ਸ਼ਹਿਰ ਦੀਆਂ ਤੰਗ ਗਲੀਆ ’ਚ ਸੀਵਰੇਜ ਬੰਦ ਹੋਣ ਦੀ ਸਮੱਸਿਆ ਤੋਂ ਮਿਲੇਗੀ ਵੱਡੀ ਰਾਹਤ
ਜਲੰਧਰ 11 ਦਸੰਬਰ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ ਅਤੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਵਲੋਂ ਅੱਜ ਸ਼ਹਿਰ ਦੀਆਂ ਤੰਗ ਗਲੀਆਂ ਵਿੱਚ ਸੀਵਰੇਜ ਬੰਦ ਹੋਣ ਦੀ ਸਮੱਸਿਆ ਤੋਂ ਤੁਰੰਤ ਨਿਜਾਤ ਦਿਵਾਉਣ ਲਈ 1.26 ਕਰੋੜ ਰੁਪਏ ਦੀ ਲਾਗਤ ਨਾਲ ਖ਼ਰੀਦੀਆਂ ਗਈਆਂ ਚਾਰ ਨਵੀਆਂ ਜੈੱਡ ਸਕਸ਼ਨ ਮਸ਼ੀਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਲੋਕਾਂ ਦੇ ਨਾਲ ਰੂਬਰੂ ਹੁੰਦਿਆਂ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਜਲੰਧਰ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਤੰਗ ਗਲੀਆਂ ਵਿੱਚ ਜਿਥੇ ਕਿਤੇ ਵੀ ਸੀਵਰੇਜ ਬੰਦ ਦੀ ਸਮੱਸਿਆ ਆਉਂਦੀ ਹੈ ਨੂੰ ਤੁਰੰਤ ਤੇ ਅਸਰਦਾਰ ਢੰਗ ਨਾਲ ਖੋਲ੍ਹਣ ਅਤੇ ਰਾਹਤ ਪਹੁੰਚਾਉਣ ਲਈ ਚਾਰ ਛੋਟੀਆਂ ਨਵੀਆਂ ਜੈੱਡ ਮਸ਼ੀਨਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਤੰਗ ਗਲੀਆਂ ਵਿੱਚ ਵੱਡੀਆਂ ਸੁਪਰ ਸਕਸ਼ਨ ਮਸ਼ੀਨਾਂ ਨੂੰ ਸੀਵਰੇਜ ਖੋਲਣ ਲਈ ਜਾਣ ਵਿੱਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਇਨ੍ਹਾਂ ਛੋਟੀਆਂ ਮਸ਼ੀਨਾਂ ਦੀ ਮਦਦ ਨਾਲ ਸ਼ਹਿਰ ਦੀਆਂ ਸੀਵਰੇਜ ਜਾਮ ਹੋਣ ਦੀ ਸਮੱਸਿਆ ਦਾ ਤੁਰੰਤ ਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਾਰਾ ਕੀਤਾ ਜਾ ਸਕੇਗਾ।
ਸੂਬਾ ਸਰਕਾਰ ਵਲੋਂ ਲੋਕਾਂ ਨੂੰ ਹਰ ਸੰਭਵ ਰਾਹਤ ਪਹੁੰਚਾਉਣ ਲਈ ਦਿਨ-ਰਾਤ ਸੰਜੀਦਾ ਯਤਨ ਕੀਤੇ ਜਾ ਰਹੇ ਹਨ
ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਹਰ ਸੰਭਵ ਰਾਹਤ ਪਹੁੰਚਾਉਣ ਲਈ ਦਿਨ-ਰਾਤ ਸੰਜੀਦਾ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵਲੋਂ ਜਲੰਧਰ ਸ਼ਹਿਰ ਦੇ ਸਰਵਪੱਖੀ ਵਿਕਾਸ ਅਤੇ ਇਸ ਨੂੰ ਹੋਰ ਖੂਬਸੂਰਤ ਬਣਾਉਣ ਲਈ ਅਨੇਕਾਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਵੱਖ-ਵੱਖ ਚੌਕਾਂ ਦਾ ਸੁੰਦਰੀਕਰਨ ਕਰਕੇ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ, ਜਿਸ ਨਾਲ ਸ਼ਹਿਰ ਨੂੰ ਬਹੁਤ ਹੀ ਖੂਬਸੂਰਤ ਦਿੱਖ ਮਿਲ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਸਾਡਾ ਸਭ ਦਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿੱਚ ਵੱਡਮੁੱਲਾ ਯੋਗਦਾਨ ਪਾਈਏ।
ਇਸ ਮੌਕੇ ਬੋਲਦਿਆਂ ਮੇਅਰ ਵਨੀਤ ਧੀਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਨਗਰ ਨਿਗਮ ਵਲੋਂ ਅਣਥੱਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚਾਰ ਛੋਟੀਆਂ ਜੈੱਡ ਸਕਸ਼ਨ ਮਸ਼ੀਨਾਂ ਤੋਂ ਇਲਾਵਾ ਕਿਤੇ ਵੀ ਸੀਵਰੇਜ ਬੰਦ ਹੋਣ ਦੀ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਵੱਡੀਆਂ ਸੁਪਰ ਸਕਸ਼ਨ ਮਸ਼ੀਨਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਾਫ਼-ਸਫ਼ਾਈ ਨੂੰ ਮੁੱਖ ਤਰਜੀਹ ਦਿੱਤੀ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਸ਼ਨਰ ਸੰਦੀਪ ਰਿਸ਼ੀ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਪਾਲ ਸਿੰਘ, ਚੇਅਰਮੈਨ ਪੰਜਾਬ ਮੁਸਲਿਮ ਵੈਲਫੇਅਰ ਡਿਵੈਲਪਮੈਂਟ ਬੋਰਡ ਅਬਦੁੱਲ ਬਾਰੀ ਸਲਮਾਨੀ, ਡਿਪਟੀ ਮੇਅਰ ਮਲਕੀਤ ਸਿੰਘ, ਸੀਨੀਅਰ ਆਪ ਆਗੂ ਦਿਨੇਸ਼ ਢੱਲ ਅਤੇ ਹੋਰ ਸਖ਼ਸ਼ੀਅਤਾਂ ਹਾਜ਼ਰ ਸਨ।

