Breaking
Sun. Jul 26th, 2026

ਬਰਨਾਲਾ ‘ਚ ਸਫ਼ਾਈ ਸੇਵਕ ਮਹਿਲਾਵਾਂ ‘ਤੇ ਪੁਲਿਸ ਲਾਠੀਚਾਰਜ ਅਤਿ ਸ਼ਰਮਨਾਕ ਤੇ ਨਿੰਦਣਯੋਗ, ਲੋਕਤੰਤਰ ਦਾ ਕੀਤਾ ਗਿਆ ਘਾਣ : ਸੰਤ ਕੁਲਵੰਤ ਰਾਮ ਭਰੋਮਜਾਰਾ

ਬਰਨਾਲਾ

ਹੁਸ਼ਿਆਰਪੁਰ, 26 ਜੁਲਾਈ ( ਤਰਸੇਮ ਦੀਵਾਨਾ ) – ​ਬਰਨਾਲਾ ਵਿਖੇ ਆਪਣੇ ਹੱਕਾਂ ਅਤੇ ਜਾਇਜ਼ ਮੰਗਾਂ ਲਈ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕਰ ਰਹੀਆਂ ਲਾਚਾਰ ਸਫ਼ਾਈ ਸੇਵਕਾ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਵਹਿਸ਼ੀਆਨਾ ਅਤੇ ਬੇਰਹਮੀਪੂਰਨ ਲਾਠੀਚਾਰਜ ਦੀ ਡੇਰਾ 108 ਸੰਤ ਬਾਬਾ ਮੇਲਾ ਰਾਮ ਜੀ ਦੇ ਮੌਜੂਦਾ ਗੱਦੀ ਨਸ਼ੀਨ ਅਤੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ (ਰਜਿ:) ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਨੇ ਤਿੱਖੇ ਸ਼ਬਦਾਂ ਵਿੱਚ ਕਰੜੀ ਨਿੰਦਾ ਕੀਤੀ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪੁਲਿਸ ਦੀ ਇਸ ਕਾਇਰਾਨਾ ਕਾਰਵਾਈ ਅਤੇ ਸਰਕਾਰ ਦੀ ਨਾਕਾਮੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ।

​ਸੰਤ ਕੁਲਵੰਤ ਰਾਮ ਭਰੋਮਜਾਰਾ ਨੇ ਆਖਿਆ ਕਿ ਜਿਹੜੇ ਸਫਾਈ ਸੇਵਕ ਤੇ ਮਹਿਲਾਵਾ ਦਿਨ-ਰਾਤ ਸ਼ਹਿਰਾਂ ਦੀ ਸਫ਼ਾਈ ਕਰਕੇ ਆਮ ਜਨਤਾ ਨੂੰ ਬੀਮਾਰੀਆਂ ਤੋਂ ਬਚਾਉਂਦੀਆਂ ਹਨ, ਅੱਜ ਜਦੋਂ ਉਹ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਸੜਕਾਂ ‘ਤੇ ਉੱਤਰੇ ਤਾਂ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਗੈਰ-ਮਨੁੱਖੀ ਤੇ ਅਤਿਆਚਾਰੀ ਵਰਤਾਓ ਕੀਤਾ। ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਤੇ ਸ਼ਾਂਤਮਈ ਧਰਨੇ ‘ਤੇ ਲੇਡੀਜ਼ ਪੁਲਿਸ ਦੀ ਥਾਂ ਮਰਦ ਪੁਲਿਸ ਮੁਲਾਜ਼ਮਾਂ ਵੱਲੋਂ ਜ਼ਬਰਦਸਤੀ ਤਾਕਤ ਦਾ ਨੰਗਾ ਨਾਚ ਨੱਚਣਾ ਸੰਵਿਧਾਨਕ ਮਰਿਆਦਾ ਦੀਆਂ ਧੱਜੀਆਂ ਉਡਾਉਣ ਦੇ ਬਰਾਬਰ ਹੈ।

ਭਾਰਤੀ ਸੰਵਿਧਾਨ ਹਰ ਨਾਗਰਿਕ ਨੂੰ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਚੁੱਕਣ ਦਾ ਹੱਕ ਦਿੰਦਾ ਹੈ

​ਉਨ੍ਹਾਂ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਹਰ ਨਾਗਰਿਕ ਨੂੰ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਚੁੱਕਣ ਦਾ ਹੱਕ ਦਿੰਦਾ ਹੈ, ਪਰ ਬਰਨਾਲਾ ‘ਚ ਪੁਲਿਸ ਵੱਲੋਂ ਕੀਤਾ ਗਿਆ ਇਹ ਜ਼ੁਲਮ ਜਲ੍ਹਿਆਂਵਾਲੇ ਬਾਗ ਦੇ ਕਾਲੇ ਦਿਨਾਂ ਦੀ ਯਾਦ ਤਾਜ਼ਾ ਕਰਵਾਉਂਦਾ ਹੈ।

ਉਨ੍ਹਾਂ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਵਰਦੀ ਅਤੇ ਸੱਤਾ ਦਾ ਹੰਕਾਰ ਕਦੇ ਵੀ ਸਦਾਚਾਰੀ ਨਹੀਂ ਰਹਿੰਦਾ। ਗਰੀਬ, ਬੇਬਸ ਅਤੇ ਮਿਹਨਤਕਸ਼ ਮਜ਼ਦੂਰਾਂ ‘ਤੇ ਡੰਡੇ ਵਰ੍ਹਾ ਕੇ ਲੋਕਤੰਤਰ ਦਾ ਗਲਾ ਘੁੱਟਣ ਵਾਲੇ ਹਾਕਮਾਂ ਨੂੰ ਇਸ ਜ਼ੁਲਮ ਦਾ ਖਮਿਆਜ਼ਾ ਭਵਿੱਖ ਵਿੱਚ ਜ਼ਰੂਰ ਭੁਗਤਣਾ ਪਵੇਗਾ। ਪੁਲਿਸ ਦੀ ਇਹ ਬਰਬਰਤਾ ਪ੍ਰਸ਼ਾਸਨ ਦੇ ਚਿਹਰੇ ‘ਤੇ ਇੱਕ ਅਜਿਹਾ ਕਾਲਾ ਧੱਬਾ ਹੈ, ਜੋ ਕਦੇ ਨਹੀਂ ਮਿਟੇਗਾ ਉਹਨਾਂ ਕਿਹਾ ਕਿ ਡੀਐਸਪੀ ਸਤਬੀਰ ਸਿੰਘ ਬੈਂਸ ਅਤੇ ਐਸਐਚ ਓ ਲਖਵਿੰਦਰ ਸਿੰਘ ਨੂੰ ਸਸਪੈਂਡ ਨਹੀਂ ਡਿਸਮਿਸ ਕਰਕੇ ਇਹਨਾਂ ਤੇ ਐਸੀ ਐਸਟੀ ਐਕਟ ਅਤੇ 307 ਦੇ ਤਹਿਤ ਪਰਚਾ ਦਰਜ ਕਰਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇ।

By admin

Related Post