੁੱਤ ਅਜਿਹੇ ਪਿੰਡ ਹਨ ਜਿਥੇ ਲੋਕ ਸਾਡੀ ਵਿਰਾਸਤ ਨਾਲ ਜੁੜੇ ਹੋਏ ਹਨ। ਬਹੁੱਤ ਸਾਰੇ ਲੋਕ ਅਜਿਹੇ ਹਨ ਜਿਹੜੇ ਸ਼ਹਿਰਾਂ ਵਿੱਚ ਵਸਦੇ ਹਨ ਪਰ ਉਨ੍ਹਾਂ ਦੇ ਦਿਲਾਂ ਵਿੱਚ ਵਿਰਾਸਤ ਲਈ ਪਿਆਰ ਹੈ ਉਨ੍ਹਾਂ ਨੇ ਆਪਣੇ ਵਿਰਸੇ ਦੀਆਂ ਸੌਗਾਤਾਂ ਨੂੰ ਜੀਵਤ ਰੱਖਿਆ ਹੋਇਆ ਹੈ। ਉਹ ਪੁਰਾਤਨ ਰਿਵਾਇਤ ਅਨੁਸਾਰ ਘਰ ਧੀ-ਪੁੱਤ ਦੇ ਜਨਮ ਹੋਣ ਤੇ ਜਾਂ ਘਰ ਮੁੰਡੇ ਦਾ ਵਿਆਹ ਹੋਣ ਤੇ ਆਪਣੇ ਰਿਸਤੇਦਾਰ ਅਤੇ ਆਂਢ-ਗੁਆਂਢ ਦੀਆਂ ਔਰਤਾਂ ਨਾਲ ਆਪਣੇ ਗਲੀ, ਮੁਹੱਲਿਆਂ ਵਿੱਚ ਘਰ-ਘਰ ਜਾ ਕੇ ਪੁਰਾਤਨ ਰਵਾਇਤ ਅਨੁਸਾਰ ਮੂੰਗਫਲੀ, ਰਿਉੜਿਆਂ (ਨਵੇਂ ਜਮਾਨੇ ਅਨੁਸਾਰ ਗੁੱੜ ਦੀ ਜਗ੍ਹਾ ਗੱਚਕ ਅਤੇ ਲੱਡੂ ਆਦਿ) ਵੰਡਦੇ ਹਨ। ਇਹ ਰਵਾਇਤਾਂ ਜਿਥੇਂ ਮਨ ਨੂੰ ਇੱਕ ਵੱਖਰੀ ਖੁਸ਼ੀ ਤੇ ਆਨੰਦ ਦਿੰਦਿਆ ਹਨ ਉਥੇ ਸਾਨੂੰ ਸਾਡੀ ਵਿਰਾਸਤ ਨਾਲ ਜੋੜ ਕੇ ਰੱਖਦੀਆਂ ਹਨ।
ਸਾਡੇ ਧਾਰਮਿਕ ਆਗੂਆਂ ਅਨੁਸਾਰ ਮਾਘੀ ਨੂੰ ਬਹੁੱਤ ਹੀ ਪਵਿੱਤਰ ਦਿਨ ਦਾ ਦਰਜਾ ਦਿੱਤਾ ਗਿਆ ਹੈ। ਮਾਘੀ ਮਾਘ ਮਹੀਨੇ ਦੀ ਸੰਗ੍ਰਾਦ ਨੂੰ ਕਹਿੰਦੇ ਹਨ ਇਸ ਦਿਨ ਦੇਸੀ ਮਹੀਨਿਆਂ ਅਨੁਸਾਰ ਮਾਘ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ। ਮਾਘ ਦਾ ਸਾਰਾ ਮਹੀਨਾ ਭਾਰਤ ਵਿੱਚ ਅਤੇ ਖਾਸ ਕਰਕੇ ਪੰਜਾਬ ਵਿੱਚ ਸਾਰਾ ਮਹੀਨਾ ਬਹੁੱਤ ਦਾਨ-ਪੁੰਨ ਕੀਤਾ ਜਾਂਦਾ ਹੈ। ਸਾਰਾ ਮਹੀਨਾ ਥਾਂ-ਥਾਂ ਤੇ ਲੰਗਰ ਚੱਲਦੇ ਹਨ। ਸ਼੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਚੱਲਦੀਆਂ ਹਨ। ਮਾਘ ਮਹੀਨੇ ਨੂੰ ਮੁੱਖ ਰੱਖਕੇ ਬਹੁੱਤ ਸਾਰੇ ਵਿਸ਼ੇਸ਼ ਧਾਰਮਿਕ ਸਮਾਗਮ ਹੁੰਦੇ ਹਨ।
ਲੋਹੜੀ ਦੀ ਖੁਸ਼ੀ ਆਪਣਿਆਂ ਬਿਨਾ ਚੰਗੀ ਨਹੀਂ ਲੱਗਦੀ। ਜਿਸ ਦੇ ਸੱਜਣ ਗੁਸੇ ਗਿਲ੍ਹੇ ਹੋਣ ਜਾਂ ਕਿਸੇ ਦਾ ਕੋਈ ਵਿਛੜ ਗਿਆ ਹੋਵੇ ਉਸ ਨੂੰ ਲੋਹੜੀ ਚੰਗੀ ਨਹੀਂ ਲੱਗਦੀ। ਕਿਸੇ ਨੇ ਲਿਿਖਆ ਹੈ:
ਲੋਹੜੀ ਵਾਲੀ ਰਾਤ, ਲੋਕੀ ਬਾਲ ਦੇ ਨੇ ਲੋਹੜੀਆਂ।
ਸਾਡੀ ਕਾਹਦੀ ਲੋਹੜੀ, ਅੱਖਾਂ ਸੱਜਣਾ ਨੇ ਮੋੜੀਆਂ।
ਪ੍ਰਮਾਤਮਾਂ ਕ੍ਰਿਪਾ ਕਰੇ! ਕਿਸੇ ਲਈ ਲੋਹੜੀ ਦਰਦ ਭਰੀ ਨਾ ਹੋਵੇ, ਆਪਣਿਆਂ ਬਿਨ੍ਹਾਂ ਅਧੂਰੀ ਨਾ ਹੋਵੇ। ਹਰੇਕ ਸਾਲ ਲੋਹੜੀ ਅਤੇ ਮਾਘੀ ਹਰੇਕ ਲਈ ਖੁਸ਼ੀ ਭਰੀ ਹੀ ਆਵੇ।
-ਭਵਨਦੀਪ ਸਿੰਘ ਪੁਰਬਾ, 1195, ਅਜੀਤ ਨਗਰ ਮੋਗਾ (ਪੰਜਾਬ), ਸੰਪਰਕ: 9988-92-9988

