ਜਲੰਧਰ 26 ਦਸੰਬਰ (ਜਸਵਿੰਦਰ ਸਿੰਘ ਆਜ਼ਾਦ)- ਜ਼ਿਲ੍ਹਾ ਸਲਾਹਕਾਰ ਕਮੇਟੀ/ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ, ਜਲੰਧਰ ਦੀ ਵਿਸ਼ੇਸ਼ ਤਿਮਾਹੀ ਸਮੀਖਿਆ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਬਰਾੜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵਿੱਤੀ ਸਾਲ 2025-26 ਦੀ ਸਲਾਨਾ ਕਰਜ਼ਾ ਯੋਜਨਾ ਦੀ 30 ਸਤੰਬਰ, 2025 ਨੂੰ ਖ਼ਤਮ ਹੋਈ ਤਿਮਾਹੀ ਲਈ ਮਿੱਥੇ ਗਏ ਟੀਚੇ ਅਤੇ ਨਤੀਜਿਆਂ ਦੀ ਸਮੀਖਿਆ ਕੀਤੀ ਗਈ।
ਜ਼ਿਲ੍ਹੇ ਵਿੱਚ ਕੰਮ ਕਰਦੇ ਸਾਰੇ ਸਰਕਾਰੀ, ਸਹਿਕਾਰੀ ਅਤੇ ਗੈਰ ਸਰਕਾਰੀ ਬੈਂਕਾਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਪ੍ਰਮੁੱਖ ਜ਼ਿਲ੍ਹਾ ਪ੍ਰਬੰਧਕ (ਐਲ.ਡੀ.ਐਮ.) ਐੱਮ. ਐੱਸ. ਮੋਤੀ ਨੇ ਕਮੇਟੀ ਦੇ ਸਨਮੁੱਖ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਤਿਮਾਹੀ ਵਿੱਚ ਸੀ.ਡੀ. ਰੇਸ਼ੋ 33.06 % ਰਹੀ ਹੈ। ਇਸ ’ਤੇ ਵਧੀਕ ਡਿਪਟੀ ਕਮਿਸ਼ਨਰ ਇਸ ਵਿੱਚ ਹੋਰ ਸੁਧਾਰ ਲਿਆਉਣ ਲਈ ਬੈਂਕਾਂ ਨੂੰ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਕਰਜ਼ੇ ਦੀ ਸਹੂਲਤ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਖਾਸ ਤੌਰ ’ਤੇ ਸਵੈ ਸਹਾਇਤਾ ਸਮੂਹ ਦੀਆਂ ਕਰਜ਼ੇ ਸਬੰਧੀ ਅਰਜ਼ੀਆਂ ਦਾ ਜਲਦ ਨਿਪਟਾਰਾ ਕਰਨ ਲਈ ਹਦਾਇਤਾਂ ਕੀਤੀਆਂ। ਉਨ੍ਹਾਂ ਬੈਂਕਾਂ ਨੂੰ ਕਿਹਾ ਕਿ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਅਤੇ ਫ਼ਸਲਾਂ ਦੀ ਰਹਿੰਦ-ਖੂਹੰਦ ਦੀ ਸੰਭਾਲ ਲਈ ਮਸ਼ੀਨਾਂ ਦੀ ਖ਼ਰੀਦ ਲਈ ਕਿਸਾਨਾਂ ਨੂੰ ਕਰਜ਼ੇ ਦੀ ਸਹੂਲਤ ਦਿੱਤੀ ਜਾਵੇ।
ਬੈਂਕਾਂ ਵੱਲੋਂ 30 ਸਤੰਬਰ 2025 ਨੂੰ ਖਤਮ ਹੋਈ ਤਿਮਾਹੀ ਲਈ ਮਿਥੇ ਗਏ ਤਰਜੀਹੀ ਖੇਤਰ ਦੇ ਟੀਚੇ 5622 ਕਰੋੜ ਸਾਹਮਣੇ 12238 ਕਰੋੜ ਕਰਜ਼ੇ ਮਨਜ਼ੂਰ ਕੀਤੇ ਗਏ ਅਤੇ ਤਿਮਾਹੀ ਦੇ ਸਾਰੇ ਕਰਜ਼ ਟੀਚੇ ਪੂਰੇ ਕਰ ਲਏ ਗਏ ਹਨ। ਖੇਤੀਬਾੜੀ ਕਰਜ਼ੇ ਦੇ 1531 ਕਰੋੜ ਟੀਚੇ ਦੇ ਸਾਹਮਣੇ 2409 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਹਨ। ਸਤੰਬਰ ਤਿਮਾਹੀ ਦੇ ਅੰਤ ਤੱਕ ਕੁੱਲ ਕਰਜ਼ੇ 18314 ਕਰੋੜ ਰੁਪਏ ਦੇ ਵੰਡੇ ਗਏ।
ਵਧੀਕ ਡਿਪਟੀ ਕਮਿਸ਼ਨਰ ਨੇ ਬੈਂਕਾਂ ਵਿੱਚ ਅਨਕਲੇਮਡ ਜਮ੍ਹਾ ਪੂੰਜੀਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ
ਵਧੀਕ ਡਿਪਟੀ ਕਮਿਸ਼ਨਰ ਨੇ ਬੈਂਕਾਂ ਵਿੱਚ ਅਨਕਲੇਮਡ ਜਮ੍ਹਾ ਪੂੰਜੀਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਐਲ.ਡੀ.ਐੱਮ. ਨੇ ਦੱਸਿਆ ਕਿ ਅਨਕਲੇਮਡ ਡਿਪਾਜ਼ਿਟ ਉਨ੍ਹਾਂ ਖਾਤਿਆਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦਸ ਸਾਲਾਂ ਤੱਕ ਕੋਈ ਲੈਣ-ਦੇਣ ਨਹੀਂ ਹੋਇਆ ਹੁੰਦਾ ਅਤੇ ਉਨ੍ਹਾਂ ਵਿੱਚ ਜ਼ਮ੍ਹਾ ਰਾਸ਼ੀ ਆਰ ਬੀ ਆਈ ਦੇ (DEAF A/C) ਵਿੱਚ ਟਰਾਂਸਫਰ ਹੋ ਜਾਂਦੀ ਹੈ। ਅਜਿਹੇ ਖਾਤਾਧਾਰਕ ਆਪਣੀ ਪਾਸ ਬੁੱਕ, ਜਮ੍ਹਾ ਰਸੀਦ ਜਾਂ ਬੈਂਕ ਵੱਲੋਂ ਜਾਰੀ ਕੀਤਾ ਦਸਤਾਵੇਜ਼ ਜੋ ਇਹ ਸਿੱਧ ਕਰਦਾ ਹੋਵੇ ਕਿ ਕੋਈ ਅਨਕਲੇਮਡ ਰਾਸ਼ੀ ਉਨ੍ਹਾਂ ਦੇ ਨਾਂ ਉਸ ਬੈਂਕ ਵਿੱਚ ਜਮ੍ਹਾ ਪਈ ਹੈ, ਆਪਣੀ ਪਹਿਚਾਣ ਅਤੇ ਰਿਹਾਇਸ਼ ਦੇ ਸਬੂਤ ਵਾਲੇ ਦਸਤਾਵੇਜ਼ ਜਿਵੇਂ ਆਧਾਰ ਕਾਰਡ /ਪੈਨ ਕਾਰਡ /ਪਾਸਪੋਰਟ ਤੇ ਫੋਟੋ ਆਦਿ ਪੇਸ਼ ਕਰਕੇ ਆਪਣੇ ਨਾਮ ਪਈ ਅਨਕਲੇਮਡ ਜਮ੍ਹਾ ਰਾਸ਼ੀ ਉਸੇ ਬੈਂਕ ਸ਼ਾਖਾ ਤੋਂ ਵਾਪਸ ਲੈ ਸਕਦੇ ਹਨ।
ਮੀਟਿੰਗ ਵਿੱਚ ਖੇਤੀਬਾੜੀ, ਬਾਗਬਾਨੀ, ਮੱਛੀਪਾਲਣ, ਨਾਬਾਰਡ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਰਿਜ਼ਰਵ ਬੈਂਕ ਆਫ ਇੰਡੀਆ, ਚੰਡੀਗੜ੍ਹ ਤੋਂ ਅਲੋਕ ਰੰਜਨ ਐਲ. ਡੀ. ਓ., ਬੈਂਕਾਂ ਦੇ ਜ਼ਿਲ੍ਹੇ ਨੁਮਾਇੰਦੇ, ਯੂਕੋ ਬੈਂਕ ਜ਼ੋਨਲ ਆਫਿਸ ਤੋਂ ਸ਼੍ਰੇਆ, ਡਿਸਟ੍ਰਿਕਟ ਇੰਡਸਟਰੀਅਲ ਕੇਂਦਰ, ਰੂਡਸੈਟ ਇੰਸਟੀਚਿਊਟ ਜਲੰਧਰ ਦੇ ਡਾਇਰੈਕਟਰ ਸੰਜੀਵ ਚੌਹਾਨ ਆਦਿ ਵੀ ਮੌਜੂਦ ਸਨ।

