31 ਅਕਤੂਬਰ ਤੱਕ ਅਪਲਾਈ ਕਰਨ ਵਾਲੇ ਬਿਨੈਕਾਰਾਂ ਨੂੰ ਸਮੇਤ ਦਸਤਾਵੇਜ਼ ਸ਼ਾਮਿਲ ਹੋਣ ਦਾ ਸੱਦਾ
ਜਲੰਧਰ 11 ਦਸੰਬਰ (ਜਸਵਿੰਦਰ ਸਿੰਘ ਆਜ਼ਾਦ)- ਰੀਜ਼ਨਲ ਪਾਸਪੋਰਟ ਅਫ਼ਸਰ ਯਸ਼ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੀਜਨਲ ਪਾਸਪੋਰਟ ਦਫ਼ਤਰ ਐਸ.ਸੀ.ਓ. ਨੰਬਰ 42-51, ਪੌਕਿਟ-1,ਨੇੜੇ ਬੱਸ ਸਟੈਂਡ, ਜਲੰਧਰ ਵਿਖੇ 17 ਦਸੰਬਰ 2025 ਨੂੰ ਪਾਸਪੋਰਟ ਦਫ਼ਤਰ ਵਲੋਂ ਸਾਰੀਆਂ ਸ੍ਰੇਣੀਆਂ ਦੇ ਬਿਨੈਕਾਰਾਂ ਦੀਆਂ ਪਾਸਪੋਰਟ ਸਬੰਧੀ ਬਕਾਇਆ ਬਿਨੈਪੱਤਰਾਂ ਦੇ ਨਿਪਟਾਰੇ ਲਈ ‘ਪਾਸਪੋਰਟ ਅਦਾਲਤ’ ਲਗਾਈ ਜਾ ਰਹੀ ਹੈ।
ਰੀਜਨਲ ਪਾਸਪੋਰਟ ਅਫ਼ਸਰ ਨੇ ਦੱਸਿਆ ਕਿ 31 ਅਕਤੂਬਰ ਜਾਂ ਇਸ ਤੋਂ ਪਹਿਲਾਂ ਪਾਸਪੋਰਟ ਲਈ ਬਿਨੈਪੱਤਰ ਜਮ੍ਹਾ ਕਰਵਾਉਣ ਵਾਲੇ ਸਾਰੀਆਂ ਸ੍ਰੇਣੀਆਂ ਦੇ ਬਿਨੈਕਾਰਾਂ ਜਿੰਨਾਂ ਦੀਆਂ ਅਰਜ਼ੀਆਂ ਕਿਸੇ ਕਾਰਨ ਕਰਕੇ ਬਕਾਇਆ ਰਹਿ ਗਈਆਂ ਹਨ ਦੇ ਨਿਪਟਾਰੇ ਲਈ ਪਾਸਪੋਰਟ ਅਦਾਲਤ ਲਗਾਈ ਜਾ ਰਹੀ ਹੈ। ਉਨ੍ਹਾਂ 31 ਅਕਤੂਬਰ ਜਾਂ ਇਸ ਤੋਂ ਪਹਿਲਾਂ ਪਾਸਪੋਰਟ ਅਪਲਾਈ ਕਰਨ ਵਾਲੇ ਸਾਰੇ ਬਿਨੈਕਾਰਾਂ ਨੂੰ ਅਪੀਲ ਕੀਤੀ ਕਿ ਪਾਸਪੋਰਟ ਦਫ਼ਤਰ ਵਿਖੇ ਸਵੇਰੇ 9:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਲੋੜੀਂਦੇ ਦਸਤਾਵੇਜਾਂ ਸਮੇਤ ਪਹੁੰਚ ਕੇ ਬਕਾਇਆ ਬਿਨੈਪੱਤਰਾਂ ਦਾ ਨਿਪਟਾਰਾ ਕਰਵਾਉਣ।
ਉਨ੍ਹਾਂ ਸਪਸ਼ਟ ਕੀਤਾ ਕਿ ਪਾਸਪੋਰਟ ਸਬੰਧੀ ਸੇਵਾਵਾਂ ਲਈ ਵਿਦੇਸ਼ ਮੰਤਰਾਲੇ ਵਲੋਂ ਕਿਸੇ ਵੀ ਸੰਸਥਾ ਜਾਂ ਵਿਚੋਲੀਏ ਨੂੰ ਅਧਿਕਾਰਤ ਨਹੀਂ ਕੀਤਾ ਗਿਆ। ਉਨ੍ਹਾ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਾਸਪੋਰਟ ਵਿਦੇਸ਼ ਮੰਤਰਾਲੇ ਦੀ ਅਧਿਕਾਰਤ ਵੈਬਸਾਈਟ www.passportindia.gov.in ਰਾਹੀਂ ਅਪਲਾਈ ਕਰਨ ਅਤੇ ਕਿਸੇ ਵੀ ਵਿਚੋਲੇ ਤੇ ਏਜੰਟ ਦੇ ਝਾਂਸੇ ਤੇ ਸੰਪਰਕ ਵਿੱਚ ਨਾ ਆਉਣ। ਉਨ੍ਹਾਂ ਕਿਹਾ ਕਿ ਬਿਨੈਕਾਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਿਲ ਕਰਨ ਲਈ ਪਾਸਪੋਰਟ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।

