ਕੈਬਨਿਟ ਮੰਤਰੀ ਨੇ ਆਸ਼ਾ ਕਿਰਨ ਸਕੂਲ ਨੂੰ 3 ਲੱਖ ਰੁਪਏ ਦਿੱਤੇ
ਹੁਸ਼ਿਆਰਪੁਰ 28 ਨਵੰਬਰ (ਤਰਸੇਮ ਦੀਵਾਨਾ) – ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ, ਜਹਾਨਖੇਲਾ ਦਾ ਦੌਰਾ ਕੀਤਾ ਅਤੇ ਵਿਸ਼ੇਸ਼ ਬੱਚਿਆਂ ਨਾਲ ਸਮਾਂ ਬਿਤਾਇਆ। ਡਾ. ਰਵਜੋਤ ਸਿੰਘ ਨੇ ਕਿਹਾ ਕਿ ਸਪੈਸ਼ਲ ਬੱਚਿਆਂ ਨੂੰ ਵੀ ਦੂਜੇ ਬੱਚਿਆਂ ਵਾਂਗ ਜੀਵਨ ਵਿੱਚ ਤਰੱਕੀ ਕਰਨ ਦੇ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਆਸ਼ਾਦੀਪ ਵੈਲਫੇਅਰ ਸੋਸਾਇਟੀ ਵੱਲੋਂ ਵਿਸ਼ੇਸ਼ ਬੱਚਿਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਜੋੜਨ ਲਈ ਕੀਤੇ ਜਾ ਰਹੇ ਯਤਨ ਪ੍ਰਸ਼ੰਸਾਯੋਗ ਹਨ। ਇਸ ਮੌਕੇ ਮੰਤਰੀ ਡਾ. ਰਵਜੋਤ ਸਿੰਘ ਨੇ ਸਕੂਲ ਦੀ ਬਿਹਤਰੀ ਲਈ ਸੋਸਾਇਟੀ ਮੈਂਬਰਾਂ ਨੂੰ 3 ਲੱਖ ਰੁਪਏ ਸੌਂਪੇ।
ਇਸ ਮੌਕੇ ਸਕੂਲ ਦੇ ਸਰਪ੍ਰਸਤ ਪਰਮਜੀਤ ਸਿੰਘ ਸਚਦੇਵਾ ਨੇ ਮੰਤਰੀ ਡਾ. ਰਵਜੋਤ ਸਿੰਘ ਨੂੰ ਸਕੂਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ 1995 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਸ ਵੇਲੇ ਵਿਸ਼ੇਸ਼ ਲੋੜਾਂ ਵਾਲੇ 200 ਤੋਂ ਵੱਧ ਸਪੈਸ਼ਲ ਵਿਦਿਆਰਥੀਆਂ ਦੀ ਸੇਵਾ ਕਰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲ ਦੇ ਹੋਸਟਲ ਵਿੱਚ 25 ਵਿਦਿਆਰਥੀ ਰਹਿੰਦੇ ਹਨ। ਆਸ਼ਾਦੀਪ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ ਅਤੇ ਕਰਨਲ ਗੁਰਮੀਤ ਸਿੰਘ ਨੇ ਸਕੂਲ ਵਿੱਚ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਥੈਰੇਪੀਆਂ ਅਤੇ ਇਨ੍ਹਾਂ ਬੱਚਿਆਂ ਨੂੰ ਜੀਵਨ ਲਈ ਕਿਵੇਂ ਤਿਆਰ ਕੀਤਾ ਜਾਂਦਾ ਹੈ, ਬਾਰੇ ਜਾਣਕਾਰੀ ਸਾਂਝੀ ਕੀਤੀ।
ਆਸ਼ਾਦੀਪ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨੇ ਮੰਤਰੀ ਡਾ. ਰਵਜੋਤ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਹਰੀਸ਼ ਠਾਕੁਰ, ਮਲਕੀਤ ਸਿੰਘ ਮਹੇਦੂ, ਰਾਮ ਆਸਰਾ, ਹਰਮੇਸ਼ ਤਲਵਾੜ, ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ ਅਤੇ ਪ੍ਰਿੰਸੀਪਲ ਸ਼ੈਲੀ ਸ਼ਰਮਾ ਵੀ ਮੌਜੂਦ ਸਨ।

