ਹੁਸ਼ਿਆਰਪੁਰ 24 ਦਸੰਬਰ ( ਤਰਸੇਮ ਦੀਵਾਨਾ ) – ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਗਊਸ਼ਾਲਾ ਦੇ ਪ੍ਰਧਾਨ ਵਿਸ਼ਵਨਾਥ ਬੰਟੀ ਨੇ ਪੰਜਾਬ ਦੀ ਵਿਗੜਦੀ ਹੋਈ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਸ਼ੈਲੀ ‘ਤੇ ਤਿੱਖੇ ਸਵਾਲ ਚੁੱਕੇ । ਉਨ੍ਹਾਂ ਕਿਹਾ ਕਿ ਅਰਾਜਕਤਾ ਦੀਆਂ ਖ਼ਬਰਾਂ ਆ ਰਹੀਆਂ ਹਨ। ਪਿਛਲੇ ਚਾਰ ਸਾਲਾਂ ਤੋਂ ਕਾਨੂੰਨ ਵਿਵਸਥਾ ਦੀ ਸਥਿਤੀ ਇਸ ਕਦਰ ਵਿਗੜੀ ਹੋਈ ਹੈ ਕਿ ਸੂਬਾ ਪੰਜਾਬ ਗੈਂਗ ਲੈਂਡ ਬਣ ਕੇ ਰਹਿ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਤਾਂ ਚੋਰੀ, ਡਕੈਤੀ ਅਤੇ ਜਬਰੀ ਵਸੂਲੀ ਦੀਆਂ ਹੀ ਵਾਰਦਾਤਾਂ ਸੁਣਦੇ ਸੀ, ਪਰ ਹੁਣ ਤਾ ਰੋਜਾਨਾ ਖੁੱਲ੍ਹੇਆਮ ਗੋਲੀਬਾਰੀ ਨਾਲ ਕਤਲ ਹੋ ਰਹੇ ਹਨ। ਉਹਨਾਂ ਕਿਹਾ ਕਿ ਗੈਂਗਸਟਰਾਂ ਦਾ ਮਨੋਬਲ ਕਾਫੀ ਵੱਧ ਚੁੱਕਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਚਾਰ ਸਾਲਾਂ ਤੋਂ ਸੱਤਾ ਵਿੱਚ ਹੈ ਪ੍ਰੰਤੂ ਰੋਜਾਨਾ ਪੰਜਾਬ ਦਾ ਬੇੜਾ ਗਰਕ ਹੋ ਰਿਹਾ ਹੈ ।
ਉਹਨਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਮੰਤਰਾਲਾ ਖੁਦ ਸੰਭਾਲਿਆ ਹੋਇਆ ਹੈ। ਕਾਨੂੰਨ ਵਿਵਸਥਾ ਦੀ ਜਿੰਮੇਵਾਰੀ ਸੂਬੇ ਦੇ ਪੁਲਿਸ ਮੁਖੀ ਅਤੇ ਗ੍ਰਹਿ ਮੰਤਰੀ ਦੀ ਹੁੰਦੀ ਹੈ । ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਤੁਰੰਤ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣਾ ਚਾਹੀਦਾ ਹੈ, ਕਿਉਂਕਿ ਉਹ ਜਨਤਾ ਨੂੰ ਸ਼ਾਂਤੀਪੂਰਨ ਮਾਹੌਲ ਪ੍ਰਦਾਨ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ ਹਨ ਉਹਨਾਂ ਹੁਸ਼ਿਆਰਪੁਰ ਦੇ ਐਸ ਐਸ ਪੀ ਕੋਲੋ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ, ਤਾਂ ਜੋ ਡਰ ਦੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਲੋਕ ਸੁੱਖ ਦਾ ਸਾਹ ਲੈ ਸਕਣ। ਉਹਨਾਂ ਜਨਤਾ ਨੂੰ ਵੀ ਪੁਰਜੋਰ ਅਪੀਲ ਕੀਤੀ ਕਿ ਸਰਕਾਰ ‘ਤੇ ਭਰੋਸਾ ਨਾ ਕਰਕੇ ਆਪਣੀ ਸੁਰੱਖਿਆ ਦਾ ਧਿਆਨ ਰੱਖਣ। ਕਿਉਂਕਿ ਜੋ ਪਿਛਲੇ ਚਾਰ ਸਾਲਾਂ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਅਸਫਲ ਰਹੀ ਹੈ, ਉਸ ਤੋਂ ਬਾਕੀ ਰਹਿੰਦੇ ਇੱਕ ਸਾਲ ਵਿੱਚ ਵੀ ਕੋਈ ਉਮੀਦ ਕਰਨਾ ਵਿਅਰਥ ਹੈ।

