ਤੇਜ ਹਨੇਰੀ ਅਤੇ ਮੀਂਹ ਨਾਲ ਪ੍ਰਭਾਵਿਤ ਹੋਈ ਬਿਜਲੀ ਸਪਲਾਈ ਉੱਤੇ ਲੋਕ ਸਭਾ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਨੇ ਤਤਕਾਲ ਬਹਾਲੀ ਦੇ ਹੁਕਮ ਦਿੱਤੇ
ਹੁਸ਼ਿਆਰਪੁਰ 25 ਮਈ ( ਤਰਸੇਮ ਦੀਵਾਨਾ ) ਪਿਛਲੇ ਦੋ-ਤਿੰਨ ਦਿਨਾਂ ਤੋਂ ਪੰਜਾਬ ਵਿੱਚ ਚੱਲ ਰਹੀ ਤੇਜ ਹਨੇਰੀ ਅਤੇ ਮੀਂਹ ਨੇ ਆਮ ਜਨ ਜੀਵਨ ਨੂੰ ਬਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕੁਦਰਤੀ ਆਫ਼ਤ ਕਾਰਨ ਕਈ ਥਾਵਾਂ ‘ਤੇ ਦਰੱਖਤ ਡਿੱਗ ਗਏ ਅਤੇ ਬਿਜਲੀ ਦੀਆਂ ਤਾਰਾਂ ਟੁੱਟ ਜਾਣ ਕਾਰਨ ਬਿਜਲੀ ਸਪਲਾਈ ਬੁਰੀ ਤਰ੍ਹਾਂ ਠੱਪ ਹੋ ਗਈ ਹੈ। ਇਸ ਸੰਕਟ ਦੇ ਸਮੇਂ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਨੇ ਖੁਦ ਮੋਰਚਾ ਸੰਭਾਲਿਆ ਹੈ।
ਡਾ. ਚੱਬੇਵਾਲ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਕੇ ਤਤਕਾਲ ਬਿਜਲੀ ਸਪਲਾਈ ਬਹਾਲ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਲੋਕਾਂ ਨੂੰ ਨਾ ਤਾਂ ਗਰਮੀ ਵਿਚ ਝਲਣ ਲਈ ਛੱਡਿਆ ਜਾ ਸਕਦਾ ਹੈ ਅਤੇ ਨਾ ਹੀ ਹਨੇਰੇ ਵਿੱਚ ਜੀਣ ਲਈ। ਇਸ ਮਾਮਲੇ ਵਿੱਚ ਉਨ੍ਹਾਂ ਨੇ PSPCL ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਅਜੋਏ ਕੁਮਾਰ ਸੀਨਹਾ (IAS) ਨਾਲ ਸਿੱਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਤਤਕਾਲ ਕਾਰਵਾਈ ਕਰਨ ਲਈ ਕਿਹਾ। ਡਾ. ਚੱਬੇਵਾਲ ਨੇ ਦੱਸਿਆ ਕਿ ਅਜੋਏ ਕੁਮਾਰ ਸਿਨਹਾ ਨੇ ਇਹ ਭਰੋਸਾ ਦਿੱਤਾ ਹੈ ਕਿ ਉਹ ਅੱਜ ਹੀ ਇਕ ਮੀਟਿੰਗ ਬੁਲਾ ਕੇ ਸਮੱਸਿਆ ਦਾ ਹੱਲ ਕੱਢਣਗੇ।
ਵਿਭਾਗ ਵਿੱਚ ਕੰਟ੍ਰੈਕਟ ‘ਤੇ ਨਿਯੁਕਤ ਕਰਮਚਾਰੀ ਪਿਛਲੇ ਦੋ-ਤਿੰਨ ਦਿਨਾਂ ਤੋਂ ਹੜਤਾਲ ‘ਤੇ ਹਨ
ਉਨ੍ਹਾਂ ਨੇ ਸੀਨੀਅਰ ਇੰਜੀਨੀਅਰ ਜਸਵਿੰਦਰ ਸਿੰਘ ਵਿਰਦੀ ਨਾਲ ਵੀ ਗੱਲ ਕਰਕੇ ਪ੍ਰਭਾਵਿਤ ਖੇਤਰਾਂ ਵਿੱਚ ਤਰਜੀਹ ਦੇ ਆਧਾਰ ‘ਤੇ ਬਿਜਲੀ ਸਪਲਾਈ ਬਹਾਲ ਕਰਨ ਦੀ ਹਦਾਇਤ ਦਿੱਤੀ। ਉਨ੍ਹਾਂ ਦੱਸਿਆ ਕਿ ਵਿਭਾਗ ਵਿੱਚ ਕੰਟ੍ਰੈਕਟ ‘ਤੇ ਨਿਯੁਕਤ ਕਰਮਚਾਰੀ ਪਿਛਲੇ ਦੋ-ਤਿੰਨ ਦਿਨਾਂ ਤੋਂ ਹੜਤਾਲ ‘ਤੇ ਹਨ, ਜਿਸ ਕਾਰਨ ਮੁਰੰਮਤ ਤੇ ਬਹਾਲੀ ਦੇ ਕੰਮ ਵਿੱਚ ਰੁਕਾਵਟ ਆ ਰਹੀ ਹੈ। ਡਾ. ਚੱਬੇਵਾਲ ਨੇ ਕਿਹਾ ਕਿ ਐਸੇ ਹਾਲਾਤਾਂ ਵਿੱਚ ਬਾਹਰੀ ਸਟਾਫ਼ ਦੀ ਸਹਾਇਤਾ ਲੈ ਕੇ ਕਿਸੇ ਵੀ ਹਾਲਤ ਵਿੱਚ ਬਿਜਲੀ ਸਪਲਾਈ ਸੁਚਾਰੂ ਬਣਾਈ ਜਾਵੇ।
ਇਸੇ ਦੌਰਾਨ ਐਕਸਈਐਨ ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦੇ ਯਤਨਾਂ ਨਾਲ ਹੁਣ ਤੱਕ ਲਗਭਗ 80 ਫੀਸਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਕੀ ਬਚੇ ਖੇਤਰਾਂ ਵਿੱਚ ਵੀ ਜਲਦ ਕੰਮ ਮੁਕੰਮਲ ਕਰਕੇ ਬਿਜਲੀ ਸਪਲਾਈ ਨਾਰਮਲ ਕਰ ਦਿੱਤੀ ਜਾਵੇਗੀ। ਦਰੱਖਤ ਡਿੱਗਣ ਅਤੇ ਤਾਰਾਂ ਟੁੱਟਣ ਕਾਰਨ ਕਈ ਥਾਵਾਂ ‘ਤੇ ਨਵੇਂ ਪੋਲ ਲਗਾਉਣ ਅਤੇ ਟ੍ਰਾਂਸਫਾਰਮਰ ਬਦਲਣ ਦੀ ਲੋੜ ਪਈ ਹੈ, ਜਿਸ ‘ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ।
ਡਾ. ਰਾਜਕੁਮਾਰ ਚੱਬੇਵਾਲ ਨੇ ਲੋਕਾਂ ਨੂੰ ਧੀਰਜ ਬਣਾਏ ਰੱਖਣ ਦੀ ਅਪੀਲ ਕੀਤੀ ਹੈ ਅਤੇ ਭਰੋਸਾ ਦਿੱਤਾ ਹੈ ਕਿ ਉਹ ਖੁਦ ਬਿਜਲੀ ਸਪਲਾਈ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ PSPCL ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਹਾਲਾਤਾਂ ‘ਤੇ ਕੜੀ ਨਿਗਾਹ ਰੱਖੀ ਜਾਵੇ ਅਤੇ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਡਾ. ਚੱਬੇਵਾਲ ਨੇ ਅੰਤ ਵਿੱਚ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮਿਲ ਕੇ ਉਹ ਸਾਰੀ ਸਥਿਤੀ ਨੂੰ ਜਲਦ ਨਾਰਮਲ ਬਣਾਉਣਗੇ।