ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਟਰੱਸਟ ਦੇ ਅਹੁਦੇਦਾਰਾਂ ਨਾਲ ਕੀਤੀ ਡੂੰਘੀ ਚਰਚਾ
ਜਲੰਧਰ 16 ਨਵੰਬਰ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਨੇ ਅੱਜ ਡੇਰਾ ਸ਼੍ਰੀ 108 ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਕੇ ਸੂਬੇ ਦੇ ਹਰ ਵਰਗ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਜੀ ਦੇ ਦਰਸ਼ਨ ਕਰਨ ਉਪਰੰਤ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਵੱਲੋਂ ਸੰਤ ਨਿਰੰਜਣ ਦਾਸ ਜੀ, ਜੋ ਕਿ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਪਬਲਿਕ ਚੈਰੀਟੇਬਲ ਟਰੱਸਟ ਕਾਂਸ਼ੀ ਬਨਾਰਸ ਦੇ ਚੇਅਰਮੈਨ ਵੀ ਹਨ, ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਡੂੰਘੀ ਵਿਚਾਰ-ਚਰਚਾ ਕੀਤੀ ਗਈ।
ਇਹ ਇਤਿਹਾਸਿਕ 650 ਸਾਲਾ ਪੁਰਬ ਟਰੱਸਟ ਵੱਲੋਂ ਵਿਸ਼ਵ ਪੱਧਰ ’ਤੇ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਸੀਰ-ਗੋਵਰਧਨਪੁਰ ਕਾਂਸ਼ੀ ਬਨਾਰਸ (ਉੱਤਰ ਪ੍ਰਦੇਸ਼) ਵਿਖੇ 20 ਫਰਵਰੀ 2027 ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਕੰਵਰਦੀਪ ਸਿੰਘ ਵੀ ਮੌਜੂਦ ਸਨ।
ਇਸ ਦੌਰਾਨ ਟਰੱਸਟ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਪੁਰਬ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰ ’ਤੇ ਮਨਾਉਣ ਅਤੇ ਇਸਦੀਆਂ ਤਿਆਰੀਆਂ ਲਈ ਸਰਕਾਰ ਦੇ ਨੁਮਾਇੰਦਿਆਂ, ਸੰਤ ਸਮਾਜ ਅਤੇ ਹੋਰ ਸਮਾਜਿਕ ਸ਼ਖਸੀਅਤਾਂ ਨੂੰ ਸ਼ਾਮਲ ਕਰਕੇ ਉੱਚ ਪੱਧਰੀ ਕਮੇਟੀ ਦਾ ਗਠਨ ਕੀਤੇ ਜਾਣ ਦੀ ਮੰਗ ਰੱਖੀ ਗਈ, ਤਾਂ ਜੋ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਪੰਜਾਬੀ ਰਿਵਾਇਤ ਅਤੇ ਸ਼ਰਧਾ ਨਾਲ ਮਨਾਇਆ ਜਾ ਸਕੇ।
ਚੇਅਰਮੈਨ ਸ. ਗੜ੍ਹੀ ਨੇ ਟਰੱਸਟ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮੰਗ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣਗੇ
ਚੇਅਰਮੈਨ ਸ. ਗੜ੍ਹੀ ਨੇ ਟਰੱਸਟ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮੰਗ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣਗੇ, ਤਾਂ ਜੋ ਇਸ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਸਾਨੂੰ ਸਾਰਿਆਂ ਨੂੰ ਮਨੁੱਖਤਾ ਅਤੇ ਬਰਾਬਰਤਾ ਦਾ ਸੰਦੇਸ਼ ਦਿੰਦੀ ਹੈ ਅਤੇ ਸਾਨੂੰ ਗੁਰੂ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲਦਿਆਂ ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ ’ਤੇ ਪਹਿਰਾ ਦੇਣਾ ਚਾਹੀਦਾ ਹੈ।
ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਵਿਅਕਤੀਗਤ ਤੌਰ ’ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਸੂਬੇ ਦੇ ਹਰੇਕ ਡੇਰੇ ਵਿੱਚ ਜਾਣਗੇ ਅਤੇ ਸਭਨਾਂ ਨੂੰ ਇਕ ਲੜੀ ਵਿੱਚ ਪਿਰੋਦਿਆਂ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਪੂਰੀ ਸ਼ਰਧਾ ਭਾਵਨਾ ਅਤੇ ਮਰਿਆਦਾ ਅਨੁਸਾਰ ਸੁਚੱਜੇ ਢੰਗ ਨਾਲ ਮਨਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦੀ ਸਥਾਪਨਾ ਕੀਤੀ ਜਾ ਰਹੀ ਹੈ। ਉਨ੍ਹਾਂ ਟਰੱਸਟ ਨੂੰ ਭਰੋਸਾ ਦਿਵਾਇਆ ਕਿ ਅਧਿਅਨ ਕੇਂਦਰ ਦੀ ਸਥਾਪਨਾ ਸਬੰਧੀ ਕਮਿਸ਼ਨ ਵੱਲੋਂ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਜਾਵੇਗਾ, ਤਾਂ ਜੋ ਇਸ ਸਬੰਧੀ ਕਾਰਵਾਈ ਜਲਦ ਸ਼ੁਰੂ ਕਰਵਾਈ ਜਾ ਸਕੇ। ਉਪਰੰਤ ਚੇਅਰਮੈਨ ਸ.ਜਸਵੀਰ ਸਿੰਘ ਗੜ੍ਹੀ ਨੇ ਸ਼ਰਧਾ ਭਾਵਨਾ ਨਾਲ ਲੰਗਰ ਵੀ ਛਕਿਆ।
ਇਸ ਮੌਕੇ ਆਪ ਆਗੂ ਅਸ਼ੋਕ ਭਾਟੀਆ, ਜ਼ਿਲ੍ਹਾ ਭਲਾਈ ਅਫ਼ਸਰ ਰਣਬੀਰ ਸਿੰਘ, ਸਰਪੰਚ ਚੱਕ ਹਕੀਮ ਵਰੁਣ ਬੰਗੜ, ਸਰਪੰਚ ਅਵਤਾਰ, ਸਰਪੰਚ ਮਹਿੰਦੀਪੁਰ ਸੁਰਜੀਤ ਸਿੰਘ, ਪੰਕਜ ਬੰਗਾ, ਹੈਪੀ ਕੌਲ, ਧਰਮਿੰਦਰ ਭੁੱਲਰਾਈ, ਸੁਰਿੰਦਰ ਰਾਵਲਪਿੰਡੀ, ਸ਼ਿੰਦਰਪਾਲ, ਜੱਸੀ ਕੋਟਰਾਣੀ ਤੋਂ ਇਲਾਵਾ ਵੱਡੀ ਗਿਣਤੀ ਸੰਗਤ ਮੌਜੂਦ ਸੀ।

