ਹੁਸ਼ਿਆਰਪੁਰ 13 ਮਈ ( ਤਰਸੇਮ ਦੀਵਾਨਾ ) – ਮਹਿੰਗਾਈ ਹੁਣ ਸਿਰਫ਼ ਇੱਕ ਆਰਥਿਕ ਸ਼ਬਦ ਨਹੀਂ ਰਹੀ, ਸਗੋਂ ਹਰ ਪਰਿਵਾਰ ਦੀ ਰੋਜ਼ਾਨਾ ਹਕੀਕਤ ਬਣ ਗਈ ਹੈ। ਦੇਸ਼ ਭਰ ਵਿੱਚ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਕਾਰਨ ਭਾਰਤ ਦਾ ਮੱਧ ਵਰਗ ਵੱਧਦੇ ਆਰਥਿਕ ਦਬਾਅ ਦਾ ਸਾਹਮਣਾ ਕਰ ਰਿਹਾ ਹੈ ਇਹ ਸ਼ਬਦ ਕਾਂਗਰਸ ਪਾਰਟੀ ਦੇ ਉੱਘੇ ਲੀਡਰ ਅਤੇ ਗਊਸ਼ਾਲਾ ਦੇ ਪ੍ਰਧਾਨ ਵਿਸ਼ਵਨਾਥ ਬੰਟੀ ਨੇ ਸਾਡੇ ਪੱਤਰਕਾਰ ਨਾਲ ਇੱਕ ਸੰਖੇਪ ਜਿਹੀ ਮੁਲਾਕਾਤ ਦੌਰਾਨ ਕਹੇ । ਉਹਨਾਂ ਕਿਹਾ ਕਿ ਰਾਸ਼ਨ, ਪੈਟਰੋਲ ਡੀਜ਼ਲ, ਸਕੂਲ ਫੀਸ ਅਤੇ ਸਿਹਤ ਸੇਵਾਵਾਂ ਤੋਂ ਲੈ ਕੇ ਰੋਜ਼ਾਨਾ ਦੀਆਂ ਲੋੜਾਂ ਤੱਕ, ਜੀਵਨ ਬਤੀਤ ਕਰਨ ਦਾ ਖਰਚਾ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਨਾਲ ਲੱਖਾਂ ਪਰਿਵਾਰਾਂ ਦਾ ਮਾਸਿਕ ਬੱਜਟ ਪ੍ਰਭਾਵਿਤ ਹੋ ਰਿਹਾ ਹੈ।
ਮਹਿੰਗਾਈ ਇਸ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਬਣ ਕੇ ਉੱਭਰੀ ਹੈ। ਉਹਨਾਂ ਕਿਹਾ ਕਿ ਸਬਜ਼ੀਆਂ, ਖਾਣ ਵਾਲੇ ਤੇਲ, ਬਿਜਲੀ, ਟਰਾਂਸਪੋਰਟ ਅਤੇ ਸਿਹਤ ਸੇਵਾਵਾਂ ਦੀਆਂ ਕੀਮਤਾਂ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲਿਆ ਹੈ। ਉਹਨਾਂ ਕਿ ਸੋਨੇ ਦੀਆਂ ਵੱਧਦੀਆਂ ਕੀਮਤਾਂ ਨੇ ਵੀ ਮੱਧ ਵਰਗ ਦੀਆਂ ਆਰਥਿਕ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ। ਉਹਨਾਂ ਕਿਹਾ ਕਿ ਘਰ ਦਾ ਕਿਰਾਇਆ, ਕਿਸਤਾਂ, ਬੱਚਿਆਂ ਦੀ ਪੜ੍ਹਾਈ, ਬੀਮਾ ਪ੍ਰੀਮੀਅਮ ਅਤੇ ਡਾਕਟਰੀ ਖਰਚਿਆਂ ਨੂੰ ਇਕੱਠੇ ਸੰਭਾਲਣਾ ਕਈ ਪਰਿਵਾਰਾਂ ਲਈ ਚੁਣੌਤੀ ਬਣ ਗਿਆ ਹੈ।
ਉਹਨਾਂ ਕਿਹਾ ਕਿ ਹਾਲਾਂਕਿ ਕਈ ਸਹੂਲਤਾਂ ਜੀਵਨ ਨੂੰ ਆਸਾਨ ਬਣਾਉਂਦੀਆਂ ਹਨ, ਪਰ ਇਸ ਨਾਲ ਬੱਚਤ ਘੱਟਦੀ ਜਾ ਰਹੀ ਹੈ ਅਤੇ ਆਰਥਿਕ ਦਬਾਅ ਵੱਧ ਰਿਹਾ ਹੈ। ਅਜਿਹੀ ਸਥਿਤੀ ਵਿੱਚ ਵਿੱਤੀ ਯੋਜਨਾ ਪਹਿਲਾਂ ਨਾਲੋਂ ਵਧੇਰੇ ਜ਼ਰੂਰੀ ਹੋ ਗਈ ਹੈ ਉਹਨਾਂ ਕਿਹਾ ਕਿ ਨਾਲ ਹੀ, ਮੱਧ ਵਰਗ ਲਈ ਸਸਤੀ ਸਿੱਖਿਆ, ਬਿਹਤਰ ਸਿਹਤ ਸੇਵਾਵਾਂ ਅਤੇ ਸਥਾਈ ਰੁਜ਼ਗਾਰ ਦੇ ਮੌਕੇ ਯਕੀਨੀ ਬਣਾਉਣਾ ਵੀ ਸਮੇਂ ਦੀ ਲੋੜ ਹੈ। ਉਹਨਾਂ ਕਿਹਾ ਕਿ ਭਾਰਤ ਅੱਜ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵੱਧਣ ਵਾਲੀਆਂ ਅਰਥ-ਵਿਵਸਥਾਵਾਂ ਵਿੱਚ ਸ਼ਾਮਲ ਹੈ, ਪਰ ਵੱਧਦੀ ਮਹਿੰਗਾਈ ਮੱਧ ਵਰਗ ਲਈ ਇੱਕ ਗੰਭੀਰ ਚੁਣੌਤੀ ਬਣੀ ਹੋਈ ਹੈ।

