ਬਾਣੀ ਵਿਚਾਰ ਚੇਤਨਾ ਮੰਚ ਵਲੋਂ ਗੁਰੂ ਰਵਿਦਾਸ ’ਤੇ ਕਰਾਇਆ ਨੌਵਾਂ ਸੈਮੀਨਾਰ

ਬਾਣੀ ਵਿਚਾਰ ਚੇਤਨਾ ਮੰਚ

ਗੁਰੂ ਗ੍ਰੰਥ ਸਾਹਿਬ ਜਿਹੇ ਮਹਾਨ ਗ੍ਰੰਥ ਹੋਣ ਦੇ ਬਾਵਜੂਦ ਸਿੱਖ ਸਮਾਜ ਜਾਤਾਂ-ਪਾਤਾਂ ’ਚ ਉਲਝਿਆ : ਡਾ. ਸੁਰਜੀਤ ਭੱਟੀ

ਗੁਰੂ ਰਵਿਦਾਸ ਨੇ ਕਿਰਤ ਕਰਦੇ ਹੱਥਾਂ ਨੂੰ ਮਹਾਨ ਬਣਾਇਆ : ਡਾ. ਸੁਖਦੇਵ ਸਿੰਘ

ਪਟਿਆਲਾ, 27 ਸਤੰਬਰ (ਜਸਵਿੰਦਰ ਸਿੰਘ ਆਜ਼ਾਦ)- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਰਜਿ. ਵਲੋਂ ਚਲਾਈ ਜਾ ਰਹੀ ਸੈਮੀਨਾਰਾਂ ਦੀ ਲੜੀ ਤਹਿਤ ਨੌਵਾਂ ਸੈਮੀਨਾਰ ਪਟਿਆਲਾ ਦੇ ਰਣਜੀਤ ਨਗਰ ਵਿਚ ਸ੍ਰੀ ਗੁਰੂ ਰਵਿਦਾਸ ਭਵਨ ਵਿਚ ਕਰਾ‌ਇਆ ਗਿਆ।

ਸ੍ਰੀ ਗੁਰੂ ਰਵਿਦਾਸ ਮਿਸ਼ਨਰੀ ਸੁਸਾਇਟੀ ਰਜਿ. ਦੇ ਸਹਿਯੋਗ ਨਾਲ ਕਰਾਏ ਗਏ ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਦੇ ਉਘੇ ਵਿਦਵਾਨ ਡਾ. ਸੁਰਜੀਤ ਸਿੰਘ ਭੱਟੀ ਨੇ ਕੁੰਜੀਵਤ ਭਾਸ਼ਣ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਸਾਡੇ ਮਹਾਨ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਅਨੇਕਾਂ ਭਗਤਾਂ, ਭੱਟਾਂ ਤੇ ਗੁਰੂ ਸਾਹਿਬਾਨਾਂ ਦੀ ਮਨੁਖਤਾ ਦੀ ਅਗਵਾਈ ਕਰਦੀ ਬਾਣੀ ਰੋਜ਼ਾਨਾ ਪੜ੍ਹੀ ਜਾਂਦੀ ਹੈ ਪਰ ਫਿਰ ਵੀ ਮਨੂੰਵਾਦੀ ਪ੍ਰਪੰਰਾਵਾਂ ਅਨੁਸਾਰ ਅਜੋਕਾ ਸਿੱਖ ਸਮਾਜ ਜਾਤਾਂ ਪਾਤਾਂ ਦੇ ਚਕਰਵਿਊ ਵਿਚ ਉਲਝਿਆ ਹੋਇਆ ਹੈ। ਅਸੀਂ ਸਮਾਜ ‌ਵਿਚ ਛੋਟੀਆਂ ਅਖੌਤੀ ਜਾਂਤਾਂ ਦੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਹਿਬਰਾਂ ਦੇ ਵਿਸ਼ੇਸ਼ ਦਿਨ ਵੀ ਮਨਾਉਣ ਤੋਂ ਗੁਰੇਜ਼ ਕਰਦੇ ਹਾਂ।

ਮੁੱਖ ਪੇਪਰ ਜਗਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਸੁਖਦੇਵ ਸਿੰਘ ਪੜ੍ਹਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਕਿਰਤ ਕਰਦੇ ਹੱਥਾਂ ਨੂੰ ਮਹਾਨ ਬਣਾਇਆ ਪਰ ਦੁਖ ਹੈ ਕਿ ਅੱਜ ਵੀ ਬੁਰਜੂਆ ਸਮਾਜ ਵਲੋਂ ਕਿਰਤ ਕਰਕੇ ਅਨੇਕਾਂ ਵੱਡੀਆਂ ਇਮਾਰਤਾਂ, ਮੰਦਰ ਮਹਿਲ ਉਸਾਰਨ ਵਾਲੇ ਹੱਥਾਂ ਨੂੰ ਘਿਰਣਤ ਬਣਾਇਆ ਜਾਂਦਾ ਰਿਹਾ ਹੈ। ਜੁਤੀਆਂ ਜੋੜੇ ਬਣਾਉਣ ਵਾਲੇ ਹੱਥ ਮਹਾਨ ਹਨ ਪਰ ਉਹ ਅਛੂਤ ਬਣਾ ਦਿੱਤੇ ਗਏ। ਪ੍ਰਬੁੱਧ ਵਿਦਵਾਨ ਡਾ. ਗੁਰਮੀਤ ਕੱਲਰਮਾਜਰੀ ਨੇ ਕਿਹਾ ਕਿ ਹੁਣ ਪੜ੍ਹੇ ਲਿਖੇ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ ਕਿ ਹੁਣ ਸਮਾਜ ਵਿਚ ਮਨੁੱਖ ਵੱਲੋਂ ਜਨਮ ਜਾਤ ਮਨੁੱਖ ਨਾਲ ਕੀਤੀ ਜਾਂਦੀ ਨਫਰਤ ਨੂੰ ਖਤਮ ਕੀਤਾ ਜਾਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀਕਾਰ ਸਭ ਦੇ ਸਾਂਝੇ ਹਨ

ਇਸ ਵੇਲੇ ਮੰਚ ਵਲੋਂ ਸ਼ਹੀਦ ਬਾਬਾ ਜੈ ਸਿੰਘ ਖਲਕਟ ਦੇ ਨਾਮ ਤੇ ‘ਜਿਨ੍ਹਾਂ ਪੁੱਠੀਆਂ ਖੱਲਾਂ ਲੁਹਾਈਆਂ’ ਮੁੜ ਅਰਦਾਸ ਵਿਚ ਸ਼ਾਮਲ ਕਰਨ ਲਈ ਪਾਏ ਮਤੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਉਹ ਇਹ ਮੁੱਦਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲੈਕੇ ਜਾਣਗੇ। ਮੰਚ ਦੇ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਅਸੀਂ ਗੈਰ ਰਵਿਦਾਸੀ ਵਿਦਵਾਨਾਂ ਨੂੰ ਸੈਮੀਨਾਰਾਂ ਵਿਚ ਬੁਲਾਰਿਆਂ ਵਜੋਂ ਬੁਲਾ ਕੇ ਇਹ ਸਾਬਤ ਕਰਨਾ ਚਾਹੁੰਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀਕਾਰ ਸਭ ਦੇ ਸਾਂਝੇ ਹਨ, ਉਨ੍ਹਾਂ ਦਾ ਸਤਿਕਾਰ ਪੂਰੇ ਸਮਾਜ ਵਿਚ ਹੋਣਾ ਜਰੂਰੀ ਹੈ।

ਇਸ ਵੇਲੇ ਪ੍ਰਧਾਨਗੀ ਕਰ ਰਹੇ ਸਾਬਕਾ ਜ਼ਿਲ੍ਹਾ ਸਿਖਿਆ ਅਫਸਰ ਅਮਰਜੀਤ ਸਿੰਘ ਨੇ ਕਿਹਾ ਕਿ ਸੈਮੀਨਾਰਾਂ ਵਿਚ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਾਉਣ ਦੀ ਵਿਧਾ ਭਾਰੂ ਰੱਖਣੀ ਜਰੂਰੀ ਹੈ। ਇਸ ਸਮੇਂ ਪੰਜਾਬੀ ਯੂਨੀਵਰਸਿਟੀ ਤੋਂ ਡਾ. ਕਸ਼ਮੀਰ ਸਿੰਘ, ਡਾ. ਸੰਤੋਖ ਸਿੰਘ, ਡਾ. ਅੰਬੇਡਕਰ ਭਵਨ ਮਾਜਰੀ ਅਕਾਲੀ ਫਕੀਰ ਚੰਦ ਜੱਸਲ, ਪ੍ਰਧਾਨ ਨੰਦ ਲਾਲ, ਨਰੇਸ਼ ਗਾਟ, ਸੁਖਵਿੰਦਰ ਸਿੰਘ ਕਾਨੂੰਗੋ, ਗੋਬਿੰਦਰ ਸਿੰਘ, ਗੁਰਮੁੱਖ ਸਿੰਘ, ਆਈਟੀਓ ਜਰਨੈਲ ਸਿੰਘ, ਕੁਲਵੰਤ ਸਿੰਘ ਨਾਰੀਕੇ, ਗੱਜਣ ਸਿੰਘ, ਰਾਜਿੰਦਰ ਸਿੰਘ ਚਪੜ ਰਾਜਪੁਰਾ, ਸੁਰਜੀਤ ਸਿੰਘ ਪ੍ਰਧਾਨ ਬਾਰਨ ਆਦਿ ਨੇ ਵੀ ਹਾਜ਼ਰੀ ਭਰੀ।

By admin

Related Post