Breaking
Thu. Sep 10th, 2026

ਸਮਾਜ ਦੇ ਹਰ ਵਰਗ ਦੇ ਲੋਕਾਂ ਵਲੋਂ ਹਰਮਨ ਪਿਆਰੇ ਸਾਬਕਾ ਮੰਤਰੀ ਭਗਤ ਚੁਨੀ ਲਾਲ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਚੁਨੀ ਲਾਲ

ਸਾਬਕਾ ਮੰਤਰੀ ਦਾ ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸਸਕਾਰ, ਆਗੂਆਂ ਅਤੇ ਨਾਗਰਿਕਾਂ ਵਲੋਂ ਸਰਧਾਂਜ਼ਲੀਆਂ ਭੇਟ

ਜਲੰਧਰ 10 ਸਤੰਬਰ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਪਿਤਾ ਸਾਬਕਾ ਮੰਤਰੀ ਚੁਨੀ ਲਾਲ ਭਗਤ (93 ਸਾਲਾ) ਦਾ ਅੱਜ ਸਰਕਾਰੀ ਸਨਮਾਨਾਂ ਨਾਲ ਮਾਡਲ ਹਾਊਸ ਦੇ ਸ਼ਮਸਾਨ ਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ, ਜਿਥੇ ਬਜ਼ੁਰਗ ਆਗੂ ਨੂੰ ਰਾਜਨੀਤਿਕ ਆਗੂਆਂ, ਸਮਾਜਿਕ ਪ੍ਰਤੀਨਿਧੀਆਂ ਅਤੇ ਵੱਡੀ ਗਿਣਤੀ ਵਿੱਚ ਨਾਗਰਿਕਾਂ ਵਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।

ਉਹਨਾਂ ਦੀ ਚਿਤਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਅਸ਼ਵਨੀ ਕੁਮਾਰ ਭਗਤ ਵਲੋਂ ਦਿੱਤੀ ਗਈ ਜਦਕਿ ਜਲੰਧਰ ਪੁਲਿਸ ਦੀ ਟੁਕੜੀ ਵਲੋਂ ਗਾਰਡ ਆਫ਼ ਆਨਰ ਪੇਸ਼ ਕਰਕੇ ਵਿਛੜੀ ਆਤਮਾ ਨੂੰ ਸ਼ਰਧਾਲੀ ਭੇਟ ਕੀਤੀ ਗਈ।

ਮੁੱਖ ਮੰਤਰੀ, ਪੰਜਾਬ ਸ.ਭਗਵੰਤ ਸਿੰਘ ਮਾਨ ਵਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਵਲੋਂ ਸਵਰਗਵਾਸੀ ਚੁਨੀ ਲਾਲ ਭਗਤ ਦੀ ਮ੍ਰਿਤਕ ਦੇਹ ‘’ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ। ਇਸ ਮੌਕੇ ਬਾਗਬਾਨੀ ਅਤੇ ਰੱਖਿਆ ਸੇਵਾਵਾਂ ਵਿਭਾਗ ਵਲੋਂ ਵੀ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।

ਸਵਰਗੀ ਚੁਨੀ ਲਾਲ ਭਗਤ ਦਾ ਜਨਮ 1 ਦਸੰਬਰ 1932 ਨੂੰ ਸਿਆਲਕੋਟ(ਹੁਣ ਪਾਕਿਸਤਾਨ) ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਮਹਿੰਗਾ ਰਾਮ ਅਤੇ ਮਾਤਾ ਰੁਕਮਣੀ ਦੇਵੀ ਸਨ। ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਉਨਾਂ ਦਾ ਪਰਿਵਾਰ ਜਲੰਧਰ ਵਿੱਚ ਵੱਸ ਗਿਆ। ਪਰਿਵਾਰ ਵਲੋਂ ਖੇਡਾਂ ਨਾਲ ਸਬੰਧਿਤ ਐਕਸਪੋਰਟ ਦਾ ਕਾਰੋਬਾਰ ਸ਼ੁਰੂ ਕੀਤਾ ਗਿਆ ਅਤੇ ਅੱਜ ਇਹ ਪਰਿਵਾਰ ਇਸ ਖੇਤਰ ਵਿੱਚ ਖੇਡਾਂ ਦਾ ਸਮਾਨ ਐਕਸਪੋਰਟ ਕਰਨ ਵਾਲੇ ਪ੍ਰਸਿੱਧ ਪਰਿਵਾਰਾਂ ਵਿਚੋਂ ਹਨ।

ਸਵਰਗੀ ਚੁਨੀ ਲਾਲ ਭਗਤ ਅਨੇਕਾਂ ਮਹੱਤਪੂਰਨ ਅਹੁਦਿਆਂ ’ਤੇ ਰਹੇ

ਆਪਣੇ ਰਾਜਨੀਤਿਕ ਸਫ਼ਰ ਦੌਰਾਨ ਸਵਰਗੀ ਚੁਨੀ ਲਾਲ ਭਗਤ ਅਨੇਕਾਂ ਮਹੱਤਪੂਰਨ ਅਹੁਦਿਆਂ ’ਤੇ ਰਹੇ। ਸਾਲ 2011 ਪੰਜਾਬ ਵਿਧਾਨ ਸਭਾ ਵਿੱਚ ਡਿਪਟੀ ਸਪੀਕਰ ਵਜੋਂ ਚੁਣੇ ਗਏ ਅਤੇ ਸਾਲ 2012 ਤੋਂ 2017 ਤੱਕ ਉਹਨਾਂ ਨੇ ਕੈਬਨਿਟ ਮੰਤਰੀ ਵਜੋਂ ਸੂਬੇ ਦੀ ਸੇਵਾ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ ਅਤੇ ਖੋਜ, ਕਿਰਤ ਅਤੇ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੇ ਕਾਰਜ ਭਾਰ ਨੂੰ ਸੰਭਾਲਿਆ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਨਿਸ਼ਚਿਤ ਪ੍ਰੋਟੋਕਾਲ ਦੇ ਅਨੁਸਾਰ ਰਾਜ ਸੋਗ ਵਜੋਂ ਰਾਜ ਦੇ ਸਾਰੇ ਸਰਕਾਰੀ ਅਦਾਰਿਆਂ ਵਿੱਚ ਬਾਅਦ ਦੁਪਹਿਰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ।

ਅੰਤਿਮ ਸਸਕਾਰ ਮੌਕੇ ਮੈਂਬਰ ਪਾਰਲੀਮੈਂਟ ਰਾਜ ਕੁਮਾਰ ਚੱਬੇਵਾਲ, ਮੇਅਰ ਵਨੀਤ ਧੀਰ, ਅਜੀਤ ਪ੍ਰਕਾਸ਼ਨ ਸਮੂਹ ਤੋਂ ਬਰਜਿੰਦਰ ਸਿੰਘ ਹਮਦਰਦ, ਮੁੱਖ ਸੰਪਾਦਕ ਉਤੱਮ ਹਿੰਦੂ ਇਰਵਿਨ ਖੰਨਾ, ਚੇਅਰਮੈਨ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਪਵਨ ਕੁਮਾਰ ਟੀਨੂੰ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਪਾਲ ਸਿੰਘ, ਚੇਅਰਮੈਨ ਮੁਸਲਿਮ ਭਲਾਈ ਬੋਰਡ ਅਬਦੁੱਲ ਬਾਹਰੀ ਸਲਮਾਨੀ, ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਮੰਗਲ ਬੱਸੀ, ਡਿਪਟੀ ਮੇਅਰ ਮਲਕੀਤ ਸਿੰਘ, ਟਰੇਡਰਜ਼ ਕਮਿਸ਼ਨ ਦੇ ਮੈਂਬਰ ਇੰਦਰਵੰਸ਼ ਚੱਡਾ, ਵਾਈਸ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਕੀਮਤੀ ਭਗਤ, ਹਲਕਾ ਇੰਚਾਰਜ ਨਿਤਿਨ ਕੋਹਲੀ ਅਤੇ ਰਾਜਵਿੰਦਰ ਕੌਰ ਥਿਆੜਾ ਤੋਂ ਇਲਾਵਾ ਸਮਾਜ ਦੇ ਹਰ ਵਰਗ ਤੋਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ। ਸਵਰਗੀ ਚੁਨੀ ਲਾਲ ਭਗਤ ਆਪਣੇ ਪਿਛੇ ਆਪਣਾ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦੇ ਚਾਰ ਸਪੁੱਤਰਾਂ ਅਤੇ ਚਾਰ ਧੀਆਂ ਵਿਚੋਂ ਇਕ ਸਪੁੱਤਰ ਅਤੇ ਇਕ ਧੀ ਸਵਰਗਵਾਸ ਹੋ ਚੁੱਕੇ ਹਨ।

By admin

Related Post