Breaking
Sun. Dec 7th, 2025

ਸ਼ਿਵ ਸੈਨਾ ਹਿੰਦ ਕੱਢੇਗੀ ਪੰਜਾਬ, ਹਿਮਾਚਲ ਤੇ ਹਰਿਆਣਾ ਵਿੱਚ ਗੈਂਗਸਟਰ ਭਗਾਓ, ਵਪਾਰੀ ਬਚਾਓ ਸੰਕਲਪ ਰੈਲੀ : ਨਿਸ਼ਾਂਤ ਸ਼ਰਮਾ

ਸ਼ਿਵ ਸੈਨਾ ਹਿੰਦ

ਗੈਂਗਸਟਰਾਂ ਦੀ ਵਿਰੁੱਧ ਅਤੇ ਵਪਾਰੀਆਂ ਦੇ ਹੱਕ ਵਿੱਚ ਗਰਜੀ ਸ਼ਿਵ ਸੈਨਾ ਹਿੰਦ

ਹੁਸ਼ਿਆਰਪੁਰ 6 ਦਸੰਬਰ (ਤਰਸੇਮ ਦੀਵਾਨਾ)- ਸ਼ਿਵ ਸੈਨਾ ਹਿੰਦ ਦੀ ਇੱਕ ਵਿਸ਼ੇਸ਼ ਮੀਟਿੰਗ ਸ਼ਿਵ ਸਾਗਰ ਮਹਾਕਾਲੀ ਮੰਦਿਰ ‘ਚ ਆਯੋਜਿਤ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਹਾਜ਼ਰ ਹੋਏ। ਇਸ ਮੌਕੇ ਨਿਸ਼ਾਂਤ ਸ਼ਰਮਾ ਨੇ ਹਿੰਦੂਵਾਦੀ ਨੇਤਾ ਰਮਨ ਪੁਰੀ ਨੂੰ ਸ਼ਿਵ ਸੈਨਾ ਹਿੰਦ ਦਾ ਉੱਤਰੀ ਭਾਰਤ ਉਪ ਪ੍ਰਧਾਨ ਨਿਯੁਕਤ ਕੀਤਾ।

ਇਸ ਮੌਕੇ ਪੰਜਾਬ ਸਮੇਤ ਦੇਸ਼ ਵਿੱਚ ਵਧ ਰਹੇ ਅਪਰਾਧਕ ਤੱਤਾਂ ਅਤੇ ਸੰਗਠਿਤ ਗਿਰੋਹਾਂ (ਗੈਂਗਸਟਰਾਂ) ਕਾਰਨ ਵਪਾਰੀ ਭਾਈਚਾਰੇ ਦੀ ਸੁਰੱਖਿਆ ਬਾਰੇ ਗੰਭੀਰ ਚਿੰਤਾ ਜਤਾਉਂਦਿਆਂ ਸ਼ਿਵ ਸੈਨਾ ਹਿੰਦ ਨੇ ਅੱਜ “ਗੈਂਗਸਟਰ ਭਗਾਓ ਵਪਾਰੀ ਬਚਾਓ ਸੰਕਲਪ ਰੈਲੀ” ਕਰਨ ਦਾ ਐਲਾਨ ਕੀਤਾ।

ਨਿਸ਼ਾਂਤ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਰੈਲੀ ਪੰਜਾਬ ਤੋਂ ਸ਼ੁਰੂ ਹੋਏਗੀ ਅਤੇ ਪੰਜਾਬ ਦੇ ਨਾਲ ਨਾਲ ਹਰਿਆਣਾ ਅਤੇ ਹਿਮਾਚਲ ਵਿੱਚ ਵੀ ਕੱਢੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਰਾਜ ਅਤੇ ਦੇਸ਼ ਦੇ ਵਿਗੜਦੇ ਸੁਰੱਖਿਆ ਮਾਹੌਲ ਵੱਲ ਸਰਕਾਰ ਅਤੇ ਪ੍ਰਸ਼ਾਸਨ ਦਾ ਧਿਆਨ ਖਿੱਚਣਾ ਹੈ, ਜਿਸ ਨਾਲ ਵਪਾਰ ਅਤੇ ਉਦਯੋਗ ‘ਤੇ ਗੰਭੀਰ ਨਕਾਰਾਤਮਕ ਪ੍ਰਭਾਵ ਪਿਆ ਹੈ।

ਵਪਾਰੀਆਂ ਨੂੰ ਧਮਕੀਆਂ ਅਤੇ ਜਾਨ ਮਾਲ ਦੇ ਖਤਰੇ ਤੋਂ ਮੁਕਤੀ ਦਿਵਾਈ ਜਾਵੇ

ਸ਼ਰਮਾ ਨੇ ਕਿਹਾ ਕਿ ਯਾਤਰਾ ‘ਚ ਸ਼ਾਮਲ ਵਪਾਰੀਆਂ ਅਤੇ ਉਦਯੋਗਪਤੀਆਂ ਵੱਲੋਂ ਰਾਜ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਵਪਾਰੀਆਂ ਨੂੰ ਧਮਕੀਆਂ ਅਤੇ ਜਾਨ ਮਾਲ ਦੇ ਖਤਰੇ ਤੋਂ ਮੁਕਤੀ ਦਿਵਾਈ ਜਾਵੇ। ਗੈਂਗਸਟਰ ਨੈੱਟਵਰਕ ਦਾ ਪੂਰਾ ਖਾਤਮਾ ਕੀਤਾ ਜਾਵੇ। ਹਰ ਵਪਾਰਿਕ ਖੇਤਰ ਵਿੱਚ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਵਪਾਰੀਆਂ ਨੂੰ ਸੁਰੱਖਿਆ ਦੀ ਲਿਖਤੀ ਗਾਰੰਟੀ ਦਿੱਤੀ ਜਾਵੇ। ਉਹਨਾਂ ਕਿਹਾ ਕਿ ਫਿਰੌਤੀ ਅਤੇ ਧਮਕੀ ਵਾਲੇ ਮਾਮਲਿਆਂ ‘ਚ ਫਾਸਟ-ਟ੍ਰੈਕ ਅਦਾਲਤਾਂ ਬਣਾਈਆਂ ਜਾਣ ਤਾਂ ਜੋ ਅਪਰਾਧੀਆਂ ਨੂੰ ਤੁਰੰਤ ਸਜ਼ਾ ਮਿਲ ਸਕੇ ਅਤੇ ਸਖ਼ਤ ਸੰਦੇਸ਼ ਜਾ ਸਕੇ। ਰਾਜ ਵਿੱਚ ਇਮਾਨਦਾਰ ਅਤੇ ਸੁਰੱਖਿਅਤ ਨਿਵੇਸ਼ ਮਾਹੌਲ ਬਣਾਇਆ ਜਾਵੇ, ਤਾਂ ਜੋ ਵਪਾਰੀ ਬਿਨਾਂ ਡਰ ਦੇ ਆਪਣਾ ਵਪਾਰ ਕਰ ਸਕਣ ਅਤੇ ਰਾਜ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾ ਸਕਣ।

ਆਪਣੇ ਸੰਬੋਧਨ ‘ਚ ਨਿਸ਼ਾਂਤ ਸ਼ਰਮਾ ਨੇ ਕਿਹਾ “ਅੱਜ ਦਾ ਵਪਾਰੀ ਡਰ ਦੇ ਸਾਏ ਹੇਠ ਜੀ ਰਿਹਾ ਹੈ। ਫਿਰੌਤੀ ਵਾਲੀਆਂ ਕਾਲਾਂ ਅਤੇ ਧਮਕੀ ਭਰੀਆਂ ਚਿੱਠੀਆਂ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀਆਂ ਹਨ। ਉਹਨਾਂ ਕਿਹਾ ਕਿ ਜੇ ਸਰਕਾਰ ਨੇ ਤੁਰੰਤ ਕਾਰਵਾਈ ਨਾ ਕੀਤੀ, ਤਾਂ ਵਪਾਰੀ ਦੇਸ਼ ਛੱਡਣ ਲਈ ਮਜਬੂਰ ਹੋ ਜਾਣਗੇ, ਜਿਸ ਦਾ ਸਿੱਧਾ ਅਸਰ ਦੇਸ਼ ਦੀ ਅਰਥਵਿਵਸਥਾ ‘ਤੇ ਪਵੇਗਾ। ਉਹਨਾਂ ਕਿਹਾ ਕਿ ਸਾਡੀ ਰੈਲੀ ਦਾ ਸੰਕਲਪ ਸਾਫ਼ ਹੈ ਜਾਂ ਤਾਂ ਗੈਂਗਸਟਰ ਭੱਜਣਗੇ, ਜਾਂ ਅਸੀਂ ਆਪਣਾ ਕਾਰੋਬਰ ਬੰਦ ਕਰ ਦੇਵਾਂਗੇ।”

ਉਨ੍ਹਾਂ ਦੱਸਿਆ ਕਿ ਰੈਲੀ ਪੰਜਾਬ, ਹਰਿਆਣਾ, ਹਿਮਾਚਲ ਦੇ ਜ਼ਿਲ੍ਹਿਆਂ ‘ਚ ਸ਼ਿਵ ਸੈਨਾ ਹਿੰਦ ਦੀ ਕੋਰ ਕਮੇਟੀ ਦੇ ਸਾਰੇ ਮੈਂਬਰ ਜ਼ਿਲ੍ਹਾ ਉੱਚ ਅਧਿਕਾਰੀਆਂ ਨਾਲ ਮਿਲ ਕੇ ਇਹ ਸਾਰੀਆਂ ਗੱਲਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਉਣਗੇ ਅਤੇ ਮੰਗ ਪੱਤਰ ਸੌਂਪਣਗੇ।

ਇਸ ਮੌਕੇ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਯੁਵਾ ਉਪ ਪ੍ਰਧਾਨ ਖੁਸ਼ਪ੍ਰੀਤ ਲਾਡੀ ਘੋਲੂਮਾਜਰਾ, ਮੀਡੀਆ ਇੰਚਾਰਜ ਰਜਿੰਦਰ ਧਾਲੀਵਾਲ, ਉੱਤਰ ਭਾਰਤ ਕਾਰਗੁਜ਼ਾਰ ਪਰਵੀਨ ਸ਼ਰਮਾ ਸਲੋਨੀਆ, ਯੁਵਾ ਮੋਰਚਾ ਪੰਜਾਬ ਪ੍ਰਧਾਨ ਰਾਹੁਲ ਮਨਚੰਦਾ, ਧਰਮ ਗੁਰੂ ਰੰਜਨ ਸ਼ਾਸਤਰੀ, ਖਰੜ ਤੋਂ ਵਿੱਕੀ ਸਿੰਘ, ਰਾਜੂ ਬਲੌੰਗੀ, ਡੇਰਾਬਸੀ ਤੋਂ ਦੀਪਕ ਸ਼ਰਮਾ, ਹੇਮੰਤ ਕਪੂਰ, ਕੁਲਵਿੰਦਰ ਗੋਲੀ ਸਿਟੀ ਪ੍ਰਧਾਨ ਮੋਹਾਲੀ, ਗਉਂ ਰੱਖਿਆ ਮੋਰਚਾ ਪੰਜਾਬ ਪ੍ਰਧਾਨ ਮਨੋਜ ਸ਼ਰਮਾ ਅਤੇ ਕਈ ਸ਼ਿਵ ਸੈਨਿਕ ਆਦਿ ਹਾਜ਼ਰ ਸਨ।

By admin

Related Post