ਹੁਸ਼ਿਆਰਪੁਰ 27 ਸਤੰਬਰ (ਤਰਸੇਮ ਦੀਵਾਨਾ)- ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਅੰਬੇਡਕਰ ਦੇ ਮਿਸ਼ਨ ਦੇ ਪ੍ਰਚਾਰ-ਪ੍ਰਸਾਰ ਨੂੰ ਲੈ ਕੇ ਅੰਬੇਡਕਰ ਫੋਰਸ ਪੰਜਾਬ ਦੀ ਮੀਟਿੰਗ ਪਿੰਡ ਬੂਥਗੜ੍ਹ ਵਿੱਚ ਫੋਰਸ ਦੇ ਪ੍ਰਧਾਨ ਅਨਿਲ ਕੁਮਾਰ ਬਾਘਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਹਾਜ਼ਰ ਸਾਰਿਆਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਵਿੱਚ ਵਧ-ਚੜ੍ਹ ਕੇ ਯੋਗਦਾਨ ਦੇਣ ਅਤੇ ਮਿਸ਼ਨ ਨੂੰ ਘਰ-ਘਰ ਪਹੁੰਚਾਉਣ ਦਾ ਪ੍ਰਣ ਲਿਆ। ਅਨਿਲ ਬਾਘਾ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਆਪਣਾ ਸਾਰਾ ਜੀਵਨ ਸਾਡੀ ਗੁਲਾਮੀ ਦੀਆਂ ਬੇੜ੍ਹੀਆਂ ਕੱਟਣ ਅਤੇ ਸਾਨੂੰ ਸਾਡੇ ਹੱਕ ਦੁਆਉਣ ਲਈ ਲਗਾ ਦਿੱਤਾ।
ਇਸ ਲਈ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੀ ਵਿਚਾਰਧਾਰਾ ’ਤੇ ਪਹਿਰਾ ਦਈਏ ਕਿਉਂਕਿ ਬਾਬਾ ਸਾਹਿਬ ਦੀ ਵਿਚਾਰਧਾਰਾ ’ਤੇ ਚੱਲ ਕੇ ਹੀ ਸਾਡਾ ਸਮਾਜ ਤਰੱਕੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੋ ਅੱਜ ਅਸੀਂ ਅਧਿਕਾਰਾਂ ਦਾ ਅਨੰਦ ਮਾਣ ਰਹੇ ਹਾਂ, ਵੱਡੇ-ਵੱਡੇ ਅਹੁਦਿਆਂ ’ਤੇ ਸਾਡੇ ਸਮਾਜ ਦੇ ਲੋਕ ਬਿਰਾਜਮਾਨ ਹਨ ਇਹ ਸਭ ਬਾਬਾ ਸਾਹਿਬ ਦੀ ਬਦੌਲਤ ਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਕਜੁੱਟ ਹੋ ਕੇ ਸਮਾਜ ਦੀ ਬੇਹਤਰੀ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਯੂਨਿਟ ਸਥਾਪਿਤ ਕੀਤੀ ਗਈ ਜਿਸ ਵਿੱਚ ਵਿਦਿਆ ਸਾਗਰ ਨੂੰ ਪ੍ਰਧਾਨ, ਸੁਖਵਿੰਦਰ ਸਿੰਘ ਮੀਤ ਪ੍ਰਧਾਨ ਅਤੇ ਧਰਮਪਾਲ ਨੂੰ ਜਨਰਲ ਸਕੱਤਰ ਚੁਣਿਆ ਗਿਆ। ਮੀਟਿੰਗ ਵਿੱਚ ਉਚੇਚੇ ਤੌਰ ’ਤੇ ਪਿੰਡ ਦੇ ਸਰਪੰਚ ਸਤਨਾਮ ਸਿੰਘ ਵੀ ਹਾਜ਼ਰ ਹੋਏ। ਇਸ ਤੋਂ ਇਲਾਵਾ ਪਵਨ ਬੈਂਸ, ਮਨਜੀਤ ਸਿੰਘ, ਰਣਜੀਤ ਸਿੰਘ, ਗੋਲਡੀ, ਰਿਤਿਕ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਸਾਥੀ ਹਾਜ਼ਰ ਹੋਏ।