ਹੁਸ਼ਿਆਰਪੁਰ 11 ਦਸੰਬਰ ( ਤਰਸੇਮ ਦੀਵਾਨਾ ) – ਦਲ ਖ਼ਾਲਸਾ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਨੇ ਪੰਜਾਬ ਵਿੱਚ ਵੱਧ ਰਹੇ ਨਸ਼ੇ ਦੇ ਖ਼ਤਰੇ ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਿਰ ਕੀਤੀ । ਉਨ੍ਹਾਂ ਕਿਹਾ ਕਿ ਨਸ਼ਾ ਰੋਜ਼ਾਨਾ ਕਈ ਨੌਜਵਾਨਾਂ ਦੀ ਜਾਨ ਲੈ ਰਿਹਾ ਹੈ ਅਤੇ ਘਰਾਂ ਵਿੱਚ ਸੱਥਰ ਵਿਸਾ ਕੇ ਬੇਬਸੀ ਦਾ ਮੰਜ਼ਰ ਪੈਦਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਦਾ ਹਾਲ ਇਹ ਹੈ ਕਿ ਮਾਵਾਂ ਦੀਆਂ ਅੱਖਾਂ ਵਿੱਚੋ ਹੰਝੂ ਵੱਗਦੇ ਹਨ ! ਉਹਨਾਂ ਕਿਹਾ ਕਿ ਨਸ਼ਾ ਮਾਫੀਆ ਦਾ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ।
ਉਨ੍ਹਾਂ ਕਿਹਾ ਕਿ ਸੱਭਿਆਚਾਰ ਅਤੇ ਦਲੇਰੀ ਲਈ ਮਸ਼ਹੂਰ ਪੰਜਾਬ ਹੁਣ ਨਸ਼ੇੜੀ ਪੰਜਾਬ ਵਝੋ ਬਦਨਾਮ ਹੋ ਰਿਹਾ ਹੈ, ਜੋ ਹਰ ਪੰਜਾਬੀ ਲਈ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਨਸ਼ੇ ਦੀ ਹੋ ਰਹੀ ਬੇਤਹਾਸ਼ਾ ਵਿਕਰੀ ਦੇ ਬਾਵਜੂਦ ਸਰਕਾਰ ਵੱਲੋਂ ਚਿੱਟੇ ਦੀ ਵਿਕਰੀ ਦੇ ਵਿਰੁੱਧ ਕਿਸੇ ਵੀ ਤਰ੍ਹਾਂ ਦੇ ਪ੍ਰਭਾਵਸ਼ਾਲੀ ਕਦਮ ਦੀ ਕਮੀ ਕਾਰਨ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਦੀ ਨੀਂਦ ਨਾ ਖੁੱਲੀ ਤਾਂ ਇਹ ਸਮੱਸਿਆ ਸਰਕਾਰ ਦੇ ਵੱਸੋਂ ਬਾਹਰ ਹੋ ਸਕਦੀ ਹੈ। ਉਹਨਾਂ ਪੰਜਾਬ ਸਰਕਾਰ ਨੂੰ ਸੁਝਾਅ ਦਿੱਤਾ ਕਿ ਜਿਵੇਂ ਉੱਤਰ ਪ੍ਰਦੇਸ਼ ਸਰਕਾਰ ਨੇ ਨਸ਼ੇ ਦੇ ਕੋਹੜ ਨੂੰ ਰੋਕਣ ਲਈ ਨਸ਼ਾ ਵਿਰੋਧੀ ਫੋਰਸ ਬਣਾਈ ਹੈ, ਉਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਮਜ਼ਬੂਤ ਇਛਾ ਸ਼ਕਤੀ ਨਾਲ ਖਾਸ ਫੋਰਸ ਬਣਾਕੇ ਕਾਰਵਾਈ ਨੂੰ ਤੇਜ਼ ਕਰਨਾ ਚਾਹੀਦਾ ਹੈ, ਤਾਂ ਜੋ ਜਵਾਨੀ ਨੂੰ ਬੇਵਕਤੀ ਮੌਤ ਨਾ ਮਰਨਾ ਪਵੇ !

