Breaking
Sat. Oct 11th, 2025

ਸ਼੍ਰੀਮਦ ਭਾਗਵਤ ਗੀਤਾ ਆਦਰਸ਼ ਜੀਵਨ ਲਈ ਰਾਹ ਦਸੇਰਾ : ਕੁਲਤਾਰ ਸਿੰਘ ਸੰਧਵਾਂ

ਸ਼੍ਰੀਮਦ ਭਾਗਵਤ ਗੀਤਾ

ਪੰਜਾਬ ਵਿਧਾਨ ਸਭਾ ਸਪੀਕਰ ਵਲੋਂ ਜਲੰਧਰ ਵਿਖੇ ਸ਼੍ਰੀਮਦ ਭਾਗਵਤ ਕਥਾ ’ਚ ਸ਼ਮੂਲੀਅਤ

ਜਲੰਧਰ 26 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸ਼੍ਰੀਮਦ ਭਾਗਵਤ ਗੀਤਾ ਇਕ ਧਾਰਮਿਕ ਗ੍ਰੰਥ ਹੀ ਨਹੀਂ ਸਗੋਂ ਆਦਰਸ਼ ਜੀਵਨ ਨਿਰਬਾਹ ਕਰਨ ਲਈ ਰਾਹ ਦਸੇਰਾ ਵੀ ਹੈ ਅਤੇ ਇਸ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਕੋਈ ਵੀ ਵਿਅਕਤੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਦਇਆ ਤੇ ਕਿਰਪਾ ਹਾਸਿਲ ਕਰ ਸਕਦਾ ਹੈ।

ਵਿਸ਼ਵ ਪ੍ਰਸਿੱਧ ਅਧਿਆਤਮਕ ਕਥਾ ਵਾਚਕ ਜਯਾ ਕਿਸ਼ੋਰੀ ਜੀ ਵਲੋਂ ਸਾਈਂ ਦਾਸ ਪਬਲਿਕ ਸਕੂਲ ਦੀ ਗਰਾਊਂਡ ਵਿਖੇ ਕੀਤੀ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਵਿੱਚ ਸ਼ਮੂਲੀਅਤ ਕਰਦਿਆਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਜੋਕੇ ਸਮੇਂ ਵਿੱਚ ਨੌਜਵਾਨਾਂ ਦੀ ਸਾਡੇ ਪਵਿੱਤਰ ਧਾਰਮਿਕ ਗ੍ਰੰਥਾਂ ਨਾਲ ਜੁੜਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸ਼੍ਰੀਮਦ ਭਾਗਵਤ ਗੀਤਾ ਅਧਿਆਤਮਿਕ ਸਿੱਖਿਆਵਾਂ ਦਾ ਸਰੋਤ ਹੈ ਅਤੇ ਸਾਡੀ ਅਮੀਰ ਵਿਰਾਸਤ ਦਾ ਪ੍ਰਤੀਕ ਵੀ ਹੈ।

ਇਹ ਸਮਾਗਮ ਇਸ ਧਾਰਮਿਕ ਸ਼ਹਿਰ ਜਲੰਧਰ ਲਈ ਮੀਲ ਦਾ ਪੱਥਰ ਸਿੱਧ ਹੋਵੇਗਾ

ਉਨ੍ਹਾਂ ਕਿਹਾ ਕਿ ਜੋ ਦਿਲੋਂ ਸ਼੍ਰੀਮਦ ਭਾਗਵਤ ਗੀਤਾ ਦੀਆਂ ਸਿੱਖਿਆਵਾਂ ਦਾ ਸਤਿਕਾਰ ਕਰਦੇ ਹਨ ਅਤੇ ਇਨ੍ਹਾਂ ’ਤੇ ਚੱਲਦੇ ਹਨ, ਉਨ੍ਹਾਂ ਨੂੰ ਇਹ ਜ਼ਿੰਦਗੀ ਵਿੱਚ ਹਰ ਮੁਸੀਬਤ ਦਾ ਪੂਰੀ ਦ੍ਰਿੜਤਾ ਨਾਲ ਟਾਕਰਾ ਕਰਨ ਦੇ ਸਮਰੱਥ ਬਣਾਉਂਦੀ ਹੈ। ਉਨ੍ਹਾਂ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਵਲੋਂ ਜਲੰਧਰ ਵਿਖੇ ਇਹ ਸਮਾਗਮ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੱਤ ਦਿਨਾਂ ਤੱਕ ਚੱਲਣ ਵਾਲੇ ਇਸ ਧਾਰਮਿਕ ਸਮਾਗਮ ਦੌਰਾਨ ਕਥਾਵਾਚਕ ਜਯਾ ਕਿਸ਼ੋਰੀ ਜੀ ਵਲੋਂ ਸ਼੍ਰੀਮਦ ਭਾਗਵਤ ਗੀਤਾ ਰਾਹੀਂ ਲੋਕਾਂ ਨੂੰ ਅਧਿਆਤਮਿਕਤਾ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਮਾਗਮ ਇਸ ਧਾਰਮਿਕ ਸ਼ਹਿਰ ਜਲੰਧਰ ਲਈ ਮੀਲ ਦਾ ਪੱਥਰ ਸਿੱਧ ਹੋਵੇਗਾ, ਜਿਸ ਵਿੱਚ ਪ੍ਰਸਿੱਧ ਕਥਾਵਾਚਕ ਜਯਾ ਕਿਸ਼ੋਰੀ ਜੀ ਸੰਗੀਤਕ ਧੁਨਾਂ ਰਾਹੀਂ ਸ਼੍ਰੀਮਦ ਭਾਗਵਤ ਕਥਾ ਦੀਆਂ ਸਿੱਖਿਆਵਾਂ ’ਤੇ ਚਾਨਣਾ ਪਾਉਣਗੇ।

ਉਨ੍ਹਾਂ ਸ਼ਰਧਾਲੂਆਂ ਨੂੰ ਇਨ੍ਹਾਂ ਵੱਡਮੁੱਲੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦਾ ਸੱਦਾ ਦਿੱਤਾ ਕਿਉਂਕਿ ਇਹ ਸਿੱਖਿਆਵਾਂ ਸਾਨੂੰ ਜੀਵਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਸਮਰੱਥ ਬਣਾਉਂਦੀਆਂ ਹਨ। ਇਸ ਤੋਂ ਪਹਿਲਾਂ ਵਿਧਾਇਕ ਰਮਨ ਅਰੋੜਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਇਸ ਸਮਾਗਮ ਵਿੱਚ ਸ਼ਾਮਿਲ ਹੋਣ ’ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਆਪ ਆਗੂ ਦੀਪਕ ਬਾਲੀ ਸਮੇਤ ਭਾਰੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।

By admin

Related Post