Breaking
Wed. Jun 24th, 2026

ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤੀਜੇ ਪੜਾਅ ਦੌਰਾਨ ਪੰਜਾਬ ‘ਚ ਬਣਗੀਆਂ 835 ਕਰੋੜ ਦੀਆਂ ਸੜਕਾਂ

ਗ੍ਰਾਮੀਣ ਸੜਕ ਯੋਜਨਾ

ਸੰਤ ਬਲਬੀਰ ਸਿੰਘ ਸੀਚੇਵਾਲ ਸੰਸਦ ‘ਚ ਉਠਾ ਚੁੱਕੇ ਹਨ ਮੁੱਦਾ

ਜਲੰਧਰ ਜ਼ਿਲ੍ਹੇ ਦੀਆਂ 7 ਸੜਕਾਂ ਸ਼ਾਮਲ

ਜਲੰਧਰ 10 ਮਈ (ਜਸਵਿੰਦਰ ਸਿੰਘ ਆਜ਼ਾਦ)- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤੀਜੇ ਪੜਾਅ ਦੌਰਾਨ ਪੰਜਾਬ ਵਿੱਚ 835 ਕਰੋੜ ਦੀ ਲਾਗਤ ਨਾਲ ਸੜਕਾਂ ਬਣਨਗੀਆਂ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਹ ਸੜਕਾਂ ਬਣਨੀਆਂ ਸਨ। ਟੈਂਡਰ ਵੀ ਲੱਗ ਚੁੱਕੇ ਸਨ ਪਰ ਅਚਾਨਕ ਕੇਂਦਰ ਵੱਲੋਂ ਜਾਰੀ ਕੀਤੇ ਇੱਕ ਪੱਤਰ ਕਾਰਨ ਇਨ੍ਹਾਂ ਸੜਕਾਂ ‘ਤੇ ਰੋਕ ਲੱਗ ਗਈ ਸੀ। ਹੁਣ ਇਹ ਰੋਕ ਹਟਾ ਦਿੱਤੀ ਗਈ ਹੈ। ਸਾਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣਨ ਵਾਲੀਆਂ ਸੜਕਾਂ ਦੇ ਨਿਰਮਾਣ ਦੇ ਕੰਮਾਂ ਦੀ ਪ੍ਰਵਾਨਗੀ ਅਤੇ ਟੈਂਡਰ 72 ਦਿਨਾਂ ਵਿੱਚ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਤੇ ਨਾਲ ਹੀ ਇਹ ਹਦਾਇਤ ਵੀ ਕੀਤੀ ਗਈ ਕਿ ਇਹ ਕੰਮ ਕਿਸੇ ਵੀ ਸਥਿਤੀ ਵਿੱਚ 30 ਸਤੰਬਰ 2026 ਤੋਂ ਲੇਟ ਨਹੀਂ ਹੋਣੇ ਚਾਹੀਦੇ।

ਸੰਤ ਸੀਚੇਵਾਲ ਨੇ ਦੱਸਿਆ ਕਿ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਪੱਤਰ ਰਾਹੀਂ ਦੱਸਿਆ ਕਿ ਸਮੁੱਚੇ ਦੇਸ਼ ਦੇ 28 ਸੂਬਿਆਂ ਤੇ ਕੇਂਦਰ ਸ਼ਾਸਿਤ ਰਾਜਾਂ ਵਿੱਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ 6215.23 ਕਰੋੜ ਰੁਪਏ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਪੱਤਰ ਵਿੱਚ ਦੱਸਿਆ ਕਿ ਮੈਦਾਨੀ ਇਲਾਕਿਆਂ ਵਿੱਚ ਸੜਕਾਂ ਤੇ ਪੁਲਾਂ ਦਾ ਨਿਰਮਾਣ ਮਾਰਚ 2028 ਤੱਕ ਕੀਤਾ ਜਾਣਾ ਹੈ ਜਦ ਕਿ ਪਹਾੜੀ ਇਲਾਕਿਆਂ ਵਿੱਚ ਸੜਕਾਂ ਦਾ ਨਿਰਮਾਣ ਮਾਰਚ 2028 ਤੋਂ ਪਹਿਲਾਂ-ਪਹਿਲਾਂ ਕੀਤਾ ਜਾਣਾ ਹੈ। ਪਹਾੜੀ ਇਲਾਕਿਆਂ ਵਿੱਚ ਪੁਲਾਂ ਦਾ ਨਿਰਮਾਣ ਮਾਰਚ 2029 ਤੱਕ ਹਰ ਹਾਲ ਵਿੱਚ ਮੁਕੰਮਲ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।

38 ਪੁਲਾਂ ਦਾ ਨਿਰਮਾਣ ਵੀ ਹੋਣਾ ਸੀ

ਸੰਤ ਸੀਚੇਵਾਲ ਨੇ ਦੱਸਿਆ ਕਿ ਲੰਘੇ ਬੱਜਟ ਸੈਸ਼ਨ ਦੌਰਾਨ ਉਨ੍ਹਾਂ ਨੇ 12 ਮਾਰਚ ਨੂੰ ਪਾਰਲੀਮੈਂਟ ਵਿੱਚ ਇਹ ਮੁੱਦਾ ਉਠਾਇਆ ਸੀ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਪੰਜਾਬ ਦੀਆਂ 64 ਸੜਕਾਂ ਬਣਾਈਆਂ ਜਾਣੀਆਂ ਸਨ, ਜਿਨ੍ਹਾਂ ਦੀ ਲੰਬਾਈ ਲਗਭਗ 628 ਕਿਲੋਮੀਟਰ ਤੋਂ ਵੱਧ ਹੈ। ਇਸੇ ਤਰ੍ਹਾਂ 38 ਪੁਲਾਂ ਦਾ ਨਿਰਮਾਣ ਵੀ ਹੋਣਾ ਸੀ।

ਸੰਤ ਸੀਚੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਰੋਕ ਹਟਾਏ ਜਾਣ ਤੋਂ ਬਾਅਦ ਇਨ੍ਹਾਂ ਸੜਕਾਂ ਅਤੇ ਪੁਲਾਂ ਦੇ ਨਿਰਮਾਣ ਦਾ ਰਾਹ ਪੱਧਰ ਹੋ ਗਿਆ ਹੈ। ਜਲੰਧਰ ਜ਼ਿਲ੍ਹੇ ਦੀਆਂ ਜਿਹੜੀਆਂ ਸੱਤ ਸੜਕਾਂ ਦਾ ਨਿਰਮਾਣ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਹੋਣਾ ਹੈ, ਉਨ੍ਹਾਂ ਵਿੱਚ ਸਮਰਾਏ ਤੋਂ ਬੁੰਢਾਲਾ, ਮਹਿਤਪੁਰ ਪਰਜ਼ੀਆਂ ਰੋਡ ਤੋਂ ਸ਼ਾਹਕੋਟ ਵਾਇਆ ਮੰਡਿਆਲਾ ਪੰਡੋਰੀ ਭੁੱਲਰ, ਸ਼ਾਹਕੋਟ ਮਲਸੀਆਂ ਰੋਡ ਤੋਂ ਪਰਜ਼ੀਆਂ ਕਲਾਂ ਵਾਇਆ ਗੋਬਿੰਦ ਨਗਰ, ਢੰਡੋਵਾਲ, ਕੰਨੀਆ ਖੁਰਦ, ਲੋਹੀਆਂ ਪੂਨੀਆਂ ਰੋਡ ਤੋਂ ਲੋਹੀਆਂ ਮਖੂ ਰੋਡ ਵਾਇਆ ਮਹਿਰਾਜਵਾਲਾ ਮੰਡੀ, ਨਲ, ਮਾਣਕ ਅਤੇ ਰੂਪੇਵਾਲ ਤੋਂ ਤਲਵੰਡੀ ਮਾਧੋ ਵਾਇਆ ਰਾਈਵਾਲ ਦੋਨਾ ਸ਼ਾਮਿਲ ਹਨ।

ਸੰਤ ਸੀਚੇਵਾਲ ਨੇ ਕਿਹਾ ਕਿ ਸੜਕਾਂ ਅਸਲ ਵਿੱਚ ਜੀਵਨ ਰੇਖਾਵਾਂ ਵਾਂਗ ਹੁੰਦੀਆਂ ਹਨ। ਇਨ੍ਹਾਂ ਸੜਕਾਂ ਦੇ ਨਿਰਮਾਣ ਨਾਲ ਹੀ ਇਲਾਕੇ ਦੀ ਤਕਦੀਰ ਤੇ ਤਸਵੀਰ ਹੀ ਬਦਲ ਜਾਂਦੀ ਹੈ।ਇਸ ਲਈ ਸੰਪਰਕ ਸੜਕਾਂ ਦਾ ਨਿਰਮਾਣ ਬੇਹੱਦ ਜ਼ਰੂਰੀ ਤੇ ਅਹਿਮ ਹੁੰਦਾ ਹੈ।

By admin

Related Post