ਹੁਸ਼ਿਆਰਪੁਰ, 29 ਸਤੰਬਰ (ਤਰਸੇਮ ਦੀਵਾਨਾ) – ਵਿਸ਼ਵ ਦਿਲ ਦਿਵਸ ਦੇ ਮੌਕੇ ‘ਤੇ ਲਿਵਾਸਾ ਹਸਪਤਾਲ, ਹੁਸ਼ਿਆਰਪੁਰ ਵੱਲੋ ਇਕ ਵਿਸ਼ਾਲ ਵਾਕਥਾਨ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ਼ਹਿਰ ਭਰ ਤੋਂ 300 ਤੋਂ ਵੱਧ ਹਿੱਸੇਦਾਰਾਂ ਨੇ ਭਾਗ ਲਿਆ। ਹਿੱਸੇਦਾਰਾਂ ਵਿੱਚ ਹਸਪਤਾਲ ਦਾ ਸਟਾਫ, ਸੀਨੀਅਰ ਡਾਕਟਰ ਵੱਖ-ਵੱਖ ਸਕੂਲਾ ਦੇ ਵਿਦਿਆਰਥੀ ਅਤੇ ਆਮ ਲੋਕ ਸ਼ਾਮਲ ਸਨ। ਇਹ ਵਾਕਥਾਨ ਲੱਗਭਗ 3 ਕਿਲੋਮੀਟਰ ਲੰਬਾ ਸੀ ਜਿਸਦਾ ਮਕਸਦ ਲੋਕਾਂ ਵਿੱਚ ਦਿਲ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ।
ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਆਈਏਐਸ ਸ੍ਰੀਮਤੀ ਓਇਸ਼ੀ ਮੰਡਲ ਦੇ ਸ਼ਿਰਕਤ ਕੀਤੀ ਅਤੇ ਸਭ ਹਿੱਸੇਦਾਰਾਂ ਦਾ ਹੌਸਲਾ ਵਧਾਇਆ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਕਿ ਅੱਜ ਦੇ ਵਿਅਸਤ ਜੀਵਨ ਵਿੱਚ ਲੋਕ ਅਕਸਰ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰਦੇ ਹਨ। ਨਿਯਮਿਤ ਕਸਰਤ, ਸੰਤੁਲਿਤ ਖੁਰਾਕ ਅਤੇ ਤਣਾਅ-ਰਹਿਤ ਜੀਵਨ ਸ਼ੈਲੀ ਦਿਲ ਦੀਆਂ ਬਿਮਾਰੀਆਂ ਤੋਂ ਬਚਾਵ ਲਈ ਜ਼ਰੂਰੀ ਹੈ। ਉਨ੍ਹਾਂ ਨੇ ਲਿਵਾਸਾ ਹਸਪਤਾਲ ਵੱਲੋਂ ਕੀਤੇ ਜਾ ਰਹੇ ਇਸ ਯਤਨ ਦੀ ਸਰਾਹਨਾ ਕੀਤੀ।

