Breaking
Tue. Mar 10th, 2026

ਰੈਸਟੋਰੈਂਟ, ਕਲੱਬ ਤੇ ਹੋਰ ਲਾਇਸੰਸਸ਼ੁਦਾ ਖਾਣ-ਪੀਣ ਵਾਲੀਆਂ ਥਾਵਾਂ ਰਾਤ 12 ਵਜੇ ਤੱਕ ਮੁਕੰਮਲ ਬੰਦ ਕਰਨ ਦੇ ਹੁਕਮ

ਖਾਣ-ਪੀਣ ਵਾਲੀਆਂ ਥਾਵਾਂ

ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ, ਫੋਟੋ/ਵੀਡੀਓ ਕਲਿੱਪ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ’ਤੇ ਪਾਬੰਦੀ

ਸੀ.ਸੀ.ਟੀ.ਵੀ. ਕੈਮਰੇ ਲਗਾਏ ਬਿਨ੍ਹਾਂ ਨਹੀਂ ਚਲਾਈ ਜਾ ਸਕੇਗੀ ਪਾਰਕਿੰਗ

ਜਲੰਧਰ 9 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਵਲੋਂ ਪੁਲਿਸ ਕਮਿਸ਼ਨਰੇਟ ਜਲੰਧਰ ਦੇ ਅਧਿਕਾਰ ਖੇਤਰ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਮੂਹ ਰੈਸਟੋਰੈਂਟ, ਕਲੱਬ ਅਤੇ ਹੋਰ ਅਜਿਹੀਆਂ ਲਾਇਸੰਸਸ਼ੁਦਾ ਖਾਣ-ਪੀਣ ਵਾਲੀਆਂ ਥਾਵਾਂ ਅੱਧੀ ਰਾਤ 12 ਵਜੇ ਤੱਕ ਮੁਕੰਮਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਕਮਿਸ਼ਨਰੇਟ ਦੀ ਹੱਦ ਅੰਦਰ ਕਿਸੇ ਵੀ ਰੈਸਟੋਰੈਂਟ, ਕਲੱਬ ਜਾਂ ਹੋਰ ਖਾਣ-ਪੀਣ ਵਾਲੀਆਂ ਥਾਵਾਂ ਵਿੱਚ ਰਾਤ 11:30 ਵਜੇ ਤੋਂ ਬਾਅਦ ਭੋਜਨ, ਪੀਣ ਵਾਲੇ ਪਦਾਰਥ ਆਦਿ ਦਾ ਕੋਈ ਆਰਡਰ ਨਹੀਂ ਲਿਆ ਜਾਵੇਗਾ ਅਤੇ ਨਾ ਹੀ ਕਿਸੇ ਵੀ ਨਵੇਂ ਗਾਹਕ ਨੂੰ ਰਾਤ 11:30 ਤੋਂ ਬਾਅਦ ਰੈਸਟੋਰੈਂਟਾਂ, ਕਲੱਬਾਂ ਜਾਂ ਹੋਰ ਖਾਣ-ਪੀਣ ਵਾਲੀ ਥਾਵਾਂ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਹੋਵੇਗੀ। ਸ਼ਰਾਬ ਦੀਆਂ ਦੁਕਾਨਾਂ ਨਾਲ ਲੱਗਦੇ ਅਹਾਤੇ ਰਾਤ 12 ਵਜੇ ਜਾਂ ਲਾਇਸੈਂਸ ਦੀਆਂ ਸ਼ਰਤਾਂ ਅਨੁਸਾਰ ਮੁਕੰਮਲ ਬੰਦ ਹੋ ਜਾਣੇ ਚਾਹੀਦੇ ਹਨ।

ਹੁਕਮਾਂ ਵਿੱਚ ਸਾਰੀਆਂ ਸੰਸਥਾਵਾਂ ਨੂੰ ਆਵਾਜ਼ ਦਾ ਪੱਧਰ 10 ਡੀ.ਬੀ. (ਏ) ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਡੀ.ਜੇ., ਲਾਈਵ ਆਰਕੈਸਟਰਾ/ਸਿੰਗਰ ਸਮੇਤ ਆਵਾਜ਼ ਪੈਦਾ ਕਰਨ ਵਾਲੇ ਸਾਰੇ ਸਰੋਤ ਰਾਤ 10 ਵਜੇ ਬੰਦ ਹੋਣੇ ਚਾਹੀਦੇ ਹਨ ਜਾਂ ਉਨ੍ਹਾਂ ਦੀ ਆਵਾਜ਼ ਘੱਟ ਹੋਣੀ ਚਾਹੀਦੀ ਹੈ। ਰਾਤ 10 ਵਜੇ ਤੋਂ ਬਾਅਦ ਕਿਸੇ ਵੀ ਇਮਾਰਤ ਜਾਂ ਕੈਂਪਸ ਦੇ ਅੰਦਰ ਪੈਦਾ ਹੋਣ ਵਾਲੀ ਆਵਾਜ਼ ਉਸਦੀ ਚਾਰਦਿਵਾਰੀ ਤੋਂ ਬਾਹਰ ਸੁਣਾਈ ਨਹੀਂ ਦੇਣੀ ਚਾਹੀਦੀ। ਮਿਊਜ਼ਿਕ ਸਿਸਟਮ ਵਾਲੇ ਵਾਹਨਾਂ ਦੇ ਮਾਮਲੇ ਵਿੱਚ, ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਮਿਊਜ਼ਿਕ ਸਿਸਟਮ ਰਾਹੀਂ ਪੈਦਾ ਹੋਣ ਵਾਲੀ ਆਵਾਜ਼ ਦਿਨ ਦੇ ਕਿਸੇ ਵੀ ਸਮੇਂ ਵਾਹਨ ਦੇ ਬਾਹਰ ਸੁਣਾਈ ਨਾ ਦੇਵੇ।

ਇਕੱਠ ਵਾਲੀਆਂ ਥਾਵਾਂ ਵਿੱਚ ਹਥਿਆਰ ਲੈ ਕੇ ਜਾਣ ਅਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ

ਪੁਲਿਸ ਕਮਿਸ਼ਨਰ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ, 2023 ਦੀ ਧਾਰਾ 163 ਅਤੇ ਆਰਮਜ਼ ਰੂਲਜ਼ 2016 ਦੇ ਰੂਲ ਨੰਬਰ 32 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੁਲਿਸ ਕਮਿਸ਼ਨਰੇਟ ਦੇ ਇਲਾਕੇ ਵਿੱਚ ਕਿਸੇ ਵੀ ਵਿਅਕਤੀ ਵਲੋਂ ਜਨਤਕ ਅਤੇ ਧਾਰਮਿਕ ਥਾਵਾਂ, ਵਿਆਹਾਂ-ਸ਼ਾਦੀਆਂ/ਪਾਰਟੀਆਂ ਦੇ ਮੌਕੇ ’ਤੇ ਮੈਰਿਜ ਪੈਲਸਾਂ/ਹੋਟਲਾਂ/ਹਾਲਾਂ ਆਦਿ ਵਿੱਚ ਅਤੇ ਹੋਰ ਇਕੱਠ ਵਾਲੀਆਂ ਥਾਵਾਂ ਵਿੱਚ ਹਥਿਆਰ ਲੈ ਕੇ ਜਾਣ ਅਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ।

ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਅਤੇ ਹਿੰਸਾ/ਲੜਾਈਆਂ-ਝਗੜਿਆਂ ਦੀ ਵਡਿਆਈ ਕਰਨ ਵਾਲੇ ਗੀਤਾਂ ਅਤੇ ਹਥਿਆਰਾਂ ਨੂੰ ਲੈ ਕੇ ਫੋਟੋ ਆਦਿ ਖਿਚਵਾ ਕੇ ਜਾਂ ਵੀਡੀਓ ਕਲਿੱਪ ਆਦਿ ਬਣਾ ਕੇ ਸੋਸ਼ਲ ਮੀਡੀਆ ਜਿਵੇਂ ਫੇਸਬੁੱਕ, ਵਟਸਐਪ, ਸਨੈਪਚੈਟ ਅਤੇ ਇੰਸਟਰਾਗ੍ਰਾਮ ਆਦਿ ’ਤੇ ਅਪਲੋਡ ਨਹੀਂ ਕਰੇਗਾ, ਅਜਿਹਾ ਕਰਨ ’ਤੇ ਵੀ ਪੂਰਨ ਪਾਬੰਦੀ ਹੈ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਨਹੀਂ ਦੇਵੇਗਾ।

ਇਸੇ ਤਰ੍ਹਾਂ ਇਕ ਹੋਰ ਹੁਕਮ ਰਾਹੀਂ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਹੱਦ ਅੰਦਰ ਬੁੱਲਟ ਮੋਟਰਸਾਈਕਲ ਚਲਾਉਂਦੇ ਸਮੇਂ ਸਾਇਲੈਂਸਰ ਵਿੱਚ ਤਕਨੀਕੀ ਫੇਰਬਦਲ ਕਰਵਾ ਕੇ ਪਟਾਕੇ ਆਦਿ ਚਲਾਉਣ ਵਾਲੇ ਵਾਹਨ ਚਾਲਕਾਂ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ ਅਤੇ ਇਹ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਕੋਈ ਵੀ ਦੁਕਾਨਦਾਰ, ਆਟੋ ਕੰਪਨੀ ਵਲੋਂ ਨਿਰਧਾਰਿਤ ਕੀਤੇ ਮਾਪਦੰਡਾਂ ਵਿਰੁੱਧ ਤਿਆਰ ਕੀਤੇ ਸਾਇਲੈਂਸਰ ਨਹੀਂ ਵੇਚੇਗਾ ਅਤੇ ਨਾ ਹੀ ਕਿਸੇ ਮਕੈਨਿਕ ਵਲੋਂ ਸਾਇਲੈਂਸਰਾਂ ਵਿੱਚ ਤਕਨੀਕੀ ਫੇਰਬਦਲ ਕੀਤੇ ਜਾਣਗੇ।

ਪੁਲਿਸ ਕਮਿਸ਼ਨਰ ਨੇ ਇਕ ਹੋਰ ਹੁਕਮ ਜਾਰੀ ਕੀਤੇ ਹਨ ਕਿ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਪੈਂਦੀਆਂ ਵਾਹਨ ਖੜ੍ਹੇ ਕਰਨ ਦੀਆਂ ਥਾਵਾਂ ਜਿਵੇਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਧਾਰਮਿਕ ਥਾਵਾਂ, ਹਸਪਤਾਲ, ਭੀੜ ਵਾਲੇ ਬਾਜ਼ਾਰਾਂ ਅਤੇ ਹੋਰ ਵਾਹਨ ਪਾਰਕ ਕਰਨ ਲਈ ਬਣੀਆਂ ਥਾਵਾਂ ਆਦਿ ਦੇ ਮਾਲਕ/ਪ੍ਰਬੰਧਕ (ਕੰਪਲੈਕਸ ਦੇ ਅੰਦਰ ਜਾਂ ਬਾਹਰ) ਸੀ.ਸੀ.ਟੀ.ਵੀ. ਕੈਮਰੇ ਲਗਾਏ ਬਿਨ੍ਹਾਂ ਵਾਹਨ ਪਾਰਕਿੰਗ ਨਹੀਂ ਚਲਾਉਣਗੇ।

ਵਾਹਨ ਦੀ ਨੰਬਰ ਪਲੇਟ ਅਤੇ ਵਾਹਨ ਚਲਾਉਣ ਵਾਲੇ ਵਿਅਕਤੀ ਦਾ ਚਿਹਰਾ ਸਾਫ਼ ਨਜ਼ਰ ਆਵੇ

ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਸੀ.ਸੀ.ਟੀ.ਵੀ. ਕੈਮਰੇ ਇਸ ਤਰੀਕੇ ਨਾਲ ਲਗਾਏ ਜਾਣ ਕਿ ਜੋ ਵਾਹਨ ਪਾਰਕਿੰਗ ਦੇ ਅੰਦਰ/ਬਾਹਰ ਆਉਂਦਾ-ਜਾਂਦਾ ਹੈ, ਉਸ ਵਾਹਨ ਦੀ ਨੰਬਰ ਪਲੇਟ ਅਤੇ ਵਾਹਨ ਚਲਾਉਣ ਵਾਲੇ ਵਿਅਕਤੀ ਦਾ ਚਿਹਰਾ ਸਾਫ਼ ਨਜ਼ਰ ਆਵੇ ਅਤੇ ਇਸ ਸਬੰਧੀ ਲਗਾਏ ਗਏ ਸੀ.ਸੀ.ਟੀ.ਵੀ. ਕੈਮਰਿਆਂ ਦੀ 45 ਦਿਨ ਤੱਕ ਦੀ ਰਿਕਾਰਡਿੰਗ ਦੀ ਸੀ.ਡੀ. ਤਿਆਰ ਕਰਨ ਉਪਰੰਤ ਹਰ 15 ਦਿਨ ਬਾਅਦ ਸਕਿਓਰਿਟੀ ਬ੍ਰਾਂਚ ਦਫ਼ਤਰ ਪੁਲਿਸ ਕਮਿਸ਼ਨਰ ਜਲੰਧਰ ਵਿੱਚ ਜਮ੍ਹਾ ਕਰਵਾਈ ਜਾਵੇ।

ਇਸੇ ਤਰ੍ਹਾਂ ਵਾਹਨ ਪਾਰਕ ਕਰਨ ਵਾਲੇ ਵਾਹਨ ਮਾਲਕਾਂ ਦਾ ਰਿਕਾਰਡ ਜੇਕਰ ਵਾਹਨ ਇੱਕ ਦਿਨ ਲਈ ਖੜ੍ਹਾ ਕਰਨਾ ਹੋਵੇ ਤਾਂ ਰਜਿਸਟਰ ਵਿੱਚ ਉਸ ਦਾ ਇੰਦਰਾਜ ਵਿਅਕਤੀ ਦਾ ਨਾਮ, ਮੋਬਾਇਲ ਨੰਬਰ, ਆਈ.ਡੀ., ਵਾਹਨ ਦੀ ਕਿਸਮ, ਰਜਿਸਟ੍ਰੇਸ਼ਨ ਨੰਬਰ, ਚੈਸੀ ਨੰਬਰ, ਇੰਜਣ ਨੰਬਰ, ਵਾਹਨ ਪਾਰਕ ਕਰਨ ਦੀ ਮਿਤੀ ਅਤੇ ਵਾਹਨ ਵਾਪਸ ਲੈਣ ਦੀ ਮਿਤੀ ਦਰਜ ਕਰਨ ਤੋਂ ਇਲਾਵਾ ਵਾਹਨ ਮਾਲਕ ਦੇ ਰਜਿਸਟਰ ’ਤੇ ਦਸਤਖ਼ਤ ਕਰਵਾਏ ਜਾਣ।

ਪਾਰਕਿੰਗ ਵਾਲੀਆਂ ਥਾਵਾਂ ’ਤੇ ਕੰਮ ਕਰ ਰਹੇ ਵਿਅਕਤੀਆਂ ਦੀ ਪੁਲਿਸ ਵੈਰੀਫਿਕੇਸ਼ਨ ਸਬੰਧਿਤ ਥਾਣਿਆਂ ਤੋਂ ਕਰਵਾਈ ਜਾਵੇ

ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਵਾਹਨ ਇੱਕ ਦਿਨ ਤੋਂ ਵੱਧ ਸਮੇਂ ਲਈ ਖੜ੍ਹਾ ਕਰਨਾ ਹੋਵੇ ਤਾਂ ਉਸ ਦਾ ਇੰਦਰਾਜ ਰਜਿਸਟਰ ਵਿੱਚ ਉਕਤ ਅਨੁਸਾਰ ਕਰਕੇ ਵਾਹਨ ਮਾਲਕ ਪਾਸੋਂ ਵਾਹਨ ਦੀ ਰਜਿਸਟ੍ਰੇਸ਼ਨ ਅਤੇ ਡਰਾਈਵਿੰਗ ਲਾਇਸੰਸ ਦੀ ਫੋਟੋ ਕਾਪੀ ਲੈ ਕੇ ਬਤੌਰ ਰਿਕਾਰਡ ਰੱਖਿਆ ਜਾਵੇ। ਇਸ ਤੋਂ ਇਲਾਵਾ ਪਾਰਕਿੰਗ ਵਾਲੀਆਂ ਥਾਵਾਂ ’ਤੇ ਕੰਮ ਕਰ ਰਹੇ ਵਿਅਕਤੀਆਂ ਦੀ ਪੁਲਿਸ ਵੈਰੀਫਿਕੇਸ਼ਨ ਸਬੰਧਿਤ ਥਾਣਿਆਂ ਤੋਂ ਕਰਵਾਈ ਜਾਵੇ।

ਪੁਲਿਸ ਕਮਿਸ਼ਨਰ ਵੱਲੋਂ ਜਾਰੀ ਇਕ ਹੋਰ ਹੁਕਮ ਅਨੁਸਾਰ ਕੋਈ ਵੀ ਦੁਕਾਨਦਾਰ/ਦਰਜ਼ੀ, ਸੈਨਿਕ/ਅਰਧ ਸੈਨਿਕ ਬੱਲ/ਪੁਲਿਸ ਦੀ ਬਣੀ ਬਣਾਈ ਵਰਦੀ ਜਾਂ ਕਪੜਾ ਲੈ ਕੇ ਸੀਤੀ ਸਿਲਾਈ ਵਰਦੀ ਖ਼ਰੀਦਦਾਰ ਦੀ ਦਰੁੱਸਤ ਸ਼ਨਾਖਤ ਕੀਤੇ ਬਿਨ੍ਹਾਂ ਨਹੀਂ ਵੇਚੇਗਾ। ਵਰਦੀ ਖ਼ਰੀਦਣ ਵਾਲੇ ਵਿਅਕਤੀ ਦੇ ਫੋਟੋ ਸ਼ਨਾਖਤੀ ਕਾਰਡ, ਜੋ ਸਮਰੱਥ ਅਧਿਕਾਰੀ ਵਲੋਂ ਉਸ ਨੂੰ ਜਾਰੀ ਕੀਤਾ ਗਿਆ ਹੋਵੇ, ਦੀ ਸਵੈ ਤਸਦੀਕਸ਼ੁਦਾ ਫੋਟੋ ਕਾਪੀ ਰੱਖੇਗਾ ਅਤੇ ਖ਼ਰੀਦਣ ਵਾਲੇ ਦਾ ਰੈਂਕ, ਨਾਮ, ਪਤਾ, ਫੋਨ ਨੰਬਰ ਅਤੇ ਤਾਇਨਾਤੀ ਦੇ ਸਥਾਨ ਸਬੰਧੀ ਰਿਕਾਰਡ ਰਜਿਸਟਰ ’ਤੇ ਮੇਨਟੇਨ ਕਰੇਗਾ ਅਤੇ ਇਹ ਰਜਿਸਟਰ ਦੋ ਮਹੀਨਿਆਂ ਵਿੱਚ ਇਕ ਵਾਰ ਸਬੰਧਿਤ ਮੁੱਖ ਥਾਣਾ ਅਫ਼ਸਰ ਪਾਸੋਂ ਤਸਦੀਕ ਕਰਵਾਏਗਾ ਅਤੇ ਲੋੜ ਪੈਣ ’ਤੇ ਰਿਕਾਰਡ ਪੁਲਿਸ ਨੂੰ ਮੁਹੱਈਆ ਕਰਵਾਏਗਾ। ਉਪਰੋਕਤ ਸਾਰੇ ਹੁਕਮ 07 ਮਈ 2026 ਤੱਕ ਲਾਗੂ ਰਹਿਣਗੇ।

By admin

Related Post