ਹੁਸ਼ਿਆਰਪੁਰ 1 ਜੂਨ ( ਤਰਸੇਮ ਦੀਵਾਨਾ ) ਅਜੋਕੇ ਸਮੇਂ ਵਿੱਚ ਸੋਸ਼ਲ ਮੀਡੀਆ ਸਾਡੇ ਜੀਵਨ ਦਾ ਇੱਕ ਅਹਿਮ ਅੰਗ ਬਣ ਚੁੱਕਾ ਹੈ। ਇਹ ਸਿਰਫ ਸੰਚਾਰ ਦਾ ਸਾਧਨ ਹੀ ਨਹੀਂ, ਸਗੋਂ ਸਾਡੀ ਸੋਚ, ਸਮਾਜ ਅਤੇ ਕਾਰੋਬਾਰ ਤੇ ਵੀ ਇਸਦਾ ਡੂੰਘਾ ਪ੍ਰਭਾਵ ਪੈਂਦਾ ਹੈ। ਸੋਸ਼ਲ ਮੀਡੀਆ ਵਿੱਚ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਸਨੈਪਚੈਟ ਅਤੇ ਯੂਟਿਊਬ ਵਰਗੇ ਕਈ ਮੰਚ ਸ਼ਾਮਲ ਹਨ ਜੋ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਗਏ ਹਨ । ਇਹ ਵਿਚਾਰ ਉੱਘੇ ਸਮਾਜ ਸੇਵਕ ਅਤੇ ਬੁੱਧੀਜੀਵੀ ਸ਼ਖਸ਼ੀਅਤ ਭੁਪਿੰਦਰ ਸਿੰਘ ਪਿੰਕੀ ਨੇ ਸਾਡੇ ਪੱਤਰਕਾਰ ਨਾਲ ਇੱਕ ਵਾਰਤਾ ਦੌਰਾਨ ਕੀਤੇ ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਨੇ ਸਾਡੇ ਸੰਚਾਰ ਦੇ ਢੰਗ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਹੁਣ ਅਸੀਂ ਪਲਕ ਝਪਕਦੇ ਹੀ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਤਾਲਮੇਲ ਕਰ ਸਕਦੇ ਹਾਂ।
ਇਸ ਨਾਲ ਦੂਰੀਆਂ ਮਿਟ ਗਈਆਂ ਹਨ ਅਤੇ ਸਾਡੇ ਵਿਚਾਰਾਂ ਅਤੇ ਅਨੁਭਵਾਂ ਨੂੰ ਸਾਂਝਾ ਕਰਨਾ ਬਹੁਤ ਹੀ ਆਸਾਨ ਹੋ ਗਿਆ ਹੈ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਸਮਾਜ ਦੇ ਕਈ ਪਹਿਲੂਆਂ ‘ਤੇ ਅਸਰ ਪਾਉਂਦਾ ਹੈ। ਇਹ ਲੋਕਾਂ ਦੀ ਰਾਏ ਬਣਾਉਣ ਵਿੱਚ, ਰਾਜਨੀਤਿਕ ਅੰਦੋਲਨਾਂ ਨੂੰ ਪ੍ਰੇਰਿਤ ਕਰਨ ਵਿੱਚ ਅਤੇ ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਦੀ ਮਾਨਸਿਕ ਸਿਹਤ ‘ਤੇ ਡੂੰਘਾ ਪ੍ਰਭਾਵ ਪਾਉਂਦਾ ਹੈ। ਕਈ ਵਾਰ ਇਹ ਮਾਨਸ਼ਿਕ ਤਣਾਅ ਅਤੇ ਆਤਮ- ਸਨਮਾਨ ਦੇ ਮੁੱਦਿਆਂ ਨੂੰ ਵੀ ਜਨਮ ਦਿੰਦਾ ਹੈ। ਉਹਨਾਂ ਕਿਹਾ ਕਿ ਕਾਰੋਬਾਰ ਲਈ ਸੋਸ਼ਲ ਮੀਡੀਆ ਇੱਕ ਸ਼ਕਤੀਸ਼ਾਲੀ ਮੰਚ ਹੈ।
ਇਸਦੇ ਜ਼ਰੀਏ ਕੰਪਨੀਆਂ ਆਪਣੇ ਗਾਹਕਾਂ ਨਾਲ ਜੁੜਦੀਆਂ ਹਨ।ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਨਾਲ ਕੁਝ ਚੁਣੌਤੀਆਂ ਵੀ ਜੁੜੀਆਂ ਹਨ ਜਿਵੇ ਕਿ ਗੁਪਤ ਮੁੱਦੇ, ਗਲਤ ਜਾਣਕਾਰੀ ਦਾ ਫੈਲਾਅ, ਸਾਇਬਰਬੁਲੀਅੰਗ ਅਤੇ ਇਸਦੀ ਆਦਤ ਬਣ ਜਾਣਾ, ਕੁਝ ਮੁੱਖ ਚਿੰਤਾਵਾਂ ਹਨ। ਇਹ ਚੁਣੌਤੀਆਂ ਸਾਡੇ ਲਈ ਸੋਚਣ ਵਾਲੀਆਂ ਹਨ ਕਿ ਅਸੀਂ ਕਿਵੇਂ ਇਸਦੇ ਸਹੀ ਇਸਤੇਮਾਲ ਨੂੰ ਯਕੀਨੀ ਬਣਾਈਏ।

