ਹੁਸ਼ਿਆਰਪੁਰ, 30 ਸਤੰਬਰ (ਤਰਸੇਮ ਦੀਵਾਨਾ) — ਅੰਤਰਰਾਸ਼ਟਰੀ ਸੁਣਨ ਸਬੰਧੀ ਅਸਮਰੱਥਤਾ ਵਾਲੇ ਵਿਅਕਤੀਆਂ ਦੇ ਹਫ਼ਤੇ ਦੇ ਸਬੰਧ ਵਿੱਚ ਲੋਕਾਂ ਨੂੰ ਕੰਨਾਂ ਦੀ ਸਿਹਤ ਅਤੇ ਸੁਣਨ ਸਬੰਧੀ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਵਿਸ਼ੇਸ਼ ਜਾਗਰੂਕਤਾ ਗਤੀਵਿਧੀ ਕਰਵਾਈ ਗਈ। ਇਹ ਗਤੀਵਿਧੀ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸ.ਐਮ.ਓ. ਇੰਚਾਰਜ ਡਾ. ਨਵਜੋਤ ਸਿੰਘ ਅਤੇ ਐਸ.ਐਮ.ਓ. ਡਾ. ਨੇਹਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਇਸ ਮੌਕੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਕੰਨਾਂ ਦੀ ਸਿਹਤ ਸੰਭਾਲ, ਸੁਣਨ ਸ਼ਕਤੀ ਵਿੱਚ ਕਮੀ ਦੇ ਕਾਰਨਾਂ, ਇਸ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਸਬੰਧੀ ਇੱਕ ਜਾਣਕਾਰੀ ਭਰਪੂਰ ਪੈਂਫਲੈਟ ਵੀ ਜਾਰੀ ਕੀਤਾ ਗਿਆ। ਸਿਹਤ ਮਾਹਿਰਾਂ ਨੇ ਕਿਹਾ ਕਿ ਸੁਣਨ ਸ਼ਕਤੀ ਵਿੱਚ ਕਮੀ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ, ਇਸ ਲਈ ਇਸ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਸਮੇਂ ਸਿਰ ਜਾਂਚ ਕਰਵਾਉਣੀ ਚਾਹੀਦੀ ਹੈ। ਈ.ਐਨ.ਟੀ. ਮਾਹਿਰ ਡਾ. ਬਲਰਾਜ ਕੌਰ, ਡਾ. ਰਾਜਵੰਤ ਕੌਰ ਅਤੇ ਡਾ. ਗਗਨਦੀਪ ਕੌਰ ਨੇ ਦੱਸਿਆ ਕਿ ਖਾਸ ਕਰਕੇ ਬੱਚਿਆਂ ਵਿੱਚ ਸੁਣਨ ਸਬੰਧੀ ਸਮੱਸਿਆ ਦੀ ਛੇਤੀ ਪਛਾਣ ਬਹੁਤ ਮਹੱਤਵਪੂਰਨ ਹੈ। ਸੁਣਨ ਵਿੱਚ ਕਮੀ ਕਾਰਨ ਬੱਚੇ ਦੇ ਬੋਲਣ, ਭਾਸ਼ਾ ਸਿੱਖਣ, ਪੜ੍ਹਾਈ ਅਤੇ ਸਮੁੱਚੇ ਵਿਕਾਸ ’ਤੇ ਅਸਰ ਪੈ ਸਕਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਬੱਚੇ ਵਿੱਚ ਸੁਣਨ ਜਾਂ ਬੋਲਣ ਸਬੰਧੀ ਕੋਈ ਅਸਧਾਰਨਤਾ ਨਜ਼ਰ ਆਵੇ ਤਾਂ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ।
ਇਸ ਦੌਰਾਨ ਲੋਕਾਂ ਨੂੰ ਕੰਨਾਂ ਦੀ ਸਫ਼ਾਈ ਲਈ ਨੁਕੀਲੀਆਂ ਵਸਤੂਆਂ ਦੀ ਵਰਤੋਂ ਨਾ ਕਰਨ ਅਤੇ ਬਿਨਾਂ ਡਾਕਟਰੀ ਸਲਾਹ ਤੋਂ ਕੰਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਹੋਰ ਪਦਾਰਥ ਨਾ ਪਾਉਣ ਦੀ ਸਲਾਹ ਦਿੱਤੀ ਗਈ। ਇਸ ਤੋਂ ਇਲਾਵਾ ਤੇਜ਼ ਆਵਾਜ਼ ਅਤੇ ਲੰਬੇ ਸਮੇਂ ਤੱਕ ਸ਼ੋਰ ਦੇ ਸੰਪਰਕ ਤੋਂ ਕੰਨਾਂ ਦੀ ਸੁਰੱਖਿਆ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਕੰਨਾਂ ਵਿੱਚ ਦਰਦ, ਪਾਣੀ ਜਾਂ ਪਸ ਆਉਣਾ, ਸੁਣਨ ਵਿੱਚ ਕਮੀ, ਕੰਨਾਂ ਵਿੱਚ ਆਵਾਜ਼ਾਂ ਆਉਣਾ ਜਾਂ ਬੱਚੇ ਦੇ ਬੋਲਣ ਵਿੱਚ ਦੇਰੀ ਵਰਗੇ ਲੱਛਣ ਸਾਹਮਣੇ ਆਉਣ ’ਤੇ ਖੁਦ ਇਲਾਜ ਕਰਨ ਦੀ ਬਜਾਏ ਯੋਗ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਸਮੇਂ ਸਿਰ ਜਾਂਚ ਅਤੇ ਢੁਕਵੇਂ ਇਲਾਜ ਨਾਲ ਕਈ ਸੁਣਨ ਸਬੰਧੀ ਸਮੱਸਿਆਵਾਂ ਨੂੰ ਕਾਬੂ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਇਨਫੈਕਸ਼ਨ ਕੰਟਰੋਲ ਨਰਸ ਹਰਪ੍ਰੀਤ ਕੌਰ ਸਮੇਤ ਸਿਹਤ ਵਿਭਾਗ ਦਾ ਸਟਾਫ਼ ਹਾਜ਼ਰ ਸੀ। ਸਟਾਫ਼ ਵੱਲੋਂ ਲੋਕਾਂ ਨੂੰ ਕੰਨਾਂ ਦੀ ਸਿਹਤ ਪ੍ਰਤੀ ਸੁਚੇਤ ਰਹਿਣ ਅਤੇ ਸੁਣਨ ਸਬੰਧੀ ਕਿਸੇ ਵੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ।

