ਆਲ ਇੰਡੀਆ ਆਦਿ ਧਰਮ ਮਿਸ਼ਨ ਵਲੋੰ ਸੰਤ ਸਤਵਿੰਦਰ ਹੀਰਾ ਨੇ ਹੜ ਪੀੜਤਾਂ ਨੂੰ ਰਾਹਿਤ ਸਮਗਰੀ ਵੰਡੀ

ਆਲ ਇੰਡੀਆ ਆਦਿ ਧਰਮ ਮਿਸ਼ਨ

ਸੰਕਟ ਸਮੇਂ ਜਾਤੀ, ਧਰਮ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ : ਸੰਤ ਸਤਵਿੰਦਰ ਹੀਰਾ

ਹੁਸ਼ਿਆਰਪੁਰ 15 ਸਤੰਬਰ (ਤਰਸੇਮ ਦੀਵਾਨਾ) ਹਾਲ ਹੀ ਵਿੱਚ ਆਈ ਕੁਦਰਤੀ ਆਫ਼ਤ ਭਾਰੀ ਮੀਂਹ ਅਤੇ ਹੜਾਂ ਨੇ ਕਈ ਪਰਿਵਾਰਾਂ ਨੂੰ ਗੰਭੀਰ ਤੌਰ ‘ਤੇ ਪ੍ਰਭਾਵਿਤ ਕੀਤਾ ਹੈ, ਜਿਥੇ ਇਕ ਪਾਸੇ ਜਮੀਨਾਂ, ਫਸਲਾਂ ਅਤੇ ਮਾਲ ਡੰਗਰ ਦਾ ਭਾਰੀ ਨੁਕਸਾਨ ਹੋਇਆ ਹੈ ਓਥੇ ਮਿਹਨਤ ਮਜ਼ਦੂਰੀ ਕਰਕੇ ਰੋਟੀ ਰੋਜ਼ੀ ਕਮਾਉਣ ਵਾਲੇ ਦਿਹਾੜੀਦਾਰ ਕਾਮੇ ਵੀ ਵੱਡੀ ਪੱਧਰ ਤੇ ਪ੍ਰਭਾਵਿਤ ਹੋਏ ਹਨ ਅਤੇ ਰੋਟੀ ਰੋਜ਼ੀ,ਖਾਣ ਪੀਣ ਦੀਆਂ ਰੋਜ਼ਾਨਾ ਵਸਤਾਂ ਲਈ ਲੋੜਵੰਦ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ( ਰਜਿ.) ਭਾਰਤ ਨੇ ਜ਼ਿਲਾ ਗੁਰਦਾਸਪੁਰ ਬਾਰਡਰ ਦੇ ਪਿੰਡ ਹਰੀਚੁੱਕ, ਸੰਘੋਰ, ਮਿਆਣੀ ਮਲਾਹਾਂ, ਚਕਰੀ ਭਾਗੋਕਾਵਾਂ, ਮਗਰ ਮੂਦੀਆਂ, ਠੱਠੀ, ਰਾਮ ਪੁਰ, ਠਾਕੁਰ ਪੁਰ, ਜਗੋ ਚੱਕ ਟਾਂਡਾ, ਮੰਕੜਾ, ਗੰਭੁ ਚੱਕ, ਮਕੋੜਾ ਆਦਿ ਪਿੰਡਾਂ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਿਤ ਸਮਗਰੀ, ਰਾਸ਼ਨ ਵੰਡਦੇ ਸਮੇਂ ਕਿਹਾ ਕਿ ਅਜੇਹੇ ਸਮੇਂ ਹਰ ਵਰਗ ਦਾ ਸਹਿਯੋਗ ਬਹੁਤ ਕੀਮਤੀ ਹੈ।

ਉਨ੍ਹਾਂ ਕਿਹਾ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਰਾਹਤ ਕਾਰਜ ਯੁੱਧ ਪੱਧਰ ‘ਤੇ ਚਲਾਇਆ ਜਾ ਰਿਹਾ ਹੈ, ਇਹ ਯੋਗਦਾਨ ਪ੍ਰਭਾਵਿਤ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ। ਉਨ੍ਹਾਂ ਇਹ ਵੀ ਆਸ ਜਤਾਈ ਕਿ ਇਹ ਕਦਮ ਹੋਰ ਸੰਸਥਾਵਾਂ ਅਤੇ ਸੰਗਠਨਾਂ ਲਈ ਵੀ ਪ੍ਰੇਰਣਾ ਬਣੇਗਾ। ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਆਦਿ ਧਰਮ ਮਿਸ਼ਨ ਹਮੇਸ਼ਾਂ ਤੋਂ ਹੀ ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਵਿੱਚ ਅਗਵਾਈ ਕਰਦਾ ਰਿਹਾ ਹੈ। ਇਹ ਯੋਗਦਾਨ ਵੀ ਉਸੇ ਭਾਵਨਾ ਦਾ ਪ੍ਰਤੀਕ ਹੈ ਅਤੇ ਮੁਸ਼ਕਲ ਵੇਲੇ ਪੀੜਤਾਂ ਦੀ ਮਦਦ ਕਰਨਾ ਸਾਡਾ ਨੈਤਿਕ ਫਰਜ਼ ਹੈ।

ਵੱਡੀ ਪੱਧਰ ਤੇ ਫਸਲਾਂ ਬਰਬਾਦ ਹੋ ਗਈਆਂ ਹਨ

ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਵੱਡੀ ਪੱਧਰ ਤੇ ਫਸਲਾਂ ਬਰਬਾਦ ਹੋ ਗਈਆਂ ਹਨ, ਹਜ਼ਾਰਾਂ ਪਰਿਵਾਰ ਬੇਘਰ ਹੋ ਗਏ ਹਨ, ਜਦਕਿ ਕਈ ਘਰ ਡਿੱਗਣ ਕਾਰਨ ਲੋਕ ਖੁੱਲ੍ਹੇ ਅਸਮਾਨ ਹੇਠਾਂ ਪਨਾਹ ਲੈਣ ਲਈ ਮਜਬੂਰ ਹਨ। ਰਾਹਤ ਕੈਂਪਾਂ ‘ਚ ਵੱਡੀ ਗਿਣਤੀ ‘ਚ ਲੋਕਾਂ ਨੇ ਪਨਾਹ ਲਈ ਹੋਈ ਹੈ।

ਇਨਾਂ ਭਿਆਨਕ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ, ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ। ਉਨ੍ਹਾਂ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਦੁੱਖ-ਦਰਦ ਸੁਣਿਆ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ।

ਸੰਤ ਸਤਵਿੰਦਰ ਹੀਰਾ ਨੇ ਕਿਹਾ ਇਹ ਆਪਦਾ ਸਿਰਫ਼ ਇੱਕ ਰਾਜ ਜਾਂ ਖੇਤਰ ਦੀ ਨਹੀਂ, ਸਗੋਂ ਸਾਰੀ ਮਨੁੱਖਤਾ ਲਈ ਚੁਣੌਤੀ ਹੈ। ਜਦੋਂ ਇਨਸਾਨੀਅਤ ਸੰਕਟ ‘ਚ ਹੋਵੇ ਤਾਂ ਸਾਨੂੰ ਜਾਤੀ, ਧਰਮ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ, ਸੇਵਾ ਹੀ ਅੱਜ ਦਾ ਸਭ ਤੋਂ ਵੱਡਾ ਧਰਮ ਹੈ। ਉਨ੍ਹਾਂ ਨੇ ਮਿਸ਼ਨ ਨਾਲ ਜੁੜੇ ਕਾਰਕੁਨਾਂ ਨੂੰ ਹਦਾਇਤ ਦਿੱਤੀ ਕਿ ਉਹ ਰਾਹਤ ਸਮੱਗਰੀ, ਰਾਸ਼ਨ, ਕੱਪੜੇ, ਦਵਾਈਆਂ ਤੁਰੰਤ ਜ਼ਰੂਰਤਮੰਦ ਪਰਿਵਾਰਾਂ ਤੱਕ ਪਹੁੰਚਾਉਣ। ਉਨ੍ਹਾਂ ਕਿਹਾ ਕਿ ਘਰ ਡਿੱਗਣ ਕਾਰਨ ਬੇਘਰ ਹੋਏ ਪਰਿਵਾਰਾਂ ਦੇ ਮੁੜ-ਵਸੇਬੇ ਲਈ ਮਿਸ਼ਨ ਲਗਾਤਾਰ ਪ੍ਰਸ਼ਾਸਨ ਨਾਲ ਤਾਲਮੇਲ ਬਣਾ ਕੇ ਕੰਮ ਕਰੇਗਾ। ਇਸ ਮੌਕੇ ਗੁਰਦੇਵ ਸਿੰਘ, ਤਰਲੋਕ ਸਿੰਘ, ਬੌਬੀ , ਸੁਨੀਲ ਭਾਗੋਕਾਵਾਂ, ਮੇਲਾ ਸਿੰਘ, ਰਾਮ ਪਾਲ,ਰਕੇਸ਼ ਕੁਮਾਰ ਆਦਿ ਹਾਜਰ ਸਨ। ਸੰਤ ਸਤਵਿੰਦਰ ਹੀਰਾ ਨੇ ਵਿਸ਼ਵ ਸਮੁਦਾਇ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸੰਕਟ ਦੇ ਵੇਲੇ ਇਕਜੁੱਟ ਹੋ ਕੇ ਅੱਗੇ ਆਉਣ ਅਤੇ ਪ੍ਰਭਾਵਿਤ ਲੋਕਾਂ ਨੂੰ ਸਹਿਯੋਗ ਦੇਣ।

By admin

Related Post