Breaking
Mon. Dec 1st, 2025

ਐਸਸੀ. ਬੀਸੀ. ਸਮਾਜ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਡਿਪਟੀ ਕਮਿਸ਼ਨਰ ਰਾਹੀਂ ਭੇਜਿਆ ਮੰਗ ਪੱਤਰ

ਮੁੱਖ ਮੰਤਰੀ ਪੰਜਾਬ

– ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਵਿਖੇ ਰਿਹਾਇਸ਼ ਦਾ 6 ਦਸੰਬਰ ਨੂੰ ਕੀਤਾ ਜਾਵੇਗਾ ਘਿਰਾਓ : ਬਲਦੇਵ ਸਿੰਘ ਧੁੱਗਾ

ਹੁਸ਼ਿਆਰਪੁਰ, 28 ਨਵੰਬਰ (ਤਰਸੇਮ ਦੀਵਾਨਾ)- ਗਜ਼ਟਿਡ ਅਤੇ ਨਾਨ ਗਜ਼ਟਿਡ ਐਸਸੀ. ਬੀਸੀ. ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਵੱਲੋਂ ਸੂਬਾ ਕਨਵੀਨਰ ਜਸਵੀਰ ਸਿੰਘ ਪਾਲ ਅਤੇ ਵਾਈਸ ਚੇਅਰਮੈਨ ਚੌਧਰੀ ਬਲਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਬਲਦੇਵ ਸਿੰਘ ਧੁੱਗਾ ਦੀ ਅਗਵਾਈ ਵਿੱਚ ਇੱਕ ਵਫਦ ਨੇ ਐਸਸੀ. ਬੀਸੀ. ਸਮਾਜ ਦੀਆਂ ਮੰਗਾਂ ਸਬੰਧੀ ਮਿਨੀ ਸੈਕਟਰੀਏਟ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਇੱਕ ਮੰਗ ਪੱਤਰ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਭੇਜਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਧੁੱਗਾ ਨੇ ਦੱਸਿਆ ਕਿ ਫੈਡਰੇਸ਼ਨ ਲੰਬੇ ਸਮੇਂ ਤੋਂ ਐਸਸੀ. ਅਤੇ ਬੀਸੀ. ਸਮਾਜ ਦੀਆਂ ਮੰਗਾਂ ਲਈ ਸੰਘਰਸ਼ ਕਰ ਰਹੀ ਹੈ।

ਉਹਨਾਂ ਦੱਸਿਆ ਕਿ 85ਵੀਂ ਸੋਧ ਨੂੰ ਲਾਗੂ ਕਰਨ, 10 ਅਕਤੂਬਰ 2014 ਦਾ ਗੈਰ- ਸੰਵਿਧਾਨਿਕ ਪੱਤਰ ਰੱਦ ਕਰਨ ਅਤੇ ਐਸਸੀ਼. ਕਮਿਸ਼ਨਰ ਦੇ ਸਾਬਕਾ ਚੀਫ ਪ੍ਰਿੰਸੀਪਲ ਸੈਕਟਰੀ ਰਮੇਸ਼ ਕੁਮਾਰ ਗੰਟਾ ਦੀ ਰਿਪੋਰਟ ਨੂੰ ਲਾਗੂ ਕਰਨ, ਨਵੀਂ ਭਰਤੀ ਤੇ ਤਰੱਕੀਆਂ ਵਿੱਚ ਰਿਜਰਵੇਸ਼ਨ ਬੈਕਲਾਗ ਨੂੰ ਭਰਨ, ਪੁਰਾਣੀ ਪੈਨਸ਼ਨ ਬਹਾਲੀ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਜਾਰੀ ਕਰਨ, ਬੇਰੁਜ਼ਗਾਰੀ ਭੱਤਾ ਦੇਣ, ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨ ‘ਤੇ ਅਨੁਸੂਚਿਤ ਜਾਤੀ ਦੇ ਗਰੀਬ ਤੇ ਬੇਘਰ ਲੋਕਾਂ ਨੂੰ ਘਰ ਬਣਾ ਕੇ ਅਤੇ ਮਾਲਕਾਨਾ ਹੱਕ ਦੇਣਾ ਆਦਿ ਮੰਗਾਂ ਨੂੰ ਸਰਕਾਰ ਲੰਬੇ ਸਮੇਂ ਤੋਂ ਅਣਗੌਲਿਆਂ ਕਰ ਰਹੀ ਹੈ।

ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਹੁਣ ਸਰਕਾਰ ਨੇ ਇਹਨਾਂ ਮੰਗਾਂ ਲਈ ਗੱਲਬਾਤ ਲਈ ਸੱਦਾ ਨਾ ਦਿੱਤਾ ਤਾਂ ਸੰਵਿਧਾਨਿਕ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ 6 ਦਸੰਬਰ 2025 ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸੰਗਰੂਰ ਵਿਖੇ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਲੈਕਚਰਾਰ ਜਰਨੈਲ ਸਿੰਘ ਸੀਕਰੀ , ਲਖਬੀਰ ਸਿੰਘ, ਬਲਜੀਤ ਸਿੰਘ, ਕੁਲਵੰਤ ਸਿੰਘ, ਜਸਵੀਰ ਸਿੰਘ, ਜਸਪਾਲ ਸਿੰਘ, ਗੁਰਜੀਤ ਸਿੰਘ, ਲੈਕਚਰਾਰ ਪ੍ਰਭਜੋਤ ਸਿੰਘ, ਲੈਕਚਰਾਰ ਜਸਵਿੰਦਰ ਸਿੰਘ ਸਹੋਤਾ ਆਦਿ ਸਮੇਤ ਜਿਲ੍ਹੇ ਭਰ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।

By admin

Related Post