• ਟਰੈਕਟਰ ਨਾਲ ਟੱਕਰ ਉਪਰੰਤ ਪਲਟੀ ਟੂਰਿਸਟ ਬੱਸ ਦੀ ਲਪੇਟ ‘ਚ ਆਏ ਕਾਰ ਅਤੇ ਸਕੂਟੀ ਸਵਾਰ ਜ਼ਖਮੀ
• ਟਰੈਕਟਰ ਚਾਲਕ ਦੀ ਹਾਦਸੇ ‘ਚ ਹੋਈ ਮੌਤ
ਹੁਸ਼ਿਆਰਪੁਰ/ਟਾਂਡਾ ਉੜਮੁੜ, 1 ਸਤੰਬਰ (ਤਰਸੇਮ ਦੀਵਾਨਾ)- ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ‘ਤੇ ਪਿੰਡ ਮੂਨਕਾਂ ਨਜ਼ਦੀਕ ਸੋਮਵਾਰ ਤੜਕਸਾਰ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ 3 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟੂਰਿਸਟ ਬੱਸ ਬੇਕਾਬੂ ਹੋ ਕੇ ਪਲਟ ਗਈ | ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਤੇਜ਼ ਰਫਤਾਰ ਟੂਰਿਸਟ ਬਸ, ਟਰੈਕਟਰ, ਸਕੂਟੀ, ਕਾਰ ਵਿਚਕਾਰ ਟੱਕਰ ਹੋਣ ਕਾਰਨ ਵਾਪਰਿਆ ਜਿਸ ਵਿੱਚ ਟਰੈਕਟਰ ਚਾਲਕ ਪ੍ਰਵਾਸੀ ਵਿਅਕਤੀ ਦੀ ਮੌਤ ਹੋ ਗਈ ਜਦਕਿ ਸਕੂਟੀ ਸਵਾਰ ਵਿਅਕਤੀ, ਕਾਰ ਸਵਾਰ ਔਰਤ ਤੇ ਬੱਸ ਵਿੱਚਲੀਆਂ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ।
ਇਹ ਹਾਦਸਾ ਸਵੇਰੇ ਕਰੀਬ 7 ਵਜੇ ਉਸ ਸਮੇਂ ਵਾਪਰਿਆ
ਸੂਤਰਾਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 7 ਵਜੇ ਉਸ ਸਮੇਂ ਵਾਪਰਿਆ ਜਦੋਂ ਜਲੰਧਰ ਵੱਲੋਂ ਪਠਾਨਕੋਟ ਜਾ ਰਹੀ ਟੂਰਿਸਟ ਬੱਸ ਪਿੰਡ ਮੁਨਕਾਂ ਵਾਲੇ ਪਾਸਿਓਂ ਲਿੰਕ ਰੋਡ ਤੋਂ ਅਚਾਨਕ ਹੀ ਹਾਈਵੇ ‘ਤੇ ਚੜਨ ਲੱਗੇ ਟਰੈਕਟਰ ਨਾਲ ਜਾ ਟਕਰਾਈ ਜਿਸ ਕਾਰਨ ਬੱਸ ਬੇਕਾਬੂ ਹੋ ਕੇ ਰਾਸ਼ਟਰੀ ਰਾਜ ਮਾਰਗ ‘ਤੇ ਪਲਟ ਗਈ ਤੇ ਬੱਸ ਨੇ ਸਕੂਟੀ ਸਵਾਰ,ਕਾਰ ਸਵਾਰ ਔਰਤ ਅਤੇ ਇੱਕ ਬੱਚੇ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਟਰੈਕਟਰ ਚਾਲਕ ਪ੍ਰਵਾਸੀ ਮਜ਼ਦੂਰ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ ਜਦਕਿ ਕਾਰ ਸਵਾਰ ਜਸਦੀਪ ਕੌਰ ਪਤਨੀ ਬਲਜੀਤ ਸਿੰਘ ਤੇ ਪੁੱਤਰ ਹਰਮਨ ਸਿੰਘ ਵਾਸੀ ਪਿੰਡ ਮੂਨਕ ਖੁਰਦ ਗੰਭੀਰ ਜਖਮੀ ਹੋ ਗਏ।
ਇਸ ਤੋਂ ਇਲਾਵਾ ਸਕੂਟੀ ਸਵਾਰ ਵਿਅਕਤੀ ਦਰਸ਼ਨ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਮੂਨਕ ਖੁਰਦ ਵੀ ਗੰਭੀਰ ਜਖਮੀ ਹੋ ਗਿਆ ਜਿਨਾਂ ਨੂੰ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਦੇ ਵਲੰਟੀਅਰ ਜਥੇਦਾਰ ਦਵਿੰਦਰ ਸਿੰਘ ਮੂਨਕਾਂ ਨੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਹਾਦਸੇ ਦੀ ਸੂਚਨਾ ਮਿਲਣ ਉਪਰੰਤ ਡੀ.ਐਸ.ਪੀ ਟਾਂਡਾ ਦਵਿੰਦਰ ਸਿੰਘ ਬਾਜਵਾ, ਥਾਣਾ ਮੁਖੀ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਪਲਟੀ ਹੋਈ ਬੱਸ ਨੂੰ ਸਿੱਧਾ ਕਰਵਾਇਆ ਅਤੇ ਟਰੈਫਿਕ ਬਹਾਲ ਕਰਵਾਇਆ। ਭਾਵੇਂ ਫੌਰੀ ਤੌਰ ‘ਤੇ ਇਹ ਹਾਦਸਾ ਟਰੈਕਟਰ ਚਾਲਕ ਦੀ ਗਲਤੀ ਨਾਲ ਵਾਪਰਿਆ ਦੱਸਿਆ ਜਾ ਰਿਹਾ ਹੈ ਪਰ ਇਸ ਹਾਦਸੇ ਦੇ ਅਸਲ ਕਾਰਨਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।