Breaking
Wed. Jun 24th, 2026

ਐਸ.ਆਈ.ਆਰ.-2026 : ਜਲੰਧਰ ਜ਼ਿਲ੍ਹੇ ’ਚ 25 ਜੂਨ ਤੋਂ 24 ਜੁਲਾਈ ਤੱਕ ਘਰ-ਘਰ ਜਾ ਕੇ ਬੀ.ਐਲ.ਓਜ਼ ਭਰਵਾਉਣਗੇ ਗਣਨਾ ਫਾਰਮ

ਬੀ.ਐਲ.ਓਜ਼

ਹਰੇਕ ਵੋਟਰ ਲਈ ਬੀ.ਐਲ.ਓਜ਼ ਵੱਲੋਂ ਦਿੱਤਾ ਜਾਣ ਵਾਲਾ ਗਣਨਾ ਫਾਰਮ ਭਰਨਾ ਜ਼ਰੂਰੀ : ਜ਼ਿਲ੍ਹਾ ਚੋਣ ਅਫ਼ਸਰ

ਸਮੂਹ ਵੋਟਰਾਂ ਨੂੰ ਐਸ.ਆਈ.ਆਰ. ਪ੍ਰਕਿਰਿਆ ਦੌਰਾਨ ਬੀ.ਐਲ.ਓਜ਼ ਨੂੰ ਸਹਿਯੋਗ ਦੇਣ, ਆਪਣੇ ਵੇਰਵਿਆਂ ਦੀ ਤਸਦੀਕ ਕਰਵਾਉਣ ਤੇ ਲੋੜੀਂਦੇ ਦਸਤਾਵੇਜ਼ ਸਮੇਂ-ਸਿਰ ਮੁਹੱਈਆ ਕਰਵਾਉਣ ਦੀ ਅਪੀਲ

ਕਿਸੇ ਵੀ ਜਾਣਕਾਰੀ ਲਈ ਟੋਲ ਫਰੀ ਨੰਬਰ 1950 ‘ਤੇ ਕੀਤਾ ਜਾ ਸਕਦਾ ਹੈ ਸੰਪਰਕ

ਜਲੰਧਰ 24 ਜੂਨ (ਜਸਵਿੰਦਰ ਸਿੰਘ ਆਜ਼ਾਦ)- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਰਵਾਈ ਜਾ ਰਹੀ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐਸ.ਆਈ.ਆਰ.)-2026 ਤਹਿਤ ਜ਼ਿਲ੍ਹਾ ਜਲੰਧਰ ਵਿੱਚ 25 ਜੂਨ ਤੋਂ ਘਰ-ਘਰ ਸਰਵੇ ਸਬੰਧੀ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਤਹਿਤ ਬੀ.ਐਲ.ਓਜ਼ 24 ਜੁਲਾਈ 2026 ਤੱਕ ਗਣਨਾ (ਇਨੂਮੀਰੇਸ਼ਨ) ਫਾਰਮ ਵੰਡਣ ਲਈ ਘਰ-ਘਰ ਜਾਣਗੇ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ.ਐਲ.ਓਜ਼ ਵੱਲੋਂ ਪਹਿਲਾਂ ਤੋਂ ਛਪੇ (ਪ੍ਰੀ ਪ੍ਰਿਟਿੰਡ) ਫਾਰਮ ਦੀਆਂ ਦੋ ਕਾਪੀਆਂ ਦਿੱਤੀਆਂ ਜਾਣਗੀਆਂ। ਫਾਰਮ ਵਿੱਚ ਸਾਰੀ ਜਾਣਕਾਰੀ ਭਰਨ ਉਪਰੰਤ ਇੱਕ ਕਾਪੀ ਵੋਟਰ ਵਲੋਂ ਦਸਤਖ਼ਤ ਕਰਕੇ ਬੀ.ਐਲ.ਓ. ਕੋਲ ਜਮ੍ਹਾ ਕਰਵਾਈ ਜਾਵੇਗੀ ਅਤੇ ਇੱਕ ਕਾਪੀ ਬੀ.ਐਲ.ਓ. ਵੱਲੋਂ ਦਸਤਖ਼ਤ ਕਰਕੇ ਵੋਟਰ ਨੂੰ ਰਸੀਦ ਵਜੋਂ ਦਿੱਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਨਿੰਦਰ ਕੌਰ ਤੇ ਚੋਣ ਤਹਿਸੀਲਦਾਰ ਸੁਖਦੇਵ ਸਿੰਘ ਵੀ ਮੌਜੂਦ ਸਨ।

ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਸ ਫਾਰਮ ਨੂੰ ਵੋਟਰ ਖੁਦ ਜਾਂ ਉਨ੍ਹਾਂ ਦਾ ਕੋਈ ਵੀ ਬਾਲਗ ਪਰਿਵਾਰਕ ਮੈਂਬਰ ਭਰ ਕੇ ਦਸਤਖਤ ਕਰਕੇ ਬੀ.ਐਲ.ਓ. ਦੇ ਸਪੁਰਦ ਕਰ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕੋਈ ਵੋਟਰ ਘਰ ਨਹੀਂ ਮਿਲਦਾ ਜਾਂ ਘਰ ਨੂੰ ਤਾਲਾ ਲੱਗਿਆ ਹੈ ਤਾਂ ਬੀ.ਐਲ.ਓਜ਼ ਉਸਦੇ ਘਰ ਘੱਟੋ-ਘੱਟ ਤਿੰਨ ਵਾਰ ਜਾਣਗੇ।

ਸ਼੍ਰੀ ਵਾਲੀਆ ਨੇ ਦੱਸਿਆ ਕਿ ਐਸ.ਆਈ.ਆਰ. ਤਹਿਤ ਜ਼ਿਲ੍ਹੇ ਦੇ ਹਰ ਵੋਟਰ ਨੂੰ ਬੀ.ਐਲ.ਓਜ਼ ਵੱਲੋਂ ਦਿੱਤਾ ਜਾਣ ਵਾਲਾ ਗਣਨਾ ਫਾਰਮ ਭਰਨਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਦੇ ਗਣਨਾ ਫਾਰਮ ਭਰੇ ਜਾਣਗੇ, ਉਨ੍ਹਾਂ ਦੇ ਨਾਮ 3 ਅਗਸਤ 2026 ਨੂੰ ਪ੍ਰਕਾਸ਼ਿਤ ਹੋਣ ਵਾਲੀ ਡ੍ਰਾਫ਼ਟ ਵੋਟਰ ਸੂਚੀ ਵਿੱਚ ਦਰਜ ਕੀਤੇ ਜਾਣਗੇ।

3 ਅਗਸਤ 2026 ਤੋਂ 2 ਸਤੰਬਰ 2026 ਤੱਕ ਡ੍ਰਾਫਟ ਵੋਟਰ ਸੂਚੀ ’ਤੇ ਦਾਅਵੇ ਅਤੇ ਇਤਰਾਜ਼ ਦਾਇਰ ਕੀਤੇ ਜਾ ਸਕਣਗੇ

ਉਨ੍ਹਾਂ ਅੱਗੇ ਦੱਸਿਆ ਕਿ 3 ਅਗਸਤ 2026 ਤੋਂ 2 ਸਤੰਬਰ 2026 ਤੱਕ ਡ੍ਰਾਫਟ ਵੋਟਰ ਸੂਚੀ ’ਤੇ ਦਾਅਵੇ ਅਤੇ ਇਤਰਾਜ਼ ਦਾਇਰ ਕੀਤੇ ਜਾ ਸਕਣਗੇ ਅਤੇ ਨੋਟਿਸ ਪੜਾਅ/ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ 3 ਅਗਸਤ 2026 ਤੋਂ 28 ਸਤੰਬਰ 2026 ਤੱਕ ਕੀਤਾ ਜਾਵੇਗਾ। ਉਪਰੰਤ 1 ਅਕਤੂਬਰ 2026 ਨੂੰ ਅੰਤਿਮ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਹੋਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪ੍ਰਕਿਰਿਆ ਨੂੰ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਦੇ ਸਮੂਹ 9 ਵਿਧਾਨ ਸਭਾ ਹਲਕਿਆਂ ਵਿੱਚ ਹਰੇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨਾਲ 2 ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਅਤੇ 5-5 ਵਧੀਕ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵੀ ਲਗਾਏ ਗਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ 1926 ਬੀ.ਐਲ.ਓਜ਼, 189 ਸੁਪਰਵਾਈਜ਼ਰ ਅਤੇ ਹੋਰ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਲੋੜੀਂਦੀ ਟ੍ਰੇਨਿੰਗ ਮੁਹੱਈਆ ਕਰਵਾਈ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਵੱਲੋਂ ਬੂਥ ਲੈਵਲ ਏਜੰਟ ਨਿਯੁਕਤ ਕੀਤੇ ਗਏ ਹਨ, ਜੋ ਕਿ ਬੀ.ਐਲ.ਓਜ਼ ਨਾਲ ਤਾਲਮੇਲ ਕਰਕੇ ਇਹ ਯਕੀਨੀ ਬਣਾਉਣਗੇ ਕਿ ਕੋਈ ਵੀ ਯੋਗ ਵੋਟਰ ਵੋਟ ਬਣਵਾਉਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਇਹ ਦੱਸਿਆ ਕਿ ਇਕ ਬੀ.ਐਲ.ਏ. ਡ੍ਰਾਫਟ ਵੋਟਰ ਸੂਚੀ ਦੀ ਪ੍ਰਕਾਸ਼ਨਾ ਤੋਂ ਪਹਿਲਾਂ ਬੀ.ਐਲ.ਓ ਨੂੰ ਵੱਧ ਤੋਂ ਵੱਧ 50 ਫਾਰਮ (ਫਾਰਮ 6 ਤੇ 8) ਪ੍ਰਤੀ ਦਿਨ ਅਤੇ ਡ੍ਰਾਫਟ ਵੋਟਰ ਸੂਚੀ ਦੀ ਪ੍ਰਕਾਸ਼ਨਾ ਤੋਂ ਬਾਅਦ ਵੱਧ ਤੋਂ ਵੱਧ 10 ਫਾਰਮ ਪ੍ਰਤੀ ਦਿਨ ਵੋਟਰਾਂ ਪਾਸੋਂ ਇਕੱਠੇ ਕਰਕੇ ਬੀ.ਐਲ.ਓਜ਼ ਦੇ ਸਪੁਰਦ ਵੀ ਕਰ ਸਕਦੇ ਹਨ।

ਲੋਕਾਂ ਨੂੰ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਗੁੰਮਰਾਹਕੁੰਨ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ

ਉਨ੍ਹਾਂ ਲੋਕਾਂ ਨੂੰ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐਸ.ਆਈ.ਆਰ) ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਗੁੰਮਰਾਹਕੁੰਨ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ । ਉਨ੍ਹਾਂ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਬਾਰੇ ਕਿਸੇ ਵੀ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਨਾਗਰਿਕ, ਚੋਣ ਕਮਿਸ਼ਨ ਦੇ ਟੋਲ ਫ੍ਰੀ ਨੰਬਰ 1950 ‘ਤੇ ਸੰਪਰਕ ਕਰ ਸਕਦੇ ਹਨ, ਜੋ ਕਿ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਬਿਨਾਂ ਕਿਸੇ ਛੁੱਟੀ ਦੇ ਚਾਲੂ ਰਹੇਗਾ। ਇਸ ਤੋਂ ਇਲਾਵਾ, ਜੇਕਰ ਕਿਸੇ ਨੂੰ ਇਸ ਪ੍ਰਕਿਰਿਆ ਦੌਰਾਨ ਕੋਈ ਸ਼ਿਕਾਇਤ ਹੈ, ਤਾਂ ਸਿੱਧਾ ਜ਼ਿਲ੍ਹਾ ਚੋਣ ਅਫ਼ਸਰ ਦੇ ਦਫ਼ਤਰ ਜਾਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦੀ ਅਗਵਾਈ ਵਿੱਚ ਗਠਿਤ ਸ਼ਿਕਾਇਤ ਨਿਵਾਰਣ ਸੈੱਲ ਨਾਲ ਵੀ ਰਾਬਤਾ ਕੀਤਾ ਜਾ ਸਕਦਾ ਹੈ।

ਉਨ੍ਹਾਂ ਸਮੂਹ ਵੋਟਰਾਂ ਨੂੰ ਐਸ.ਆਈ.ਆਰ. ਪ੍ਰਕਿਰਿਆ ਦੌਰਾਨ ਬੂਥ ਲੈਵਲ ਅਫ਼ਸਰਾਂ ਨੂੰ ਸਹਿਯੋਗ ਦੇਣ, ਆਪਣੇ ਵੇਰਵਿਆਂ ਦੀ ਤਸਦੀਕ ਕਰਵਾਉਣ ਅਤੇ ਲੋੜੀਂਦੇ ਦਸਤਾਵੇਜ਼ ਸਮੇਂ-ਸਿਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ, ਤਾਂ ਜੋ ਕੋਈ ਵੀ ਯੋਗ ਵੋਟਰ, ਵੋਟਰ ਸੂਚੀ ਵਿੱਚ ਸ਼ਾਮਲ ਹੋਣ ਤੋਂ ਨਾ ਰਹਿ ਜਾਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 1649946 ਵੋਟਰ ਹਨ, ਜਿਨ੍ਹਾਂ ਵਿੱਚ 849320 ਪੁਰਸ਼, 800571 ਮਹਿਲਾ, 55 ਟਰਾਂਸਜੈਂਡਰ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪ੍ਰੀ ਐਸ.ਆਈ.ਆਰ. ਗਤੀਵਿਧੀਆਂ ਤਹਿਤ 2003 ਦੀ ਵੋਟਰ ਸੂਚੀ ਨਾਲ ਮੌਜੂਦਾ ਵੋਟਰ ਸੂਚੀ ਦੇ 82 ਫੀਸਦੀ ਵੋਟਰਾਂ ਦੀ ਮੈਪਿੰਗ ਕੀਤੀ ਜਾ ਚੁੱਕੀ ਹੈ।

By admin

Related Post