ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਖੋਹਣ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ : ਬੇਗਮਪੁਰਾ ਟਾਈਗਰ ਫੋਰਸ
ਹੁਸ਼ਿਆਰਪੁਰ 16 ਨਵੰਬਰ (ਤਰਸੇਮ ਦੀਵਾਨਾ)- ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫੋਰਸ ਦੇ ਬਲਾਕ ਭੂੰਗਾ ਦੇ ਪ੍ਰਧਾਨ ਅਨਿਲ ਕੁਮਾਰ ਬੰਟੀ, ਅਮਰੀਕ ਸਿੰਘ ਰਾਜੂ, ਅਰੁਣ ਕੁਮਾਰ, ਸੰਦੀਪ ਸਿੰਘ, ਚਰਨਜੀਤ ਭੂੰਗਾ ਆਦਿ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਪੰਜਾਬ, ਫਿਰ ਯੂਨੀਵਰਸਟੀ, ਫਿਰ ਚੰਡੀਗੜ੍ਹ ਇਹ ਤਿੰਨ ਲਫਜ਼ਾਂ ਨੂੰ ਇਕੱਠਾ ਕਰਕੇ ਬਣੀ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਸੂਬੇ ਪੰਜਾਬ ਦੀ ਵਿਰਾਸਤ ਹੈ ਪੰਜਾਬ ਯੂਨੀਵਰਸਟੀ ਦੇ ਮੋਹਰੇ ਪੰਜਾਬ ਲੱਗਾ ਹੋਣਾ ਇਸਦਾ ਪਰਮਾਣਿਤ ਸਬੂਤ ਹੈ ਕਿ ਇਸਤੇ ਸਿਰਫ ਪੰਜਾਬ ਦਾ ਹੀ ਹੱਕ ਹੈ।
ਉਹਨਾ ਕਿਹਾ ਕਿ ਇਸੇ ਲਈ ਯੂਨੀਵਰਸਟੀ ਦੇ ਵਿਦਿਆਰਥੀਆਂ ਨੇ ਨਾਅਰਾ ਲਗਾਇਆ ਕਿ ‘ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ’ ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬੀਆਂ ਨੇ ਨਾ ਕਿਸੇ ਦਾ ਧੱਕਾ ਬਰਦਾਸ਼ਤ ਕੀਤਾ ਨਾ ਹੀ ਕਰਨਗੇ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਡੇ ਪੰਜਾਬ ਦੀ ਵਿਰਾਸਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਖੋਹਣ ਦੀਆਂ ਸਾਜ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਸੈਨੇਟ ਭੰਗ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਨਾਲ ਯੂਨੀਵਰਸਟੀ ਸਿੱਧੇ ਤੌਰ ਤੇ ਕੇਂਦਰ ਦੇ ਹੱਥਾਂ ਵਿੱਚ ਚਲੀ ਜਾਵੇਗੀ। ਭਾਵੇਂ ਕਿ ਪੀ.ਯੂ ਬਚਾਓ ਮੋਰਚੇ ਦੇ ਦਬਾਅ ਕਾਰਨ ਕੇਂਦਰ ਸਰਕਾਰ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਗੱਲ ਕਰ ਰਹੀ ਹੈ ਪਰ ਜਦੋਂ ਤੱਕ ਸਾਰਾ ਕੁਝ ਸਪਸ਼ਟ ਰੂਪ ਵਿੱਚ ਨਹੀਂ ਦੱਸਿਆ ਜਾਵੇਗਾ, ਓਦੋਂ ਤੱਕ ਕੇਂਦਰ ਸਰਕਾਰ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।
ਕੇਂਦਰ ਸਰਕਾਰ ਮੁੱਢ ਤੋਂ ਹੀ ਪੰਜਾਬ ਨੂੰ ਵੱਖ ਵੱਖ ਖੇਤਰਾਂ ਵਿੱਚ ਵੰਡ ਕੇ ਤੋੜਨ ਤੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ
ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਈ.ਵੀ.ਐਮ ਸਰਕਾਰ ਹੈ ਨਹੀਂ ਤਾਂ ਜਿੰਨਾ ਲੋਕ ਮੋਦੀ ਸਰਕਾਰ ਦੇ ਮਨਸੂਬਿਆਂ ਵਿਰੁੱਧ ਹਨ ਇਹ ਸਰਕਾਰ ਕਦੇ ਸੱਤਾ ਵਿਚ ਨਹੀਂ ਆ ਸਕਦੀ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਮੁੱਢ ਤੋਂ ਹੀ ਪੰਜਾਬ ਨੂੰ ਵੱਖ ਵੱਖ ਖੇਤਰਾਂ ਵਿੱਚ ਵੰਡ ਕੇ ਤੋੜਨ ਤੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਜਿਸਨੂੰ ਪੰਜਾਬੀ ਹਰਗਿਜ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾ ਕਿਹਾ ਕਿ ਪੰਜਾਬ ਯੂਨੀਵਰਸਟੀ ਬਚਾਓ ਅੰਦੋਲਨ ਦੌਰਾਨ ਸਟੂਡੈਂਟਸ ਨਾਲ ਧੱਕੇਸ਼ਾਹੀ ਕੀਤੀ ‘ਤੇ ਆਈ.ਡੀ ਕਾਰਡ ਹੋਣ ਦੇ ਬਾਵਜੂਦ ਵੀ ਉਨ੍ਹਾ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲੇ ਵਿਅਕਤੀਆਂ ਤੇ ਵੱਖ ਵੱਖ ਸੂਬਿਆਂ ਤੋਂ ਫੋਰਸ ਤਾਇਨਾਤ ਕਰਨਾ ਕੇਂਦਰ ਦੀ ਬੁਖਲਾਹਟ ਅਤੇ ਧੱਕੇਸ਼ਾਹੀ ਦਾ ਸਬੂਤ ਹੈ। ਉਨ੍ਹਾ ਕਿਹਾ ਕਿ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਪੰਜਾਬ ਦੀ ਹੈ ਤੇ ਹਰ ਹੀਲੇ ਪੰਜਾਬ ਦੀ ਹੀ ਰਹੇਗੀ।
ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਦਾ ਹੰਕਾਰ ਤੋੜਨ ਲਈ ਸਾਰਿਆਂ ਨੂੰ ਜਾਤ ਧਰਮ ਰਾਜਨੀਤੀ ਤੋਂ ਉੱਪਰ ਉੱਠ ਕੇ ਸੰਘਰਸ਼ ਕਰਨ ਦੀ ਲੋੜ ਹੈ ਕਿਉਂਕਿ ਇਸ ਯੂਨੀਵਰਸਟੀ ਵਿਚ ਅਨੇਕਾਂ ਧਰਮਾਂ, ਅਨੇਕਾਂ ਜਾਤੀਆਂ, ਅਨੇਕਾਂ ਸਮਾਜ ਸੇਵਕਾਂ ਅਤੇ ਅਨੇਕਾਂ ਰਾਜਨੀਤਿਕ ਲੀਡਰਾਂ ਨੇ ਸਿੱਖਿਆ ਪ੍ਰਾਪਤ ਕੀਤੀ ਹੈ। ਇਹ ਯੂਨੀਵਰਸਟੀ ਕਿਸੇ ਰਾਜਨੀਤਿਕ ਪਾਰਟੀ ਦੀ ਗੁਲਾਮ ਨਹੀਂ ਬਣ ਸਕਦੀ ਇਹ ਸਿੱਖਿਆ ਦਾ ਉਹ ਕੇਂਦਰ ਹੈ ਜਿਸਤੋਂ ਸਿੱਖਿਆ ਲੈਕੇ ਦੇਸ਼ ਦਾ ਭਵਿੱਖ ਬਨਾਉਣ ਵਾਲੇ ਮਹਾਨ ਵਿਦਵਾਨ ਪੈਦਾ ਹੋਏ ਹਨ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਉਹ ਨਿਡਰ ਹੋ ਕੇ ਸੰਘਰਸ਼ ਕਰਨ ਵਾਲਿਆਂ ਦੇ ਨਾਲ ਖੜੇ ਹਨ।

